ਸੁਭਾਸ਼ ਨੀਰਵ
ਬੱਸ ਰੁਕੀ ਤਾਂ ਇਕ ਬੁੱਢੀ ਬੱਸ
ਵਿਚ ਚੜ੍ਹੀ। ਸੀਟ ਖਾਲੀ ਨਾ ਹੋਣ ਕਾਰਨ ਉਹ ਅੱਗੇ ਹੀ ਖੜ੍ਹੀ ਹੋ ਗਈ। ਬਸ ਝਟਕੇ ਨਾਲ ਚੱਲੀ ਤਾਂ ਉਹ
ਲੜਖੜਾ ਕੇ ਡਿੱਗ ਪਈ। ਸੀਟਾਂ ਉੱਪਰ ਬੈਠੇ ਲੋਕਾਂ ਨੇ ਉਸਨੂੰ ਡਿਗਦੇ ਦੇਖਿਆ। ਜਦੋਂ ਤੱਕ ਕੋਈ ਉੱਠ
ਕੇ ਉਸਨੂੰ ਚੁੱਕਦਾ, ਉਹ ਉੱਠੀ ਅਤੇ ਨਾਲ ਦੀ ਸੀਟ ਨੂੰ ਫੜ ਕੇ ਖੜੀ
ਹੋ ਗਈ। ਜਿਸ ਸੀਟ ਕੋਲ ਉਹ ਖੜੀ ਸੀ, ਉਸ ਉੱਤੇ ਬੈਠੇ ਆਦਮੀ ਨੇ ਉਸਨੂੰ ਬੱਸ ਵਿਚ ਚੜ੍ਹਦੇ, ਉਸਦੇ ਕੋਲ ਖੜਦੇ ਅਤੇ ਡਿੱਗਦੇ ਦੇਖਿਆ ਸੀ। ਪਰ ਹੋਰ ਸਵਾਰੀਆਂ ਵਾਂਗ ਉਹ ਵੀ ਚੁੱਪ
ਬੈਠਾ ਰਿਹਾ।
ਹੁਣ ਬੁੱਢੀ ਮਨ ਹੀ ਮਨ ਬੁੜਬੁੜ ਕਰ ਰਹੀ ਸੀ।, “ਕਿਹੋ ਜਿਹਾ ਜ਼ਮਾਨਾ ਆ ਗਿਆ, ਬੁੱਢੇ ਲੋਕਾਂ ’ਤੇ ਵੀ ਲੋਕ ਤਰਸ ਨਹੀਂ ਖਾਂਦੇ। ਇਸ ਨੂੰ ਦੇਖੋ, ਕਿਵੇਂ ਪਸਰ ਕੇ ਬੈਠਾ ਐ। ਸ਼ਰਮ ਨਹੀਂ ਆਉਂਦੀ, ਇਕ ਬੁੱਢੀ-ਬੇਬਸ ਔਰਤ ਨਾਲ ਖੜੀ ਐ। ਪਰ ਮਜਾਲ ਐ ਕਿ ਕਹਿ
ਦੇਵੇ, ਆ ਜਾ ਬੇਬੇ, ਏਥੇ ਬਹਿ ਜਾ…।”
ਤਦੇ ਉਸ ਦੇ ਮਨ ਵਿਚ ਆਇਆ, ‘ਕਿਉਂ ਖਿੱਝ ਰਹੀ ਐਂ? ਕੀ ਪਤਾ ਇਹ ਬੀਮਾਰ ਹੋਵੇ, ਅਪਾਹਿਜ ਹੋਵੇ? ਇਸਦਾ ਸੀਟ ਤੇ ਬੈਠਣਾ ਜ਼ਰੂਰੀ ਹੋਵੇ।’ ਏਨਾ ਸੋਚਦੇ ਹੀ ਉਹ ਆਪਣੀ ਤਕਲੀਫ ਭੁੱਲ ਗਈ।
ਪਰ ਮਨ ਸੀ ਕਿ ਕੁਝ ਚਿਰ ਮਗਰੋਂ ਫਿਰ ਖਿਝਣ ਲੱਗਾ, ‘ਕੀ ਬੱਸ ’ਚ
ਬੈਠੀਆਂ ਸਾਰੀਆਂ ਸਵਾਰੀਆਂ ਬੀਮਾਰ-ਅਪਾਹਿਜ ਨੇ?…ਰਹਿਮ-ਤਰਸ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ।’
ਇੱਧਰ ਜਦ ਤੋਂ ਉਹ ਬੁੱਢੀ
ਬੱਸ ਵਿਚ ਚੜ੍ਹੀ ਸੀ, ਨਾਲ ਬੈਠੇ ਆਦਮੀ ਦੇ ਅੰਦਰ ਵੀ ਹਲਚਲ ਮੱਚੀ ਹੋਈ ਸੀ।। ਬੁੱਢੀ
ਉੱਤੇ ਉਹਨੂੰ ਤਰਸ ਆ ਰਿਹਾ ਸੀ। ਉਹ ਉਸ ਨੂੰ ਸੀਟ ਦੇਣ ਬਾਰੇ ਸੋਚਦਾ, ਪਰ
ਮਨ ਤੋਂ ਦੂਸਰੀ ਹੀ ਆਵਾਜ਼ ਨਿਕਲਦੀ, ‘ਕਿਉਂ ਉੱਠਾਂ? ਸੀਟ ਲੈਣ ਲਈ ਤਾਂ ਇਕ ਸਟਾਪ ਪਿੱਛੇ ਆ ਕੇ ਬੱਸ ਵਿਚ ਚੜ੍ਹਿਆ। ਸਫ਼ਰ ਵੀ ਕੋਈ ਛੋਟਾ ਨਹੀਂ। ਪੂਰਾ ਸਫ਼ਰ ਖੜੇ ਹੋ ਕੇ ਕਰਨਾ
ਕਿੰਨਾ ਔਖਾ ਹੈ। ਤੇ ਫਿਰ, ਦੂਸਰੇ ਵੀ ਤਾਂ ਦੇਖ ਰਹੇ ਨੇ, ਉਹ
ਕਿਉਂ ਨਹੀਂ ਇਸ ਬੁੱਢੀ ਨੂੰ ਸੀਟ ਦੇ ਦਿੰਦੇ?’
ਇੱਧਰ ਬੁੱਢੀ ਦੀ ਖਿੱਝ
ਜਾਰੀ ਸੀ ਤੇ ਉੱਧਰ ਆਦਮੀ ਦੇ ਅੰਦਰ ਦਾ ਦਵੰਦ। ਉਸਦੇ ਲਈ ਸੀਟ ਉੱਤੇ ਬੈਠਣਾ ਮੁਸ਼ਕਿਲ ਹੋ ਰਿਹਾ ਸੀ।
‘ਕੀ ਪਤਾ ਬੀਮਾਰ ਹੋਵੇ…ਸਰੀਰ
ਵਿਚ ਤਾਂ ਜਾਨ ਹੀ ਦਿਖਾਈ ਨਹੀਂ ਦਿੰਦੀ। ਹੱਡੀਆਂ ਦੀ ਮੁੱਠ। ਪਤਾ ਨਹੀਂ ਕਿੱਥੋਂ ਤੱਕ ਜਾਣਾ ਹੈ
ਵਿਚਾਰੀ ਨੇ। ਤਾਂ ਕੀ ਹੋਇਆ?…ਨਾ, ਨਾ! ਤੈਨੂੰ ਸੀਟ ਤੋਂ ਉੱਠਣ ਦੀ ਕੋਈ ਲੋੜ ਨਹੀਂ।’
“ਬੇਬ, ਤੂੰ ਬਹਿ ਜਾ।” ਆਖਿਰ ਉਹ ਉੱਠ ਹੀ ਗਿਆ। ਬੁੱਢੀ ਔਰਤ ਨੇ ਪਹਿਲਾਂ ਕੁਝ ਸੋਚਿਆ, ਫਿਰ
ਸੀਟ ਉੱਤੇ ਕੁਝ ਸੁੰਗੜ ਕੇ ਬੈਠਦੇ ਹੋਏ ਬੋਲੀ, “ਤੂੰ ਵੀ ਆ ਜਾ ਪੁੱਤਰ, ਬਹਿ ਜਾ ਮੇਰੇ ਨਾਲ। ਥੱਕ ਜਾਵੇਂਗਾ ਖੜਾ-ਖੜਾ।”
-0-