ਹਸਨ
ਜਮਾਲ
ਉਹ ਆਦਮੀ ਬੇਤਹਾਸ਼ਾ ਭੱਜਿਆ ਜਾ ਰਿਹਾ ਸੀ, ਲਗਾਮ ਤੋਂ ਮੁਕਤ। ਇੰਜ, ਜੇਕਰ
ਕਿਤੇ ਉਹ ਰੁਕ ਗਿਆ ਤਾਂ ਪੱਛੜ ਜਾਵੇਗਾ। ਹਾਰ ਜਾਵੇਗਾ। ਲੋਕ ਉਸਨੂੰ ਹੈਰਾਨੀ ਨਾਲ ਦੇਖ ਰਹੇ ਸਨ,
ਪਰ ਉਸਨੂੰ ਕਿਸੇ ਦੀ ਪਰਵਾਹ ਨਹੀਂ ਸੀ।
ਅੰਤ ਇਕ ਜਗ੍ਹਾ ਇਕ ਆਦਮੀ ਨੇ ਉਸਨੂੰ ਰੋਕ ਲਿਆ। ਭਾਵੇਂ ਉਸ ਆਦਮੀ ਨੂੰ ਵੀ ਇਸਲਈ
ਦੌੜ ਲਾਉਣੀ ਪਈ ਸੀ। ਭੱਜਣ ਵਾਲੇ ਦੀ ਬਾਂਹ ਉਸਦੇ ਹੱਥ ਵਿਚ ਆ ਗਈ। ਉਸਨੇ ਪੁੱਛਿਆ, “ਕਿਉਂ ਭਰਾ, ਏਨੀ ਤੇਜ਼
ਕਿੱਥੇ ਭੱਜਿਆ ਜਾ ਰਿਹਾ ਹੈਂ? ਕੀ ਤੇਰੇ ’ਤੇ ਕੋਈ ਬਿਪਤਾ ਆ ਗਈ ਐ?”
ਭੱਜਣ ਵਾਲੇ ਨੇ ਨਰਾਜ ਹੋਕੇ ਰੋਕਣ ਵਾਲੇ ਆਦਮੀ ਵੱਲ ਦੇਖਿਆ ਤੇ ਮੱਥੇ ਤੋਂ
ਮੁੜ੍ਹਕਾ ਪੂੰਝਦੇ ਹੋਏ ਬੋਲਿਆ, “ਜਾਣਦੇ ਨਹੀਂ ਜ਼ਮਾਨਾ ਕਿੰਨੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਹੈ। ਮੈਂ ਕਿਸੇ
ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ।”
“ਪਰ ਜਨਾਬ, ਤੁਹਾਡੇ ਅੱਗੇ
ਤਾਂ ਕੋਈ ਨਹੀਂ ਹੈ।”
“ਤੁਸੀਂ ਠੀਕ ਕਹਿੰਦੇ ਹੋ,
ਮੈਂ ਸਭ ਤੋਂ ਅੱਗੇ ਨਿਕਲ ਆਇਆ ਹਾਂ।”
“ਪਰ ਤੁਹਾਡੇ ਪਿੱਛੇ ਵੀ
ਕੋਈ ਨਹੀਂ ਹੈ।”
ਇਸ ਵਾਰ ਭੱਜਣ ਵਾਲੇ ਦੇ ਚਿਹਰੇ ਤੇ ਚਿੰਤਾ ਦੇ ਭਾਵ ਦਿਖਾਈ ਦਿੱਤੇ। ਉਹਨੇ
ਪਿੱਛੇ ਮੁੜਕੇ ਦੇਖਿਆ। ਫਿਰ ਜਰਾ ਨਿਸ਼ਚਿੰਤ ਹੋਕੇ ਬੋਲਿਆ, “ਕੀ ਸਾਰੇ ਦੇ ਸਾਰੇ ਏਨਾ ਪਿੱਛੇ ਰਹਿ ਗਏ ਹਨ! ਓਹ! ਵਿਚਾਰੇ!”
ਤੇ ਉਹ ਅਰਾਮ ਨਾਲ ਰੁਮਾਲ ਕੱਢਕੇ ਮੁੜ੍ਹਕਾ ਪੂੰਝਣ ਲੱਗਾ।
-0-
No comments:
Post a Comment