Thursday, November 29, 2012

ਹਿੰਦੀ/ ਡਰ



ਬਿੰਦੂ ਸਿਨ੍ਹਾ

ਉਹ ਸੜਕ ਉੱਤੇ ਇੱਕਲੀ ਤੁਰੀ ਜਾ ਰਹੀ ਸੀ। ਸਿਰ ਉੱਤੇ ਕੜਕਦੀ ਧੁੱਪ ਅਤੇ ਪੈਰਾਂ ਹੇਠ ਤਪਦੀ ਜ਼ਮੀਨ। ਉਸਨੇ ਆਪਣੀ ਚਾਲ ਤੇਜ਼ ਕਰ ਦਿੱਤੀ ਤਾਂ ਜੋ ਦਫ਼ਤਰ ਛੇਤੀ ਪਹੁੰਚ ਜਾਵੇ। ਤਦੇ ਸਾਹਮਣੇ ਦੇ ਮਕਾਨ ਵਿੱਚੋਂ ਦੋ ਨੌਜਵਾਨ ਨਿਕਲੇ ਅਤੇ ਉਹਦੇ ਅੱਗੇ-ਅੱਗੇ ਤੁਰਨ ਲੱਗੇ। ਦੋਨੋਂ ਆਪਸ ਵਿਚ ਜ਼ੋਰ-ਜ਼ੋਰ ਨਾਲ ਗੱਲਾਂ ਕਰ ਰਹੇ ਸਨ। ਕਦੇ ਜ਼ੋਰ ਨਾਲ ਹੱਸ ਵੀ ਪੈਂਦੇ। ਇਕ-ਦੋ ਵਾਰ ਤਾਂ ਉਹਨਾਂ ਨੇ ਪਿੱਛੇ ਮੁੜ ਕੇ ਵੀ ਦੇਖਿਆ।
ਉਹ ਡਰ ਨਾਲ ਕੰਬ ਗਈ, ‘ਹੇ ਪ੍ਰਮਾਤਮਾ, ਕਿਤੇ ਇਨ੍ਹਾਂ ਦੀ ਨੀਅਤ ਵਿਚ ਖੋਟ ਤਾਂ ਨਹੀਂ? ਬੇਈਮਾਨ ਜਾਪਦੇ ਨੇ। ਤਾਹੀਓਂ ਵਾਰ-ਵਾਰ ਪਿੱਛੇ ਮੁੜ ਕੇ ਦੇਖਦੇ ਹਨ।’ ਉਸਨੇ ਆਪਣੇ ਕਦਮ ਹੌਲੀ ਕਰ ਲਏ ਤਾਂ ਜੋ ਉਹਨਾਂ ਵਿਚਲਾ ਫਾਸਲਾ ਵੱਧ ਜਾਵੇ।
ਉਹ ਨੌਜਵਾਨ ਉਸੇ ਤਰ੍ਹਾਂ ਮਸਤੀ ਵਿਚ ਗੱਲਾਂ ਕਰਦੇ ਅੱਗੇ ਤੁਰੀ ਗਏ। ਅਗਲੇ ਮੋੜ ਉੱਤੇ ਉਹ ਸੱਜੇ ਹੱਥ ਮੁੜ ਗਏ। ਉਸ ਨੇ ਸੁੱਖ ਦਾ ਸਾਹ ਲਿਆ। ਚਲੋ ਕਿਸੇ ਤਰ੍ਹਾਂ ਖਹਿੜਾ ਛੁੱਟਿਆ। ਸੜਕ ਫਿਰ ਸੁੰਨਸਾਨ ਹੋ ਗਈ। ਉਹ ਫਿਰ ਡਰਨ ਲੱਗੀ ਕਿਉਂਕਿ ਹੁਣ ਉਹ ਬਿਲਕੁਲ ਇਕੱਲੀ ਸੀ।
                                       -0-

No comments: