Monday, June 15, 2015

ਹਿੰਦੀ/ ਆਖਰੀ ਸੱਚ



ਸਤੀਸ਼ ਦੁਬੇ (ਡਾ.)
                                    
ਸ਼ਹਿਰ ਤੋਂ ਕੁਝ ਹੀ ਦੂਰੀ ਉੱਤੇ ਸਥਿੱਤ ਉਹਨਾਂ ਦੋਨਾਂ ਕਾਲੋਨੀਆਂ ਦੇ ਨਿਵਾਸੀ ਭੈਭੀਤ ਸਨ। ਤਿੰਨ ਦਿਨਾਂ ਤੋਂ ਨਾ ਤਾਂ ਮਸਜਿਦ ਵਿਚ ਅਜ਼ਾਨ ਹੋ ਰਹੀ ਸੀ, ਨਾ ਹੀ ਮੰਦਰ ਵਿਚ ਆਰਤੀ। ਦੋਨਾਂ ਕਾਲੋਨੀਆਂ ਦੇ ਨਿੱਕੇ ਜਿਹੇ ਫਾਸਲੇ ਨੂੰ ਇਹਨਾਂ ਦਿਨਾਂ ਦੇ ਨਿੱਤ ਦੇ ਨਵੇਂ ਵਾਕਿਆਤ ਨੇ ਬਹੁਤ ਲੰਮਾਂ ਬਣਾ ਦਿੱਤਾ ਸੀ।
‘ਅੱਲਾ-ਹੂ-ਅਕਬਰ’ ਜਾਂ ‘ਹਰ ਹਰ ਮਹਾਦੇਵ’ ਦੀਆਂ ਆਵਾਜ਼ਾਂ ਸੁਣਦੇ ਹੀ ਹਲਚਲ ਮਚ ਜਾਂਦੀ। ਕਦੇ ਇੱਧਰ ਖ਼ਬਰ ਆਉਂਦੀ, ਉਹ ਲੋਕ ਝਗੜਾ ਕਰਨ ਆ ਰਹੇ ਹਨ। ਕਦੇ ਉੱਧਰ ਇਹ ਸੁਣਾਈ ਦਿੰਦਾ, ਬੱਸ ਥੋੜੀ ਹੀ ਦੇਰ ਵਿਚ ਕੀ ਹੋਵੇਗਾ, ਕੁਝ ਕਿਹਾ ਨਹੀਂ ਜਾ ਸਕਦਾ।
ਰਾਤਾਂ ਦਾ ਜਗਰਾਤਾ, ਉੱਪਰ-ਹੇਠ ਹੁੰਦੇ ਸਾਹ। ਅਖਬਾਰਾਂ ਦੀਆਂ ਭਿਆਨਕ ਖ਼ਬਰਾਂ। ਦੋਹਾਂ ਹੀ ਕਾਲੋਨੀਆਂ ਦੇ ਵਾਸੀ ਇਸ ਵਾਤਾਵਰਣ ਤੋਂ ਮੁਕਤੀ ਪਾਉਣ ਲਈ ‘ਨਿਪਟ ਲੈਣ’ ਦੀ ਮੁਦ੍ਰਾ ਵਿਚ ਨਿਕਲ ਪਏ।
ਦੋਹਾਂ ਟੋਲਿਆਂ ਨੇ ਇਕ-ਦੂਜੇ ਨੂੰ ਆਪਣੇ ਵੱਲ ਆਉਂਦੇ ਵੇਖਿਆ। ਸ਼ੰਕਾ ਬੇਬੁਨਿਆਦ ਨਹੀਂ ਸੀ। ਦੋਹੇਂ ਜਵਾਬੀ ਕਾਰਵਾਈ ਲਈ ਅੱਗੇ ਵਧੇ। ਫਾਸਲਾ ਬਹੁਤ ਘੱਟ ਰਹਿ ਗਿਆ ਸੀ। ਰੱਯਤਨੂਰ ਨੇ ਆਪਣੀ ਦਾੜ੍ਹੀ ਉੱਤੇ ਹੱਥ ਫੇਰਦੇ ਹੋਏ ਜੇਬ ਵਿਚ ਹੱਥ ਪਾਇਆ। ਰਾਮਪਾਲ ਉਹਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਥੋੜੀ ਦੇਰ ਉੱਥੇ ਹੀ ਰੁਕਿਆ ਰਿਹਾ। ਫੇਰ ਖੱਬੇ ਹੱਥ ਨਾਲ ਸੋਟੀ ਨੂੰ ਠੋਕਦੇ ਹੋਏ ਅੱਗੇ ਵਧਿਆ। ਰੱਯਤਨੂਰ ਨੇ ਆਪਣਾ ਸਿਰ ਨੀਵਾਂ ਕਰ ਲਿਆ।
‘ਲੈ ਚਲਾ ਗੋਲੀ!ਰਾਮਪਾਲ ਨੇ ਆਪਣੀ ਸੋਟੀ ਦੂਜੇ ਸਾਥੀ ਨੂੰ ਫੜਾਈ ਤੇ ਸੀਨਾ ਤਾਣ ਕੇ ਬੋਲਿਆ, ਪੈਂਟ ਦੀ ਜੇਬ ’ਚੋਂ ਹੱਥ ਕਿਉਂ ਨਹੀਂ ਕੱਢਦੇ? ਕੱਢੋ ਪਿਸਤੌਲ ਤੇ ਕਰ ਦਿਓ ਇਸ ਸੀਨੇ ਨੂੰ ਛਲਣੀ…।
  ਰੱਯਤਨੂਰ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਹੱਥ ਬਾਹਰ ਕੱਢਿਆ। ਮੁੱਠੀ ਗੁਲਾਬ ਦੀਆਂ ਪੰਖੜੀਆਂ ਨਾਲ ਭਰੀ ਹੋਈ ਸੀ। ਕੰਬਦੀ ਮੱਠੀ ਖੁੱਲ੍ਹ ਗਈ ਤੇ ਗੁਲਾਬ ਦੀਆਂ ਪੰਖੜੀਆਂ ਦੋਹਾਂ ਵਿਚਕਾਰਲੇ ਫਾਸਲੇ ਵਿਚ ਫੈਲ ਗਈਆਂ।
  ਰਾਮਪਾਲ ਨੇ ਝੀਲ ਦੇ ਪਾਣੀ ਵਰਗੀਆਂ ਰੱਯਤਨੂਰ ਦੀਆਂ ਅੱਖਾਂ ਵਿਚ ਵੇਖਿਆ, ਸਾਡੇ ਲੋਕਾਂ ਦੀ ਰੋਟੀ ਤੇ ਧੰਦਾ ਇਕ-ਦੂਜੇ ਨਾਲ ਜੁੜੇ ਹੋਏ ਹਨ। ਅਸੀਂ ਇਸ ਦੰਗੇ ਫਸਾਦ ਤੋਂ ਕੀ ਲੈਣਾ!
  ਮੈਂ ਤਾਂ ਆਪ ਤੁਹਾਨੂੰ ਇਹੀ ਅਰਜ਼ ਕਰਨੀ ਚਾਹੁੰਦਾ ਸੀ।ਦੋਹਾਂ ਨੇ ਇਕ ਦੂਜੇ ਦੀ ਮੁਸਕਰਾਹਟ ਨੂੰ ਵੇਖਿਆ ਤੇ ਗਲੇ ਲੱਗ ਗਏ।
  ਰਾਮਪਾਲ ਦਾ ਟੋਲਾ ਦੂਜੇ ਟੋਲੇ ਵਿਚ ਮਿਲ ਗਿਆ ਤੇ ਹੌਲੀ-ਹੌਲੀ ਉਹਨਾਂ ਦੀ ਕਾਲੋਨੀ ਵੱਲ ਵਧਣ ਲੱਗਾ। ਰੱਯਤਨੂਰ ਨੇ ਸਜਲ ਅੱਖਾਂ ਨਾਲ ਅਸਮਾਨ ਵੱਲ ਹੱਥ ਉਠਾਏ। ਉਹਨੂੰ ਲੱਗਾ, ਆਕਾਸ਼ ਦੀ ਧੁੰਦ ਤੇ ਅਸਮਾਨ ਦਾ ਕੋਹਰਾ ਛਟਣ ਲੱਗਾ ਸੀ।
                                       -0-
 

No comments: