Monday, October 27, 2014

ਹਿੰਦੀ/ ਪਾਣੀ ਬਚਾਓ



ਕਮਲਾ ਨਿਖੁਰਪਾ

ਸੀਮਾ ਅੱਜ ਬਹੁਤ ਖੁਸ਼ ਸੀ। ਉਸਨੇ ਪ੍ਰਾਰਥਨਾ ਸਭਾ ਵਿਚ ‘ਪਾਣੀ ਬਚਾਓ’ ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ ਸੀ। ਭਾਸ਼ਣ ਸੁਣ ਕੇ ਸਾਰਿਆਂ ਨੇ ਜ਼ੋਰਦਾਰ ਤਾੀਆਂ ਮਾਰੀਆਂ ਸਨ। ਸਾਥੀ ਅਧਿਆਪਕਾਂ ਨੇ ਉਹਦੀ ਭਾਸ਼ਣ-ਕਲਾ ਦੀ ਤਾਰੀਫ ਕੀਤੀ।
ਦੁਬੇਜੀ ਬੋਲੇ, ਵਾਹ ਸੀਮਾ ਮੈਡਮ! ਕੀ ਜਬਰਦਸਤ ਭਾਸ਼ਣ ਸੀ ਤੁਹਾਡਾ, ਬਈ ਅਸੀਂ ਤਾਂ ਕਾਇਲ ਹੋ ਗਏ ਤੁਹਾਡੇ। ਭਰਾ ਸ਼ਰਮਾ ਜੀ! ਸਭ ਤੋਂ ਜ਼ਿਆਦਾ ਪਾਣੀ ਤਾਂ ਤੁਸੀਂ ਹੀ ਬਰਬਾਦ ਕਰਦੇ ਓ, ਪੂਰੀ ਕਾਲੋਨੀ ’ਚ। ਬਰਸਾਤ ਦੇ ਮੌਸਮ ’ਚ ਵੀ ਬਗੀਚੇ ’ਚ ਵੀ ਰੋਜ਼ ਸਿੰਜਾਈ ਹੋ ਰਹੀ ਐ। ਸੀਮਾ ਮੈਡਮ! ਜਰਾ ਸਮਝਾਓ ਇਨ੍ਹਾਂ ਨੂੰ, ਅੱਜ ਇਹ ਸਾਰਾ ਪਾਣੀ ਬਗੀਚੇ ਨੂੰ ਈ ਦਿੰਦੇ ਰਹੇ ਤਾਂ ਕੱਲ੍ਹ ਇਨ੍ਹਾਂ ਦੇ ਪੋਤ੍ਰੇ-ਪੋਤ੍ਰੀਆਂ ਤਿਹਾਏ ਰਹਿ ਜਾਣਗੇ।
ਜਮਾਤ ਵਿਚ ਸੀਮਾ ਮੈਡਮ ਨੇ ਵਿਦਿਆਰਥੀਆਂ ਨੂੰ ‘ਪਾਣੀ ਬਚਾਓ’ ਦਾ ਪ੍ਰੋਜੈਕਟ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਮੁਹੱਲੇ ਵਿਚ ਲੋਕਾਂ ਨੂੰ ਪਾਣੀ ਬਚਾਉਣ ਸਬੰਧੀ ਜਾਗਰੂਕ ਕਰਨ।
ਪਾਣੀ ਬਚਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪ੍ਰਿੰਸੀਪਲ ਨੇ ਸੀਮਾ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਕੁਝ ਦਿਨਾਂ ਬਾਦ ‘ਪਾਣੀ ਬਚਾਓ ਅਭਿਆਨ’ ਸਬੰਧੀ ਜਨ-ਜਾਗਰੂਕਤਾ ਲਈ ਸੀਮਾ ਨੂੰ ਡੀ.ਸੀ. ਹੱਥੋਂ ਪ੍ਰਸ਼ੰਸਾ-ਪੱਤਰ ਮਿਲਿਆ। ਇਹ ਦੋ ਮਹੀਨੇ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਦਾ ਆਖਰੀ ਦਿਨ ਸੀ।
ਸੀਮਾ ਗੁਣਗਣਾਉਂਦੀ ਹੋਈ ਘਰ ਆਈ। ਘਰ ਆ ਕੇ ਉਹਨੇ ਪਾਣੀ ਦੀ ਮੋਟਰ ਚਲਾਈ, ਸ਼ਾਵਰ ਖੋਲਿਆ ਤੇ ਅੱਖਾਂ ਬੰਦ ਕਰਕੇ ਥਕਾਵਟ ਦੂਰ ਕਰਨ ਲੱਗੀ। ਤਦ ਹੀ ਦਰਵਾਜੇ ਉੱਤੇ ਦਸਤਕ ਹੋਈ। ਛੇਤੀ-ਛੇਤੀ ਗਾਊਨ ਪਾ ਕੇ ਉਹਨੇ ਦਰਵਾਜਾ ਖੋਲਿਆ। ਦੇਖਿਆ ਤਾਂ ਸਾਹਮਣੇ ਗੁਆਂਢਣ ਖੀ ਸੀ ।
ਮੈਡਮ, ਆਪਣੀ ਮੋਟਰ ਬੰਦ ਕਰ ਦਿਓ, ਸਾਡੇ ਇੱਥੇ ਬਿਲਕੁਲ ਪਾਣੀ ਨਹੀਂ ਆ ਰਿਹਾ।
ਪਾਣੀ ਨਹੀਂ ਆ ਰਿਹਾ ਤਾਂ ਮੈਂ ਕੀ ਕਰਾਂ? ਤੁਸੀਂ ਆਪਣਾ ਕੋਈ ਹੋਰ ਇੰਤਜ਼ਾਮ ਕਰੋ।
ਮੈਡਮ, ਤੁਹਾਡੀ ਤੇ ਸਾਡੀ ਪਾਈਪਲਾਈਨ ਇਕ ਈ ਐ, ਜਦੋਂ ਤੁਸੀਂ ਮੋਟਰ ਚਲਾਉਂਦੇ ਓ ਤਾਂ ਸਾਡਾ ਪਾਣੀ ਬੰਦ ਹੋ ਜਾਂਦਾ ਐ।
ਇਹ ਤੁਹਾਡੀ ਪ੍ਰਾਬਲਮ ਐ, ਮੈਂ ਕੀ ਕਰ ਸਕਦੀ ਆਂ?
ਸਿੱਧੀ-ਸਾਦੀ ਗੁਆਂਢਣ ਆਪਣਾ ਜਿਹਾ ਮੂੰਹ ਲੈਕੇ ਵਾਪਸ ਚਲੀ ਗਈ।
ਅਗਲੇ ਦਿਨ ਸੀਮਾ ਅਤੇ ਉਸ ਦਾ ਪਰਿਵਾਰ ਛੁੱਟੀਆਂ ਮਣਾਉਣ ਲਈ ਬਾਹਰ ਚਲਾ ਗਿਆ।
ਸ਼ਾਮ ਨੂੰ ਠੀਕ ਪੰਜ ਵਜੇ ਸੀਮਾ ਦੇ ਰਸੋਈਘਰ ਵਿੱਚੋਂ ਆਵਾਜ਼ ਆਈਸੂੰਅ…ਸੂੰਅ…
ਫਿਰ ਬਾਥਰੂਮ ਦੀ ਟੂਟੀ ਨੇ ਵੀ ਸਿਸਕਾਰੀ ਭਰੀ ਤੇ ਸਾਰੀਆਂ ਟੂਟੀਆਂ ਵਿੱਚੋਂ ਪਾਣੀ ਵਗਣ ਲੱਗਾ। ਟੂਟੀਆਂ ਦਾ ਸਾਫ ਪਾਣੀ, ਨਾਲੀ ਦੇ ਗੰਦੇ ਪਾਣੀ ਨਾਲ ਮਿਲ ਕੇ ਵਗ ਰਿਹਾ ਸੀ।
ਤੇ ਸਾਰੀਆਂ ਛੁੱਟੀਆਂ ਦੌਰਾਨ ਪਾਣੀ ਇੰਜ ਹੀ ਵਗਦਾ ਰਿਹਾ।
                                        -0-





No comments: