Monday, October 6, 2014

ਹਿੰਦੀ/ ਚੋਰ ਦੀ ਜੁੱਤੀ



 ਸੁਰਿੰਦਰ ਮੰਥਨ (ਡਾ.)

ਸਤਵੀਰ ਮਿਲਦੇ ਹੀ ਫੱਕਰ ਅੰਦਾਜ ਵਿਚ ਬੋਲਿਆ, ਚੱਲਣੈ ਦਿੱਲੀ, ਮੁਫ਼ਤ ’ਚ? ਨੌਜਵਾਨ ਕ੍ਰਾਂਤੀ ਦਲ ਦਾ ਟ੍ਰੱਕ ਜਾ ਰਿਹੈ। ਉਂਜ ਤਾਂ ਸਾਲੇ ਚੋਰ ਨੇ, ਪਰ ਆਪਣਾ ਕੀ ਜਾਂਦੈ। ਮੁਫ਼ਤ ਦੀ ਸੈਰ। ਚਾਹ-ਪਾਣੀ ਫ੍ਰੀ। ਬੋਲ?
ਮੈਂ ਸਮਝਾਉਣ ਦੇ ਲਹਿਜੇ ਵਿਚ ਕਿਹਾ, ਆਪਣੀ ਪਾਰਟੀ ਦੇ ਲੋਕ ਕੀ ਸੋਚਣਗੇ?
ਕੋਈ ਕੁਝ ਨਹੀਂ ਸੋਚਦਾ, ਬਸ ਤੂੰ ਹਾਂ ਕਰ।
ਟਰੱਕ ਵਿਚ ਸਿਰਫ ਦਸ-ਬਾਰਾਂ ਆਦਮੀ ਸਨ। ਕੁਝ ਵਪਾਰੀ ਟਾਈਪ ਦੇ ਲੋਕ ਸਨ ਜੋ ਇਕ ਪਾਸੇ ਦਾ ਕਿਰਾਇਆ ਬਚਾਉਣ ਲਈ ਜਾ ਰਹੇ ਸਨ। ਸਤਵੀਰ ਨੇ ਆਪਣੇ ਚਾਰ-ਪੰਜ ਦੋਸਤਾਂ ਨੂੰ ਵੀ ਬਿਠਾ ਲਿਆ ਸੀ। ਟਰੱਕ ਵਿਚ ਸਾਡਾ ਬਹੁਮਤ ਸੀ।
ਟਰੱਕ ਜੀ.ਟੀ ਰੋਡ ਉੱਪਰ ਪਹੁੰਚਿਆ ਤਾਂ ਪਿੰਡਾ-ਕਸਬਿਆਂ ਵਿੱਚੋਂ ਰੈਲੀ ਵਿਚ ਭਾਗ ਲੈਣ ਵਾਲੇ ਟਰੱਕ ਨਾਲ ਜੁੜਦੇ ਗਏ। ਅੱਛਾ ਖਾਸਾ ਕਾਫਲਾ ਬਣ ਗਿਆ। ਨਾਅਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ।
ਅਚਾਨਕ ਖੜੇ ਹੋ ਕੇ ਸਤਵੀਰ ਕ੍ਰਾਂਤੀ ਦਲ ਵਿਰੋਧੀ ਨਾਅਰੇ ਲਾਉਣ ਲੱਗਾ। ਅਸੀਂ ਵੀ ਸਾਥ ਦਿੱਤਾ। ਟਰੱਕ ਵਿਚ ਬੈਠੇ ਦਲ ਦੇ ਕਾਰਜਕਰਤਾ ਬੇਬਸ ਤੇ ਖਾਮੋਸ਼ ਸਨ। ਸਾਨੂੰ ਰੋਕਣ ਦੀ ਹਿਮੰਤ ਉਹਨਾਂ ਵਿਚ ਨਹੀਂ ਸੀ।
ਅਸੀਂ ਟਿਕਾਣੇ ਉੱਤੇ ਪਹੁੰਚੇ ਤਾਂ ਲੋਕਾਂ ਦੇ ਇਕੱਠ ਦਾ ਕੋਈ ਅੰਤ ਨਹੀਂ ਸੀ। ਸੁਣਨ ਵਿਚ ਆਇਆ ਕਿ ਬੇਮਿਸਾਲ ਹਾਜ਼ਰੀ ਸੀ। ਦੂਰਦਰਸ਼ਨ ਨੇ ਵੀ ਸੰਮੇਲਨ ਦਾ ਨੋਟਿਸ ਲਿਆ।
ਮੁੜਦੇ ਵਕਤ ਸਤਵੀਰ ਨੇ ਕਿਹਾ, ਕਿਵੇਂ ਰਹੀ? ਹੋਈ ਨਾ ਉਹੀ ਗੱਲ ਚੋਰ ਦੀ ਜੁੱਤੀ, ਚੋਰ ਦਾ ਸਿਰ।
ਮੇਰਾ ਚਿਹਰਾ ਉਤਰਿਆ ਹੋਇਆ ਸੀ। ਸਿਰ ਖੁਰਕਦੇ ਹੋਏ ਮੈਂ ਬੁੜਬੁੜਾਇਆ, ਚੋਰ ਦੀ ਜੁੱਤੀ, ਪਰ ਸਿਰ ਕੀਹਦਾ?
                                           -0-

No comments: