ਗੋਵਿੰਦ ਸ਼ਰਮਾ
ਕਲੱਬ ਵਿੱਚ ਸਾਲਾਨਾ ਪਾਰਟੀ ਸੀ। ਸਾਹਬ ਲੋਕ ਪਰਿਵਾਰ ਸਣੇ ਆਏ ਸਨ। ਉਹਨਾਂ ਨੂੰ ਦੇਖ ਕੇ ਕੋਈ
ਕਹਿ ਹੀ ਨਹੀਂ ਸਕਦਾ ਸੀ ਕਿ ਭਾਰਤ ਵਿੱਚ ਕਿਤੇ ਗਰੀਬੀ ਹੈ ਜਾਂ ਕਿਸੇ ਚੀਜ ਦੀ ਕੋਈ ਘਾਟ ਹੈ। ਨਾ
ਕਿਸੇ ਨੂੰ ਬਿਜਲੀ-ਪਾਣੀ ਜਾਂ ਮਹਿੰਗਾਈ ਦੀ ਕੋਈ ਚਿੰਤਾ ਸੀ ਤੇ ਨਾ ਸਵਾਈਨਫਲੂ ਦਾ ਡਰ ਸੀ। ਜਿਸ
ਕਿਸੇ ਨੇ ‘ਸ਼ਾਈਨਿੰਗ ਇੰਡੀਆ’ ਦੇਖਣਾ ਹੋਵੇ ਤਾਂ ਇੱਥੇ ਦੇਖ ਸਕਦਾ ਸੀ। ਹਰ ਕੋਈ ਆਪਣੇ ਪੈਸੇ ਦਾ ਦਿਖਾਵਾ
ਕਰਨ ਵਿੱਚ ਲੱਗਾ ਸੀ।
ਪਰਿਵਾਰ ਦੀ ਗੱਲ ਚੱਲ ਪਈ। ਕੋਈ ਕਹਿ ਰਿਹਾ ਸੀ ਕਿ ਸ਼ਰਮੇ ਦਾ ਪਰਿਵਾਰ ਵੱਡਾ ਹੈ ਤਾਂ ਕੋਈ
ਖੰਨਾ ਦਾ ਦੱਸ ਰਿਹਾ ਸੀ। ਮਿਸੇਜ ਆਲੋ ਵਿੱਚ ਹੀ ਬੋਲ ਪਈ, “ਬਈ ਸਾਡਾ ਤਾਂ ਇੱਕਦਮ ਨਿਯੋਜਿਤ ਪਰਿਵਾਰ ਹੈ। ਅਸੀਂ ਦੋ
ਤੇ ਸਾਡੀ ਇਹ ਇੱਕ ਬੇਟੀ।”
“ਵਾਹ! ਤੁਹਾਡਾ ਪਰਿਵਾਰ ਤਾਂ ਬਹੁਤ ਛੋਟਾ ਹੈ…” ਇੱਕ ਵਿਅਕਤੀ
ਨੇ ਕਿਹਾ।
ਬੇਟੀ ਵਿੱਚਕਾਰ ਹੀ ਬੋਲ ਪਈ, “ਨਹੀਂ, ਨਹੀਂ, ਸਾਡਾ ਪਰਿਵਾਰ
ਇਤਨਾ ਹੀ ਨਹੀਂ। ਇਸਤੋਂ ਵੱਡਾ ਹੈ।”
“ਮਿਸੇਜ ਆਲੋ, ਲਗਦਾ ਹੈ ਤੁਸੀਂ ਆਪਣੀ ਬੇਟੀ ਨੂੰ ਬਹੁਤ ਦੇਸ਼
ਭਗਤ ਬਣਾ ਰੱਖਿਆ ਹੈ। ਹੁਣ ਇਹ ਕਹੇਗੀ ਕਿ ਪੂਰਾ ਦੇਸ਼ ਹੀ ਸਾਡਾ ਪਰਿਵਾਰ ਹੈ।”
“ਨਹੀਂ, ਆਂਟੀ ਨਹੀਂ…।”
“ਅੱਛਾ, ਤਾਂ ਇਹਨੂੰ ਉਹ ਪਾਠ ਵੀ ਪੜ੍ਹਾਇਆ ਹੋਇਆ ਹੈ ਜਿਸ ’ਚ ‘ਵਸੁਧੈਵ
ਕੁਟੁੰਬਕਮ’ ਲਿਖਿਆ ਹੈ। ਇਹ ਕਹੇਗੀ ਕਿ ਸਾਰਾ ਸੰਸਾਰ ਹੀ ਇਸਦਾ ਪਰਿਵਾਰ ਹੈ।”
“ਨਹੀਂ ਅੰਕਲ ਨਹੀਂ। ਨਾ ਦੇਸ਼, ਨਾ ਸੰਸਾਰ, ਸਾਡਾ ਪਰਿਵਾਰ ਸਾਡੇ
ਘਰ ਵਿੱਚ ਹੀ ਹੈ। ਘਰ ਵਿੱਚ ਮੇਰੇ ਦਾਦਾ-ਦਾਦੀ ਜੀ ਵੀ ਹਨ। ਸਾਡੇ ਪਰਿਵਾਰ ਵਿੱਚ ਤਿੰਨ ਨਹੀਂ ਪੰਜ
ਜਣੇ ਹਨ।”
ਬੇਟੀ ਦੀ ਇਹ ਗੱਲ ਕਿ ਬਜ਼ੁਰਗਾਂ ਨੂੰ ਵੀ ਆਪਣੇ ਪਰਿਵਾਰ ਦੇ
ਮੈਂਬਰ ਮੰਨੋਂ, ਆਧੁਨਿਕ ਸਾਹਬਾਂ-ਮੇਮ ਸਾਹਬਾਂ ਦੇ ਗਲੇ ਨਹੀਂ ਉਤਰ ਰਹੀ ਸੀ, ਪਰ ਉਸਦੀ ਗੱਲ ਦਾ
ਕੋਈ ਵਿਰੋਧ ਵੀ ਨਹੀਂ ਕਰ ਸਕਿਆ।
-0-
No comments:
Post a Comment