Sunday, August 30, 2015

ਹਿੰਦੀ/ ਮੁਖੌਟੇ



                                
 ਸੁਰੇਸ਼ ਸ਼ਰਮਾ
ਜ਼ਮੀਨ-ਜਾਇਦਾਦ ਤੇ ਹੋਰ ਪਰਿਵਾਰਕ ਝਗੜਿਆਂ ਕਾਰਨ ਦੋਹਾਂ ਭਰਾਵਾਂ ਵਿਚ ਬੋਲਚਾਲ ਬੰਦ ਸੀ। ਇੱਥੋਂ ਤਕ ਕਿ ਦੋਹਾਂ ਨੇ ਇਕ ਦੂਜੇ ਦੀ ਸ਼ਕਲ ਤਕ ਨਾ ਵੇਖਣ ਦੀ ਸਹੁੰ ਖਾਈ ਹੋਈ ਸੀ। ਰਿਸ਼ਤੇਦਾਰਾਂ, ਮਿੱਤਰਾਂ ਤੇ ਜਾਣਕਾਰਾਂ ਦੀਆਂ  ਉਹਨਾਂ ਵਿਚ ਮੇਲਜੋਲ ਕਰਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਵੱਡਾ ਭਰਾ ਗੰਭੀਰ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਰਿਹਾ। ਤਦ ਲੋਕਾਂ ਦੇ ਸਮਝਾਉਣ ਦੇ ਬਾਵਜੂਦ ਵੀ ਛੋਟਾ ਪੰਜ-ਦਸ ਰੁਪਏ ਦਾ ਫਰੂਟ ਲੈ ਕੇ ਭਰਾ ਨੂੰ ਮਿਲਣ ਨਹੀਂ ਗਿਆ। ਅੰਤ ਛੋਟੇ ਨੂੰ ਮਿਲਣ ਦੀ ਇੱਛਾ ਮਨ ਵਿਚ ਲਈ ਵੱਡਾ ਭਰਾ ਇਕ ਦਿਨ ਚੱਲ ਵਸਿਆ।
ਘਰ ਅੰਦਰ ਚੀਕ-ਚਿਹਾੜਾ ਮੱਚਿਆ ਹੋਇਆ ਸੀ। ਬਾਹਰ ਅੰਤਮ-ਯਾਤਰਾ ਦੀ ਤਿਆਰੀ ਚੱਲ ਰਹੀ ਸੀ। ਲੋਕ ਦੁਖੀ ਮਨ ਨਾਲ ਖੜੇ ਸਨ। ਤਦ ਹੀ ਛੋਟਾ ਭਰਾ ਰੋਂਦਾ ਹੋਇਆ ਤੇਜ਼ੀ ਨਾਲ ਆਇਆ ਤੇ ਲਗਭਗ ਲਾਸ਼ ਉੱਤੇ ਡਿੱਗਦਾ ਹੋਇਆ ਦਹਾੜਾਂ ਮਾਰ ਕੇ ਰੋਣ ਲੱਗਾ, ਵੀਰ ਜੀ! ਇਉਂ ਚੁਪਚਾਪ ਕਿਓਂ ਲੇਟੇ ਹੋਏ ਓ? ਆਪਣੇ ਛੋਟੂ ਨਾਲ ਨਹੀਂ ਬੋਲੋਗੇ ਕੀ? ਇਹ ਜ਼ਮੀਨ-ਜਾਇਦਾਦ, ਧਨ-ਦੌਲਤ ਸਭ ਤੁਸੀਂ ਲੈ ਲਓ ਵੀਰ ਜੀ। ਬੋਲਦੇ ਕਿਓਂ ਨਹੀਂ ਹੋ? ਬੋਲੋ ਨਾ ਵੀਰ ਜੀ। ਕੀ ਇਸੇ ਲਈ ਆਪਣੇ ਛੋਟੇ ਨੂੰ ਪਾਲ ਪੋਸ ਕੇ, ਪੜ੍ਹਾ-ਲਿਖਾ ਕੇ ਵੱਡਾ ਕੀਤਾ ਸੀ ਕਿ ਇਸ ਤਰ੍ਹਾਂ ਰੁੱਸ ਕੇ ਚਲੇ ਜਾਓ।…
ਜ਼ੋਰ ਜ਼ੋਰ ਨਾਲ ਆਉਂਦੀ ਛੋਟੇ ਭਰਾ ਦੀ ਆਵਾਜ਼ ਸੁਣ ਕੇ ਬਾਹਰ ਖੜੇ ਲੋਕਾਂ ਦੇ ਦੁਖੀ ਚਿਹਰਿਆਂ ਉੱਤੇ ਵੀ ਮੁਸਕਾਨ ਤੈਰ ਗਈ।
                                                 -0-

Monday, August 24, 2015

ਹਿੰਦੀ/ ਖੂਬਸੂਰਤ



ਰਾਮੇਸ਼ਵਰ ਕੰਬੋਜ ਹਿਮਾਂਸ਼ੂ
ਵਿਜੇ ਨੂੰ ਮਿਲੇ ਪੰਜ ਸਾਲ ਹੋ ਗਏ ਸਨ। ਉਹਦੇ ਵਿਆਹ ਵਿੱਚ ਵੀ ਨਹੀਂ ਜਾ ਸਕਿਆ ਸੀ। ਸੋਚਿਆ ਅਚਾਨਕ ਜਾ ਕੇ ਚੌਂਕਾ ਦਿਆਂਗਾ। ਇਸ ਸ਼ਹਿਰ ਵਿੱਚ ਆਇਆ ਹਾਂ ਤਾਂ ਮਿਲ ਹੀ ਜਾਵਾਂ।
ਦਰਵਾਜਾ ਇਕ ਸਾਂਵਲੀ ਤੇ ਥੁਲਥੁਲ ਔਰਤ ਨੇ ਖੋਲ੍ਹਿਆ। ਮੈਂ ਸੋਚਿਆ ਹੋਵੇਗੀ ਕੋਈ। ਮੈਂ ਆਪਣਾ ਪਰੀਚੈ ਦਿੱਤਾ।
ਬੈਠੋ, ਨੇੜੇ ਹੀ ਗਏ ਹਨ, ਬੱਸ ਆਉਂਦੇ ਹੀ ਹੋਣਗੇ।ਥੁਲਥੁਲ ਔਰਤ ਮਿੱਠੀ ਆਵਾਜ਼ ਵਿੱਚ ਬੋਲੀ।
ਮੇਰੀਆਂ ਅੱਖਾਂ ਸ਼੍ਰੀਮਤੀ ਵਿਜੇ ਦੀ ਤਲਾਸ਼ ਕਰ ਰਹੀਆਂ ਸਨ। ਘਰ ਵਿੱਚ ਹੋਰ ਕੋਈ ਨਜ਼ਰ ਨਹੀਂ ਆਇਆ।
ਕੀ ਲਓਂਗੇ ਤੁਸੀਂ? ਚਾਹ ਜਾਂ ਠੰਡਾ?ਥੁਲਥੁਲ ਔਰਤ ਨੇ ਬੜੀ ਨਿਮਰਤਾ ਨਾਲ ਪੁੱਛਿਆ।
ਚਾਹ ਹੀ ਠੀਕ ਰਹੇਗੀ।ਮੈਂ ਘੜੀ ਵੱਲ ਦੇਖਿਆ।
ਜਦੋਂ ਤੱਕ ਉਹ ਆਉਂਦੇ ਹਨ, ਤੁਸੀਂ ਹੱਥ-ਮੂੰਹ ਧੋ ਲਓ।ਉਸਨੇ ਤੌਲੀਆ ਫੜਾਉਂਦੇ ਹੋਏ ਬਾਥਰੂਮ ਵੱਲ ਇਸ਼ਾਰਾ ਕੀਤਾ।
‘ਹੋ ਸਕਦਾ ਹੈ ਵਿਜੇ ਦੀ ਪਤਨੀ ਹੀ ਹੋਵੇ। ਪਰ ਵਿਜੇ ਜਿਸਦੇ ਪਿੱਛੇ ਕਾਲਜ ਦੀਆਂ ਕੁੜੀਆਂ ਲੱਗੀਆਂ ਰਹਿੰਦੀਆਂ ਸਨ, ਅਜਿਹੀ ਔਰਤ ਨਾਲ ਕਿਉਂ ਵਿਆਹ ਕਰਨ ਲੱਗਾ’ ਮੈਂ ਮੂੰਹ-ਹੱਥ ਧੋਂਦਾ ਹੋਇਆ ਸੋਚ ਰਿਹਾ ਸੀ ‘ਜੇਕਰ ਇਹੀ ਉਸਦੀ ਪਤਨੀ ਹੈ ਤਾਂ ਸ਼ਰਮ ਦੇ ਮਾਰੇ ਮੇਰੇ ਨਾਲ ਨਜ਼ਰ ਵੀ ਨਹੀਂ ਮਿਲਾ ਸਕੇਗਾ। ਕਿੱਥੇ ਉਹ ਤੇ ਕਿੱਥੇ ਇਹ।’
ਵੀਰ ਜੀ ਆ ਜਾਓ, ਚਾਹ ਤਿਆਰ ਹੈ।ਉਹਦੀ ਮਿੱਠੀ ਆਵਾਜ਼ ਕੰਨਾਂ ਵਿੱਚ ਜਲਤਰੰਗ ਵਾਂਗ ਸੁਣਾਈ ਦਿੱਤੀ।
ਡਰਾਇੰਗ ਰੂਮ ਵਿੱਚ ਆ ਕੇ ਬੈਠਾ ਹੀ ਸੀ ਕਿ ਵਿਜੇ ਵੀ ਆ ਗਿਆ।
ਤੇਰੀ ਪਤਨੀ?ਮੈਂ ਥੋੜਾ ਝਿਜਕਦੇ ਹੋਏ ਪੁੱਛਿਆ।
ਵਾਹ! ਏਨੀ ਦੇਰ ਨਾਲ ਆਇਐਂ ਤੇ ਮੇਰੀ ਪਤਨੀ ਨੂੰ ਵੀ ਨਹੀਂ ਮਿਲਿਆ। ਤੂੰ ਹਮੇਸ਼ਾ ਬੁੱਧੂ ਹੀ ਰਹੇਂਗਾ।
ਉਸਨੇ ਥੁਲਥੁਲ ਔਰਤ ਵੱਲ ਇਸ਼ਾਰਾ ਕੀਤਾ ਤੇ ਬੜੇ ਮਾਨ ਨਾਲ ਕਿਹਾ, ਇਹੀ ਹੈ ਮੇਰੀ ਪਤਨੀ ਸਵਿਤਾ।
ਲਓ ਵੀਰ ਜੀ!ਸਵਿਤਾ ਨੇ ਬਰਫੀ ਦੀ ਪਲੇਟ ਮੇਰੇ ਵੱਲ ਕਰਦੇ ਹੋਏ ਕਿਹਾ। ਉਹਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
ਹੁਣ ਮੈਂ ਉਸਨੂੰ ਧਿਆਨ ਨਾਲ ਦੇਖਿਆ, ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
                                       -0-

Tuesday, August 18, 2015

ਹਿੰਦੀ/ ਪਰੀਵਰਤਨ



ਰਾਜੇਂਦਰ ਦੇਵਧਰੇ ਦਰਪਣ

“ਡੈਡੀ, ਤੁਸੀਂ ਸਾਡੇ ਲਈ ਕੀ ਕੀਤਾ?” ਪੜ੍ਹੇ-ਲਿਖੇ ਬੇਰੁਜ਼ਗਾਰ ਜਵਾਨ ਪੁੱਤਰ ਨੇ ਆਪਣੇ ਸੇਵਾ-ਮੁਕਤ ਪਿਤਾ ਨੂੰ ਸਵਾਲ ਕੀਤਾ, “ਅਫਸਰ ਰਹਿੰਦੇ ਹੋਏ ਵੀ ਤੁਸੀਂ ਕੁਝ ਨਹੀਂ ਕਰ ਸਕੇ, ਜਦੋਂ ਕਿ ਤੁਹਾਡੇ ਜੂਨੀਅਰ ਰਹੇ ਮੁਕੇਸ਼ ਅੰਕਲ ਨੇ ਕਿੰਨਾ ਕੁਝ ਬਣਾ ਲਿਆ। ਅੱਜ ਉਨ੍ਹਾਂ ਕੋਲ ਆਲੀਸ਼ਾਨ ਕੋਠੀ ਐ, ਮਹਿੰਗੀ ਕਾਰ ਐ…ਉਨਾਂ ਦੇ ਹਰ ਬੱਚੇ ਕੋਲ ਨਵੇਂ ਤੋਂ ਨਵੇਂ ਬਾਈਕ, ਮਹਿੰਗੇ ਮੋਬਾਈਲ, ਲੈਪਟਾਪ, ਬਰਾਂਡਿਡ ਕਪੜੇ, ਸਭ ਕੁਝ ਐ।… ਤੇ ਸਾਡੇ ਕੋਲ ਕੀ ਐ… ਜਿਵੇਂ-ਕਿਵੇਂ ਬਣਾਇਆ ਇਹ ਛੋਟਾ ਜਿਹਾ ਮਕਾਨ…ਸਾਡੇ ਕੋਲ ਇਕ ਪੁਰਾਣੀ ਬਾਈਕ ਤੱਕ ਨਹੀਂ… ਤੁਸੀਂ ਸਾਡਾ ਭਵਿੱਖ ਖਰਾਬ ਕਰ ਕੇ ਰੱਖ ਦਿੱਤਾ…
ਬੇਟਾ ਬੋਲੀ ਜਾ ਰਿਹਾ ਸੀ ਤੇ ਪਿਤਾ ਅਪਰਾਧੀ ਵਾਂਗ ਖੜ੍ਹਾ ਸੋਚ ਰਿਹਾ ਸੀ ਕਿ ਈਮਾਨਦਾਰੀ ਕਦੋਂ ‘ਗੁਣ’ ਤੋਂ ‘ਅਵਗੁਣ’ ਵਿਚ ਪਰੀਵਰਤਿਤ ਹੋ ਗਈ, ਪਤਾ ਹੀ ਨਹੀਂ ਲੱਗਾ।
                                       -0-

Monday, August 10, 2015

ਤੇਲੁਗੁ/ ਅਸਹਿ ਸ਼ੋਰ



ਭਾਮਿਡਿ ਪਾਟਿ ਰਾਮਗੋਪਾਲਮ

ਇਕ ਮਕਾਨ ਮਾਲਿਕ ਨਾਲ ਸੁੱਬਾਰਾਓ ਦੀ ਮੁਲਾਕਾਤ ਹੋਈ। ਉਹ ਕਿਰਾਏ ਉੱਪਰ ਮਕਾਨ ਲੈਣ ਲਈ ਉਹਦੇ ਘਰ ਗਿਆ। ਮਕਾਨ ਉਸਨੂੰ ਪਸੰਦ ਆਇਆ ਤੇ ਮਕਾਨ ਮਾਲਕ ਨੇ ਦੇਣਾ ਵੀ ਪਰਵਾਨ ਕਰ ਲਿਆ। ਪਰ ਬੋਲਿਆ, ਇੱਕ ਗੱਲ ਪੁੱਛਣੀ ਹੈ। ਤੁਹਾਡੇ ਕੋਲ ਕੁੱਤਾ ਤਾਂ ਨਹੀਂ ਹੈ ਨਾ?
ਨਹੀਂ…ਨਹੀਂ ਹੈ।
ਰੇਡੀਓ ਜਾਂ ਟੀ.ਵੀ. ਹੈ?
ਜੀ ਨਹੀਂ।
ਗ੍ਰਾਮੋਫੋਨ ਜਾਂ ਸਟੀਰੀਓ ਸੈੱਟ?
ਉਹ ਵੀ ਨਹੀਂ ਹੈ।
ਸੰਗੀਤ ਸਿੱਖਣ ਵਾਲੀਆਂ ਭੈਣਾਂ ਜਾਂ ਹਾਰਮੋਨੀਅਮ ਵਰਗਾ ਕੁਝ?
ਨਹੀਂ ਹੈ।
ਅਲਾਰਮ ਵਜਾਉਣ ਵਾਲੀ ਘੜੀ?
ਨਹੀਂ।
ਨਿੱਕੀ-ਨਿੱਕੀ ਗੱਲ ਤੇ ਰੋਣ ਵਾਲੇ ਬੱਚੇ?
ਨਹੀਂ, ਸਾਡੇ ਅਜੇ ਬੱਚੇ ਨਹੀਂ ਹੋਏ।
ਚੰਗੀ ਗੱਲ ਐ।ਮਕਾਨ ਮਾਲਿਕ ਨੇ ਕਿਹਾ, ਮੇਰੇ ਕਹਿਣ ਦਾ ਇਹ ਭਾਵ ਨਹੀਂ ਕਿ ਤੁਸੀਂ ਬੋਔਲਾਦ ਰਹੋ। ਦਰਅਸਲ ਗੱਲ ਇਹ ਹੈ ਕਿ ਮੈਨੂੰ ਸ਼ੋਰਗੁੱਲ ਬਿਲਕੁਲ ਵੀ ਬਰਦਾਸ਼ਤ ਨਹੀਂ…ਤੁਸੀਂ ਕੱਲ ਹੀ ਇਸ ਘਰ ’ਚ ਸ਼ਿਫਟ ਕਰ ਸਕਦੇ ਹੋ।
ਮਕਾਨ ਮਾਲਿਕ ਦੀ ਸਹਿਮਤੀ ਪਾ ਕੇ ਸੁੱਬਾਰਾਓ ਗੇਟ ਤਕ ਗਿਆ, ਫਿਰ ਮੁੜਿਆ ਤੇ ਬੋਲਿਆ, ਸਾਹਿਬ, ਇਕ ਬੇਨਤੀ ਹੈ।
ਦੱਸੋ।
ਮੇਰੇ ਕੋਲ ਇਕ ਪੈੱਨ ਹੈ ਜੋ ਮੇਰੇ ਪਿਤਾ ਜੀ ਨੇ ਮੈਨੂੰ ਦਿੱਤਾ ਸੀ। ਲਿਖਣ ਵੇਲੇ ਉਹ ਪੈੱਨ ‘ਬਰ੍ਰ-ਬਰ੍ਰ’ ਦੀ ਆਵਾਜ਼ ਕਰਦਾ ਹੈ। ਦਿਨ ਵੇਲੇ ਤਾਂ ਕੁਝ ਪਤਾ ਨਹੀਂ ਲਗਦਾ, ਪਰ ਰਾਤ ਨੂੰ ਆਵਾਜ਼ ਜ਼ਰੂਰ ਸੁਣਾਈ ਦਿੰਦੀ ਹੈ। ਮੈਂ ਲਿਖਣ-ਪੜ੍ਹਨ ਵਾਲਾ ਆਦਮੀ ਹਾਂ। ਸੋਚਿਆ ਕਿ ਇਹ ਗੱਲ ਤੁਹਾਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਹੈ, ਇਸਲਈ… ਤੁਹਾਨੂੰ ਕੋਈ ਇਤਰਾਜ ਤਾਂ ਨਹੀਂ ਹੈ ਨਾ?
ਬੱਸ, ਸੁੱਬਾਰਾਓ ਨੂੰ ਉਹ ਮਕਾਨ ਕਿਰਾਏ ਉੱਥੇ ਨਹੀਂ ਮਿਲਿਆ।
                                      -0-