Monday, June 22, 2015

ਹਿੰਦੀ/ ਹਿਸਾਬ-ਕਿਤਾਬ



ਸ਼ੀਲ ਕੌਸ਼ਿਕ (ਡਾ.)

ਗੁਆਂਢਣ ਨੇ ਹਮਦਰਦੀ ਜਤਾਉਂਦੇ ਹੋਏ ਸ਼ੋਭਾ ਨੂੰ ਕਿਹਾ, ਤੇਰੀ ਸੱਸ ਪੱਚਾਸੀ ਸਾਲ ਦੀ ਹੋ ਚੱਲੀ, ਬੇਬਸ ਤੇ ਬੁੱਢੀ ਵੀ। ਮੰਜੇ ਤੇ ਹੀ ਪਿਸ਼ਾਬ ਕਰਦੀ ਐ। ਿਆਦਾ ਉੱਠ-ਬੈਠ ਵੀ ਨਹੀਂ ਸਕਦੀ। ਹੁਣ ਤਾਂ ਰੱਬ ਇਹਦੀ ਮਿੱਟੀ ਸਮੇਟ ਲਵੇ ਤਾਂ ਚੰਗਾ ਐ।
ਨੀ, ਤੂੰ ਇਉਂ ਕਿਉਂ ਕਹਿ ਰਹੀ ਐਂ? ਉਹ ਜਿਸ ’ਹਾਲ ਚ ਵੀ ਐ, ਸੇਵਾ ਤਾਂ ਅਸੀਂ ਕਰ ਈ ਰਏ ਆਂ। ਸਾਡੇ ਸਿਰ ਤੇ ਵੱਡੇ ਬੈਠੇ ਨੇ, ਇਨ੍ਹਾਂ ਦਾ ਆਸ਼ੀਰਵਾਦ ਸਦਾ ਸਾਡੇ ਨਾਲ ਰਹਿੰਦੈ। ਅਸੀਂ ਤਾਂ ਦਿਨ-ਰਾਤ ਰੱਬ ਕੋਲ ਇਹੀ ਪ੍ਰਾਰਥਣਾ ਕਰਦੇ ਆਂ ਕਿ ਉਹ ਆਪਣੇ ਪੋਤੇ ਦਾ ਵਿਆਹ ਤੇ ਫਿਰ ਪਪੋਤੇ ਦਾ ਮੂੰਹ ਦੇਖਕੇ ਹੀ ਇਸ ਦੁਨੀਆਂ ਤੋਂ ਜਾਣ। ਸ਼ੋਭਾ ਨੇ ਰੋਸ-ਮਿਲੀ ਆਵਾਜ਼ ਵਿੱਚ ਕਿਹਾ।
ਗੁਆਂਢਣ ਮਨ ਹੀ ਮਨ ਸੋਚ ਰਹੀ ਸੀ—‘ਸ਼ੋਭਾ ਦੀ ਸੋਚ ਕਿੰਨੀ ਚੰਗੀ ਐ, ਨਹੀਂ ਤਾਂ ਅੱਜਕੱਲ ਕੌਣ ਆਪਣੇ  ੁਰਗਾਂ ਦੀ ਸੇਵਾ ਕਰਦੈ। ਸਾਰੇ ਇਹੀ ਸੋਚਦੇ ਨੇ ਕਿ ਕੱਲ ਮਰਦੇ ਅੱਜ ਹੀ ਮਰ ਜਾਣ।
ਪਰ ਉੱਧਰ ਸ਼ੋਭਾ ਸੋਚ ਰਹੀ ਸੀ…‘ਵੱਡੀ ਆਈ ਹਮਦਰਦੀ ਜਤਾਉਣ ਵਾਲੀ। ਭਲਾ ਸਾਡਾ ਨੁਕਸਾਨ ਨਾ ਹੋ ਜੂਗਾ। ਮਾਂ ਦੀ ਪੈਨਸ਼ਨ ਦੇ ਸਾਢੇ ਚਾਰ ਹਜ਼ਾਰ ਰੁਪਏ ਮਿਲਦੇ ਨੇ ਹਰ ਮਹੀਨੇ। ਮਾਂ ਦਾ ਖਰਚ ਈ ਕਿੰਨਾ ਐ? ਦਵਾਈਆਂ ਦੇ ਨਾਂ ’ਤੇ ਕੁਝ ਦੇਸੀ ਨੁਸਖੇ, ਭੋਜਨ ਦੇ ਨਾਂ ’ਤੇ ਫਿੱਕਾ, ਬਿਨਾ ਘਿਓ ਦਾ ਬੇਸਵਾਦ ਖਾਣਾ ਤੇ ਸਾਲ ਭਰ ’ਚ ਦੋ ਜੋੜੀ ਕਪੜੇ।’
                                       -0-

No comments: