Wednesday, November 14, 2012

ਹਿੰਦੀ/ ਦਹਿਸ਼ਤ



ਕਾਲੀ ਚਰਨ ਪ੍ਰੇਮੀ

ਅੱਜ ਪੁੱਨਿਆਂ ਹੈ।
ਅੰਗੂਰੀ ਹਰ ਪੁੱਨਿਆਂ ਨੂੰ ਵਰਤ ਰੱਖਦੀ ਹੈ। ਵਰਤ ਦੇ ਦਿਨ ਉਹ ਪਿੰਡ ਦੇ ਬਾਹਰ ਨੁੱਕੜ ਵਾਲੇ ਦੇਵਤਾ ਦੀ ਪੂਜਾ ਕਰਦੀ ਤੇ ਬੱਚਿਆਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਵੰਡਦੀ। ਕੁਟੀਆ ਵਾਲੇ ਸਾਧ ਨੇ ਦੱਸਿਆ ਹੈ ਕਿ ਅਜਿਹਾ ਕਰਨ ਨਾਲ ਉਸਦੇ ਸਾਰੇ ਦੁੱਖ-ਦਰਦ ਤੇ ਗਰੀਬੀ ਦੂਰ ਹੋ ਜਾਣਗੇ।
ਦੁਪਹਿਰੇ ਦੋ ਵਜੇ ਕੜਕਦੀ ਧੁੱਪ ਵਿੱਚ ਉਹ ਨਿੱਕੇ ਨਨਕੂ ਨੂੰ ਨਾਲ ਲੈ ਕੇ ਦੇਵਤਾ ਦੀ ਮੜ੍ਹੀ ਉੱਤੇ ਪਹੁੰਚੀ। ਉਸਨੇ ਘਿਓ ਦਾ ਦੀਵਾ ਜਗਾਇਆ। ਅਗਰਬੱਤੀ ਸੁਲਗਾਈ। ਆਲੇਨੁਮਾ ਦੇਵਤਾ ਦੇ ਚਾਰੇ ਪਾਸੇ ਧਾਗਾ ਲਪੇਟਿਆ। ਫਿਰ ਕੁਝ ਬੁੜਬੁੜਾਉਂਦੇ ਹੋਏ ਉਸਨੇ ਗੜਵੀ ਵਿੱਚੋਂ ਧਾਰ ਬੰਨ੍ਹਕੇ ਤਾਜਾ ਪਾਣੀ ਮੜ੍ਹੀ ਉੱਤੇ ਚੜ੍ਹਾਇਆ।
ਨਨਕੂ ਦੀਆਂ ਅੱਖਾਂ ਵਿੱਚ ਜਗਿਆਸਾ ਸੀ। ਉਹ ਖੜ੍ਹਾ ਬੁੱਲ੍ਹ ਬਿਚਕਾ ਰਿਹਾ ਸੀ। ਤਦੇ ਨਨਕੂ ਨੂੰ  ਇੱਕ ਸ਼ਰਾਰਤ ਸੁੱਝੀ। ਉਹ ਇੱਕਦਮ ਦੇਵਤਾ ਦੀ ਮੜ੍ਹੀ ਉੱਤੇ, ਉਸਨੂੰ  ਕੁਰਸੀ ਬਣਾ ਬੈਠ ਗਿਆ।
ਅੰਗੂਰੀ ਅੱਗ-ਬਬੂਲਾ ਹੋ ਗਈ, “ਬੇਸ਼ਰਮ, ਦੇਵਤਾ ਉੱਤੋਂ ਉੱਠ ਜਾ…ਕੁਝ ਤਾਂ ਡਰ ਦੇਵਤਾਂ ਤੋਂ…ਬੇਹਯਾ
ਨਨਕੂ ਨਹੀਂ ਉੱਠਿਆ, ਸਗੋਂ ਉਹਨੂੰ ਚਿੜਾਉਣ ਲੱਗਾ। ਅੰਗੂਰੀ ਆਪੇ ਤੋਂ ਬਾਹਰ ਹੋ ਗਈ, “ਨਾਸਪਿੱਟੇ! ਉੱਠ ਜਾ ਇਹਦੇ ਉੱਤੋਂ…ਠਕੁਰਾਣੀ ਨੇ ਦੇਖ ਲਿਆ ਤਾਂ ਬੜੀ ਭੈੜੀ ਕਰੂਗੀ…।”
ਠਕੁਰਾਣੀ ਦਾ ਨਾਂ ਸੁਣਦੇ ਹੀ ਨਨਕੂ ਵਿੱਚ ਦਹਿਸ਼ਤ ਭਰ ਗਈ। ਉਸਨੂੰ ਆਪਣੇ ਬਾਪੂ ਦੀ ਪਿਟਾਈ ਯਾਦ  ਆ ਗਈ। ਉਹ ਤੁਰੰਤ ਉੱਠਿਆ ਤੇ ਹੇਠਾਂ ਛਲਾਂਗ ਮਾਰ ਦਿੱਤੀ
                                     -0-

No comments: