ਪ੍ਰਤਾਪ
ਸਿੰਘ ਸੋਢੀ
ਕਈ ਵਾਰ ਸਮਝਾਉਣ ਤੋਂ ਬਾਦ ਵੀ ਪਿੰਟੂ ਨੇ ਆਈਸਕ੍ਰੀਮ ਲੈਣ ਦੀ ਆਪਣੀ
ਜਿੱਦ ਨਹੀਂ ਛੱਡੀ। ਤਦ ਉਹਦੇ ਪਿਤਾ ਨੇ ਉਹਦੀ ਗੱਲ੍ਹ ਉੱਤੇ ਇਕ ਥੱਪੜ ਰਸੀਦ ਕਰਦੇ ਹੋਏ ਝਿੜਕਿਆ, “ਪੈਸੇ ਕੀ ਦਰੱਖਤ ’ਤੇ ਲਗਦੇ ਐ। ਜੋ ਚੀਜ਼ ਦੇਖਦੈਂ, ਉਹੀ ਮੰਗ ਲੈਨੈਂ।”
ਪਿੰਟੂ ਸੁਬਕਣ ਲੱਗਾ। ਤਦ ਹੀ ਉੱਥੇ ਇਕ ਕਾਰ ਆ ਕੇ ਰੁਕੀ। ਕਾਰ ਦੀ ਖਿੜਕੀ ਵਿੱਚੋਂ ਝਾਕਦੇ
ਹੋਏ ਸਾਹਬ ਨੇ ਪੁਛਿਆ, “ਬੱਚਾ ਰੋ ਕਿਉਂ ਰਿਹੈ, ਦੇਸਰਾਜ?”
ਸਾਹਬ ਨੂੰ ਦੇਖ ਦੇਸਰਾਜ ਝੇਪ ਗਿਆ ਤੇ ਸੰਕੁਚਿਤ ਹੁੰਦਿਆਂ ਬੋਲਿਆ, “ਸਾਹਬ, ਜ਼ਰਾ ਪੈਦਲ ਚੱਲਣ ਨੂੰ ਕੀ ਕਹਿਤਾ, ਰੋਣ ਈ ਲੱਗ ਗਿਆ।”
ਸਾਹਬ ਨੇ ਪਿੰਟੂ ਨੇ ਇਸ਼ਾਰੇ ਨਾਲ ਕੋਲ ਬੁਲਾਉਂਦੇ ਹੋਏ ਕਿਹਾ, “ਆਜਾ ਬੇਟੇ, ਕਾਰ ’ਚ ਬਹਿਜਾ।”
ਪਿੰਟੂ ਆਪਣੀ ਜਗ੍ਹਾ ਉੱਤੇ ਖੜਾ ਰਿਹਾ। ਉੱਤਰ ਉਹਦੇ ਪਿਤਾ ਨੇ ਦਿੱਤਾ, “ ਥੋੜੀ ਦੇਰ ਰੋ ਕੇ ਆਪੇ ਚੁੱਪ ਕਰਜੂ ਸਾਬ!”
ਇਸੇ ਦੌਰਾਨ ਸਾਹਬ ਨਾਲ ਬੈਠੇ ਉਹਨਾਂ ਦੇ ਬੇਟੇ ਨੇ ਸਾਹਮਣੇ ਦੁਕਾਨ ਦੇਖ ਕੇ ਆਈਸਕ੍ਰੀਮ ਦੀ
ਮੰਗ ਕੀਤੀ। ਸਾਹਬ ਕੁਝ ਬੋਲਦੇ, ਇਸ ਤੋਂ ਪਹਿਲਾਂ ਹੀ ਦੇਸਰਾਜ ਨੇ ਫੁਰਤੀ ਨਾਲ ਆਈਸਕ੍ਰੀਮ ਲਿਆ ਕੇ
ਖੁਸ਼ੀ-ਖੁਸ਼ੀ ਮੁੰਡੇ ਨੂੰ ਦੇ ਦਿੱਤੀ। ਮੁੰਡੇ ਨੇ ਉਸਨੂੰ, “ਥੈਂਕਯੂ, ਅੰਕਲ!” ਕਿਹਾ ਤੇ ਮਜ਼ੇ ਨਾਲ ਆਈਸਕ੍ਰੀਮ ਖਾਣ ਲੱਗਾ। ਉਸਦੇ ਹੋਠ ਤਰ ਹੋ ਰਹੇ ਸਨ ਤੇ ਗਲੇ ਤੱਕ ਠੰਡਕ
ਪਹੁੰਚ ਰਹੀ ਸੀ।
ਉੱਧਰ ਉਦਾਸ ਪਿੰਟੂ ਨੇ ਆਪਣੇ ਪਿਤਾ ਨੂੰ ਨਿਰਾਸ਼ ਅੱਖਾਂ ਨਾਲ ਘੂਰਿਆ। ਉਹਦੇ ਖੁਸ਼ਕ ਹੋਠ ਫਰਕ
ਰਹੇ ਸਨ।
-0-
No comments:
Post a Comment