Thursday, December 20, 2012

ਅੰਗਰੇਜੀ/ ਕਿਰਚ

ਅਲੈਗਜਾਂਦਰੂ ਸਾਹਿਯਾ

         ਜਾਦੂਗਰ ਆਪਣੀ ਖੇਡ ਸੁਰੂ ਕਰਨ ਵਾਲਾ ਸੀ। ਲੋਕ ਆਉਂਦੇ ਜਾ ਰਹੇ ਸਨ। ਜਾਦੂਗਰ ਗੇਰਲਾ ਨੇ ਲੋਕਾਂ ਦੀ ਉਤਸੁਕਤਾ ਨੂੰ ਦੇਖਦੇ ਹੋਏ ਖੇਡ ਤੁਰੰਤ ਸ਼ੁਰੂ ਕਰ ਦਿੱਤੀ।
         ਕਿਸਾਨ ਬਹੁਤ ਖੁਸ਼ ਸਨ। ਉਹ ਤਾੜੀਆਂ ਮਾਰਦੇ ਹੋਏ ਉੱਚੀ ਅਵਾਜ਼ ਵਿਚ “ਗੇਰਲਾ-ਗੇਰਲਾ” ਬੋਲ ਰਹੇ ਸਨ।
ਜਾਦੂਗਰ ਦਾ ਉਤਸ਼ਾਹ ਵੀ ਪੂਰੇ ਜ਼ੋਰਾਂ ਤੇ ਸੀ। ਉਸਨੇ ਆਪਣੀਆਂ ਤਿੰਨ ਤਲਵਾਰਾਂ ਨੂੰ ਸੂਰਜ ਦੀ ਰੋਸ਼ਨੀ ਵਿਚ ਲਹਿਰਾਇਆ। ਜਦੋਂ ਤਿੰਨੇਂ ਤਲਵਾਰਾਂ ਉਹਦੇ ਗਲੇ ਵਿਚ ਗਾਇਬ ਹੋ ਗਈਆਂ ਤਾਂ ਲੋਕਾਂ ਦੀ ਖੁਸ਼ੀ ਤੇ ਤਾੜੀਆਂ ਦੀ ਅਵਾਜ਼ ਅਸਮਾਨ ਛੂਹ ਰਹੀਆਂ ਸਨ।
ਅਚਾਨਕ ਇਕ ਕਠੋਰ ਅਵਾਜ਼ ਭੀੜ ਵਿਚ ਛਾ ਗਈ, “ਝੂਠਾ, ਮੱਕਾਰ! ਇਹ ਸਾਨੂੰ ਧੋਖਾ ਦੇ ਰਿਹਾ ਹੈ। ਇਸਦੀਆਂ ਤਲਵਾਰਾਂ ਅਸਲੀ ਨਹੀਂ ਹਨ। ਇਹਨੂੰ ਮੇਰੀ ਕਿਰਚ ਨਿਗਲਨ ਲਈ ਦਿਓ, ਫਿਰ ਦੇਖਾਂ।ࡤ
          “ਹਾਂ, ਇਹ ਠੀਕ ਹੈ,” ਸੈਂਕੜੇ ਕਿਸਾਨ ਵਿਦਰੋਹ ਦੇ ਸੁਰ ਵਿਚ ਚਿੱਲਾਏ।
          “ਮਿਹਾਇਲ ਗੇਰਲਾ, ਜੇਕਰ ਤੁਸੀਂ ਆਪਣੇ ਕ੍ਰਿਸ਼ਮੇ ਬਾਰੇ ਵਿਸ਼ਵਾਸ ਦੁਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਰਚ ਨਿਗਲਨੀ ਪਵੇਗੀ।”
           “ਹਾਂ-ਹਾਂ,” ਲੋਕ ਚਿੱਲਾਏ, “ਗੇਰਲਾ ਧੋਖੇਬਾਜ ਹੈ, ਮੱਕਾਰ ਹੈ।”
ਜਾਦੂਗਰ ਨੇ ਦੇਖਿਆ, ਉਸਦੀ ਹੌਂਦ ਖਤਰੇ ਵਿਚ ਹੈ। ਉਹਦੀ ਕਈ ਦਹਾਕਿਆਂ ਦੀ ਕਮਾਈ ਪ੍ਰਸਿੱਧੀ ਤੇ ਇੱਜ਼ਤ ਸਦਾ ਲਈ ਮਿੱਟੀ ਵਿਚ ਮਿਲ ਰਹੀਆਂ ਹਨ। ਉਸਨੇ ਉਹਨਾਂ ਵਿਸ਼ਵਪ੍ਰਸਿੱਧ ਤਲਵਾਰਾਂ ਨੂੰ ਆਪਣੀ ਪੇਟੀ ਵਿਚ ਰੱਖ ਕੇ ਸਾਰਜੈਂਟ ਦੀ ਕਿਰਚ ਨੂੰ ਕੰਬਦੇ ਹੱਥਾਂ ਨਾਲ ਫੜ ਲਿਆ।
             ਸਾਰਜੈਂਟ ਵਿਅੰਗ ਨਾਲ ਮੁਸਕਰਾਇਆ। ਭੀੜ ਸਾਹ ਰੋਕੀ ਸਭ ਦੇਖ ਰਹੀ ਸੀ। ਜਾਦੂਗਰ ਨੇ ਕਿਰਚ ਨੂੰ ਆਪਣੀਆਂ ਦੋ ਉਂਗਲਾਂ ਵਿਚ ਲੈ ਲਿਆ ਤੇ ਉਸਨੂ ਗਲੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਰਚ ਨੂੰ ਅੱਧੀ ਹੀ ਨਿਗਲ ਪਾਇਆ ਸੀ ਕਿ ਜਲਦੀ ਨਾਲ ਉਸਨੂੰ ਖਿੱਚ ਕੇ ਬਾਹਰ ਕੱਢ ਲਿਆ। ਫਿਰ ਉਸਨੇ ਕਿਰਚ ਨੂੰ ਆਪਣੀ ਬਾਂਹ ਨਾਲ ਪੂੰਝਿਆ ਤੇ ਫਿਰ ਪੂਰੀ ਕਿਰਚ ਆਪਣੇ ਸੰਘ ਅੰਦਰ ਉਤਾਰ ਲਈ। ਕੇਵਲ ਕਿਰਚ ਦੀ ਮੁੱਠ ਬਾਹਰ ਰਹਿ ਗਈ ਸੀ ਜੋ ਉਹਦੇ ਬੁੱਲ੍ਹਾਂ ਕੋਲ ਅੜੀ ਸੀ। ਅਚਾਨਕ ਉਹ ਇਕ ਘਬਰਾਏ ਪੰਛੀ ਦੀ ਤਰ੍ਹਾਂ ਕੰਬਿਆ, ਜਿਵੇਂ ਉੱਡਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪ੍ਰਸ਼ੰਸਾ ਦੀਆਂ ਅਵਾਜ਼ਾਂ ਫੁੱਟ ਪਈਆਂ। ਕਿਸਾਨ ਪਾਗਲਾਂ ਵਾਂਗ ਚਿੱਲਾ ਉੱਠੇ, “ਸ਼ਾਬਾਸ ਗੇਰਲਾ, ਸ਼ਾਬਾਸ਼! ਗੇਰਲਾ ਜ਼ਿੰਦਾਬਾਦ…।”
             ਗੇਰਲਾ ਨੇ ਕੰਬਦੇ ਹੱਥਾਂ ਨਾਲ ਕਿਰਚ ਨੂੰ ਮੁੱਠ ਤੋਂ ਪਕੜ ਕੇ ਜਿਵੇਂ ਹੀ ਬਾਹਰ ਖਿੱਚਿਆ, ਉਸਦੇ ਗਲੇ ਵਿੱਚੋਂ ਲਹੂ ਦੀ ਧਾਰ ਫੁੱਟ ਪਈ। ਗੇਰਲਾ ਕੁਝ ਬੋਲਣਾ ਚਾਹੁੰਦਾ ਸੀ। ਉਹ ਹਕਲਾਇਆ। ਫਿਰ ਕੁਰਸੀ ਤੋਂ ਰੁੜ੍ਹ ਕੇ ਸਾਰਜੈਂਟ ਦੀ ਕਿਰਚ ਕੋਲ ਡਿੱਗ ਪਿਆ।
                                                                  -0-


Monday, December 10, 2012

ਹਿੰਦੀ/ ਸਟੇਟਸ



ਪਵਿੱਤਰਾ ਅਗਰਵਾਲ

ਉਹ ਘਰ ਪਹੁੰਚਿਆ ਤਾਂ ਪਤਨੀ ਮੂੰਹ ਲਮਕਾਈ ਭਾਂਡੇ ਮਾਂਜ ਰਹੀ ਸੀ।
ਅੱਜ ਕੰਮ ਵਾਲੀ ਨਹੀਂ ਆਈ?ਮੈਂ ਪੁੱਛਿਆ।
ਨਹੀਂ…ਹੁਣ ਆਊਗੀ ਵੀ ਨਹੀਂ।
ਹੁਣ ਕੀ ਹੋ ਗਿਆ? ਪਹਿਲਾਂ ਤਾਂ ਕੰਮਵਾਲੀ ਸਾਡੀ ਜਾਤ ਪਤਾ ਲੱਗਣ ਤੇ ਭੱਜ ਜਾਂਦੀ ਸੀ…ਪਰ ਇਹ ਨਵੀਂ ਕੰਮਵਾਲੀ ਤਾਂ ਆਪਣੀ ਹੀ ਜਾਤ ਦੀ ਸੀ…ਇਹ ਕਿਉਂ ਭੱਜ ਗਈ?
ਸਾਡੀ ਜਾਤ ਦੀ ਹੈ ਤਾਂ ਕੀ ਸਾਡੇ ਸਿਰ ਤੇ ਚਡ਼੍ਹ ਕੇ ਬੈਠੂਗੀ? ਸਾਡੇ ਸਟੇਟਸ ਦੀ ਹੋ ਜਾਊਗੀ?…ਹੁਣ ਤਕ ਤਾਂ ਜਦੋਂ ਚਾਹੁੰਦੀ ਸੀ ਕੁਰਸੀ ਤੇ ਬੈਠ ਜਾਂਦੀ ਸੀ…ਮੈਨੂੰ ਭੈਡ਼ਾ ਲਗਦਾ ਸੀ, ਪਰ ਇਹ ਸੋਚ ਕੇ ਚੁੱਪ ਕਰ ਜਾਂਦੀ ਸੀ ਕਿ ਬਡ਼ੀ ਮੁਸ਼ਕਿਲ ਨਾਲ ਇਹ ਮਿਲੀ ਐ, ਕਿਤੇ ਇਹ ਵੀ ਨਾ ਭੱਜ ਜਾਵੇ…ਪਰ ਅੱਜ ਤਾਂ ਉਹ ਟੀ.ਵੀ. ਦੇਖਣ ਲਈ ਸੋਫੇ ਤੇ ਹੀ ਬੈਠ ਗਈ…ਪਾਰੁਲ ਨੇ ਕਿਹਾ, ‘ਸੋਫੇ ਤੇ ਨਹੀਂ, ਕਾਰਪੈਟ ਤੇ ਬੈਠ ਜਾ।’ ਤਾਂ  ਬੱਸ ਤੁਨਕ ਕੇ ਬੋਲੀ, ‘ਹੁਣ ਤਕ ਜਦੋਂ ਉੱਚੀ ਜਾਤ ਵਾਲੇ ਸਾਨੂੰ ਆਪਣੇ ਤੋਂ ਨੀਵਾਂ ਸਮਝਦੇ ਸੀ ਤਾਂ ਬਹੁਤ ਗੁੱਸਾ ਆਉਂਦਾ ਸੀ।  ਪਰ ਅਸੀਂ ਤਾਂ ਇਕ ਹੀ ਜਾਤ ਦੇ ਹਾਂ, ਤੁਸੀੰ ਮੇਰੇ ਨਾਲ ਅਛੂਤਾਂ ਵਰਗਾ ਵਿਵਹਾਰ ਕਿਉਂ ਕਰਦੇ ਓ?…ਤੁਸੀਂ ਚਾਰ ਅੱਖਰ ਪਡ਼੍ਹਗੇ ਤਾਂ ਸਾਡੇ ਨਾਲੋਂ ਉੱਚੀ ਜਾਤ ਦੇ ਤਾਂ ਨਹੀਂ ਹੋ ਗਏ!…ਨਹੀਂ ਕਰਨਾ ਮੈਂ ਤੁਹਾਡੇ ਕੰਮ।…ਬੱਸ ਏਨਾ ਕਹਿ ਕੇ ਉਹ ਪੈਰ ਪਟਕਦੀ ਹੋਈ ਬਾਹਰ ਚਲੀ ਗਈ।
                                  -0-



Thursday, November 29, 2012

ਹਿੰਦੀ/ ਡਰ



ਬਿੰਦੂ ਸਿਨ੍ਹਾ

ਉਹ ਸੜਕ ਉੱਤੇ ਇੱਕਲੀ ਤੁਰੀ ਜਾ ਰਹੀ ਸੀ। ਸਿਰ ਉੱਤੇ ਕੜਕਦੀ ਧੁੱਪ ਅਤੇ ਪੈਰਾਂ ਹੇਠ ਤਪਦੀ ਜ਼ਮੀਨ। ਉਸਨੇ ਆਪਣੀ ਚਾਲ ਤੇਜ਼ ਕਰ ਦਿੱਤੀ ਤਾਂ ਜੋ ਦਫ਼ਤਰ ਛੇਤੀ ਪਹੁੰਚ ਜਾਵੇ। ਤਦੇ ਸਾਹਮਣੇ ਦੇ ਮਕਾਨ ਵਿੱਚੋਂ ਦੋ ਨੌਜਵਾਨ ਨਿਕਲੇ ਅਤੇ ਉਹਦੇ ਅੱਗੇ-ਅੱਗੇ ਤੁਰਨ ਲੱਗੇ। ਦੋਨੋਂ ਆਪਸ ਵਿਚ ਜ਼ੋਰ-ਜ਼ੋਰ ਨਾਲ ਗੱਲਾਂ ਕਰ ਰਹੇ ਸਨ। ਕਦੇ ਜ਼ੋਰ ਨਾਲ ਹੱਸ ਵੀ ਪੈਂਦੇ। ਇਕ-ਦੋ ਵਾਰ ਤਾਂ ਉਹਨਾਂ ਨੇ ਪਿੱਛੇ ਮੁੜ ਕੇ ਵੀ ਦੇਖਿਆ।
ਉਹ ਡਰ ਨਾਲ ਕੰਬ ਗਈ, ‘ਹੇ ਪ੍ਰਮਾਤਮਾ, ਕਿਤੇ ਇਨ੍ਹਾਂ ਦੀ ਨੀਅਤ ਵਿਚ ਖੋਟ ਤਾਂ ਨਹੀਂ? ਬੇਈਮਾਨ ਜਾਪਦੇ ਨੇ। ਤਾਹੀਓਂ ਵਾਰ-ਵਾਰ ਪਿੱਛੇ ਮੁੜ ਕੇ ਦੇਖਦੇ ਹਨ।’ ਉਸਨੇ ਆਪਣੇ ਕਦਮ ਹੌਲੀ ਕਰ ਲਏ ਤਾਂ ਜੋ ਉਹਨਾਂ ਵਿਚਲਾ ਫਾਸਲਾ ਵੱਧ ਜਾਵੇ।
ਉਹ ਨੌਜਵਾਨ ਉਸੇ ਤਰ੍ਹਾਂ ਮਸਤੀ ਵਿਚ ਗੱਲਾਂ ਕਰਦੇ ਅੱਗੇ ਤੁਰੀ ਗਏ। ਅਗਲੇ ਮੋੜ ਉੱਤੇ ਉਹ ਸੱਜੇ ਹੱਥ ਮੁੜ ਗਏ। ਉਸ ਨੇ ਸੁੱਖ ਦਾ ਸਾਹ ਲਿਆ। ਚਲੋ ਕਿਸੇ ਤਰ੍ਹਾਂ ਖਹਿੜਾ ਛੁੱਟਿਆ। ਸੜਕ ਫਿਰ ਸੁੰਨਸਾਨ ਹੋ ਗਈ। ਉਹ ਫਿਰ ਡਰਨ ਲੱਗੀ ਕਿਉਂਕਿ ਹੁਣ ਉਹ ਬਿਲਕੁਲ ਇਕੱਲੀ ਸੀ।
                                       -0-

Tuesday, November 20, 2012

ਹਿੰਦੀ / ਖੁਸ਼ਕ ਹੋਠ



ਪ੍ਰਤਾਪ ਸਿੰਘ ਸੋਢੀ
ਕਈ ਵਾਰ ਸਮਝਾਉਣ ਤੋਂ ਬਾਦ ਵੀ ਪਿੰਟੂ ਨੇ ਆਈਸਕ੍ਰੀਮ ਲੈਣ ਦੀ ਆਪਣੀ ਜਿੱਦ ਨਹੀਂ ਛੱਡੀ। ਤਦ ਉਹਦੇ ਪਿਤਾ ਨੇ ਉਹਦੀ ਗੱਲ੍ਹ ਉੱਤੇ ਇਕ ਥੱਪੜ ਰਸੀਦ ਕਰਦੇ ਹੋਏ ਝਿੜਕਿਆ, ਪੈਸੇ ਕੀ ਦਰੱਖਤ ’ਤੇ ਲਗਦੇ ਐ। ਜੋ ਚੀਜ਼ ਦੇਖਦੈਂ, ਉਹੀ ਮੰਗ ਲੈਨੈਂ।
ਪਿੰਟੂ ਸੁਬਕਣ ਲੱਗਾ। ਤਦ ਹੀ ਉੱਥੇ ਇਕ ਕਾਰ ਆ ਕੇ ਰੁਕੀ। ਕਾਰ ਦੀ ਖਿੜਕੀ ਵਿੱਚੋਂ ਝਾਕਦੇ ਹੋਏ ਸਾਹਬ ਨੇ ਪੁਛਿਆ, ਬੱਚਾ ਰੋ ਕਿਉਂ ਰਿਹੈ, ਦੇਸਰਾਜ?
ਸਾਹਬ ਨੂੰ ਦੇਖ ਦੇਸਰਾਜ ਝੇਪ ਗਿਆ ਤੇ ਸੰਕੁਚਿਤ ਹੁੰਦਿਆਂ ਬੋਲਿਆ, ਸਾਹਬ, ਜ਼ਰਾ ਪੈਦਲ ਚੱਲਣ ਨੂੰ ਕੀ ਕਹਿਤਾ, ਰੋਣ ਈ ਲੱਗ ਗਿਆ।
ਸਾਹਬ ਨੇ ਪਿੰਟੂ ਨੇ ਇਸ਼ਾਰੇ ਨਾਲ ਕੋਲ ਬੁਲਾਉਂਦੇ ਹੋਏ ਕਿਹਾ, ਆਜਾ ਬੇਟੇ, ਕਾਰ ’ਚ ਬਹਿਜਾ।
ਪਿੰਟੂ ਆਪਣੀ ਜਗ੍ਹਾ ਉੱਤੇ ਖੜਾ ਰਿਹਾ। ਉੱਤਰ ਉਹਦੇ ਪਿਤਾ ਨੇ ਦਿੱਤਾ, ਥੋੜੀ ਦੇਰ ਰੋ ਕੇ ਆਪੇ ਚੁੱਪ ਕਰਜੂ ਸਾਬ!
ਇਸੇ ਦੌਰਾਨ ਸਾਹਬ ਨਾਲ ਬੈਠੇ ਉਹਨਾਂ ਦੇ ਬੇਟੇ ਨੇ ਸਾਹਮਣੇ ਦੁਕਾਨ ਦੇਖ ਕੇ ਆਈਸਕ੍ਰੀਮ ਦੀ ਮੰਗ ਕੀਤੀ। ਸਾਹਬ ਕੁਝ ਬੋਲਦੇ, ਇਸ ਤੋਂ ਪਹਿਲਾਂ ਹੀ ਦੇਸਰਾਜ ਨੇ ਫੁਰਤੀ ਨਾਲ ਆਈਸਕ੍ਰੀਮ ਲਿਆ ਕੇ ਖੁਸ਼ੀ-ਖੁਸ਼ੀ ਮੁੰਡੇ ਨੂੰ ਦੇ ਦਿੱਤੀ। ਮੁੰਡੇ ਨੇ ਉਸਨੂੰ, ਥੈਂਕਯੂ, ਅੰਕਲ!ਕਿਹਾ ਤੇ ਮਜ਼ੇ ਨਾਲ ਆਈਸਕ੍ਰੀਮ ਖਾਣ ਲੱਗਾ। ਉਸਦੇ ਹੋਠ ਤਰ ਹੋ ਰਹੇ ਸਨ ਤੇ ਗਲੇ ਤੱਕ ਠੰਡਕ ਪਹੁੰਚ ਰਹੀ ਸੀ।
ਉੱਧਰ ਉਦਾਸ ਪਿੰਟੂ ਨੇ ਆਪਣੇ ਪਿਤਾ ਨੂੰ ਨਿਰਾਸ਼ ਅੱਖਾਂ ਨਾਲ ਘੂਰਿਆ। ਉਹਦੇ ਖੁਸ਼ਕ ਹੋਠ ਫਰਕ ਰਹੇ ਸਨ।
                                      -0-

Wednesday, November 14, 2012

ਹਿੰਦੀ/ ਦਹਿਸ਼ਤ



ਕਾਲੀ ਚਰਨ ਪ੍ਰੇਮੀ

ਅੱਜ ਪੁੱਨਿਆਂ ਹੈ।
ਅੰਗੂਰੀ ਹਰ ਪੁੱਨਿਆਂ ਨੂੰ ਵਰਤ ਰੱਖਦੀ ਹੈ। ਵਰਤ ਦੇ ਦਿਨ ਉਹ ਪਿੰਡ ਦੇ ਬਾਹਰ ਨੁੱਕੜ ਵਾਲੇ ਦੇਵਤਾ ਦੀ ਪੂਜਾ ਕਰਦੀ ਤੇ ਬੱਚਿਆਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਵੰਡਦੀ। ਕੁਟੀਆ ਵਾਲੇ ਸਾਧ ਨੇ ਦੱਸਿਆ ਹੈ ਕਿ ਅਜਿਹਾ ਕਰਨ ਨਾਲ ਉਸਦੇ ਸਾਰੇ ਦੁੱਖ-ਦਰਦ ਤੇ ਗਰੀਬੀ ਦੂਰ ਹੋ ਜਾਣਗੇ।
ਦੁਪਹਿਰੇ ਦੋ ਵਜੇ ਕੜਕਦੀ ਧੁੱਪ ਵਿੱਚ ਉਹ ਨਿੱਕੇ ਨਨਕੂ ਨੂੰ ਨਾਲ ਲੈ ਕੇ ਦੇਵਤਾ ਦੀ ਮੜ੍ਹੀ ਉੱਤੇ ਪਹੁੰਚੀ। ਉਸਨੇ ਘਿਓ ਦਾ ਦੀਵਾ ਜਗਾਇਆ। ਅਗਰਬੱਤੀ ਸੁਲਗਾਈ। ਆਲੇਨੁਮਾ ਦੇਵਤਾ ਦੇ ਚਾਰੇ ਪਾਸੇ ਧਾਗਾ ਲਪੇਟਿਆ। ਫਿਰ ਕੁਝ ਬੁੜਬੁੜਾਉਂਦੇ ਹੋਏ ਉਸਨੇ ਗੜਵੀ ਵਿੱਚੋਂ ਧਾਰ ਬੰਨ੍ਹਕੇ ਤਾਜਾ ਪਾਣੀ ਮੜ੍ਹੀ ਉੱਤੇ ਚੜ੍ਹਾਇਆ।
ਨਨਕੂ ਦੀਆਂ ਅੱਖਾਂ ਵਿੱਚ ਜਗਿਆਸਾ ਸੀ। ਉਹ ਖੜ੍ਹਾ ਬੁੱਲ੍ਹ ਬਿਚਕਾ ਰਿਹਾ ਸੀ। ਤਦੇ ਨਨਕੂ ਨੂੰ  ਇੱਕ ਸ਼ਰਾਰਤ ਸੁੱਝੀ। ਉਹ ਇੱਕਦਮ ਦੇਵਤਾ ਦੀ ਮੜ੍ਹੀ ਉੱਤੇ, ਉਸਨੂੰ  ਕੁਰਸੀ ਬਣਾ ਬੈਠ ਗਿਆ।
ਅੰਗੂਰੀ ਅੱਗ-ਬਬੂਲਾ ਹੋ ਗਈ, “ਬੇਸ਼ਰਮ, ਦੇਵਤਾ ਉੱਤੋਂ ਉੱਠ ਜਾ…ਕੁਝ ਤਾਂ ਡਰ ਦੇਵਤਾਂ ਤੋਂ…ਬੇਹਯਾ
ਨਨਕੂ ਨਹੀਂ ਉੱਠਿਆ, ਸਗੋਂ ਉਹਨੂੰ ਚਿੜਾਉਣ ਲੱਗਾ। ਅੰਗੂਰੀ ਆਪੇ ਤੋਂ ਬਾਹਰ ਹੋ ਗਈ, “ਨਾਸਪਿੱਟੇ! ਉੱਠ ਜਾ ਇਹਦੇ ਉੱਤੋਂ…ਠਕੁਰਾਣੀ ਨੇ ਦੇਖ ਲਿਆ ਤਾਂ ਬੜੀ ਭੈੜੀ ਕਰੂਗੀ…।”
ਠਕੁਰਾਣੀ ਦਾ ਨਾਂ ਸੁਣਦੇ ਹੀ ਨਨਕੂ ਵਿੱਚ ਦਹਿਸ਼ਤ ਭਰ ਗਈ। ਉਸਨੂੰ ਆਪਣੇ ਬਾਪੂ ਦੀ ਪਿਟਾਈ ਯਾਦ  ਆ ਗਈ। ਉਹ ਤੁਰੰਤ ਉੱਠਿਆ ਤੇ ਹੇਠਾਂ ਛਲਾਂਗ ਮਾਰ ਦਿੱਤੀ
                                     -0-