ਭਗੀਰਥ
ਅਧਿਆਪਕ ਨੇ ਅੰਗਰੇਜ਼ੀ ਦਾ ਨਵਾਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ
ਵਿਦਿਆਰਥੀਆਂ ਤੋਂ ਪੁੱਛਿਆ, “ਹੋਮਵਰਕ ਕਰ ਲਿਆ?”
ਚਾਲੀਆਂ ਵਿੱਚੋਂ ਦਸ ਬੱਚਿਆਂ ਨੇ ਕਿਹਾ, “ਹਾਂ ਸਰ, ਕਰ ਲਿਆ।”
ਬਾਕੀ ਸਾਰੇ ਬੱਚੇ ਚੁੱਪ ਰਹੇ। ਅਧਿਆਪਕ ਨੇ ਉਹਨਾਂ ਸਾਰੇ ਬੱਚਿਆ ਨੂੰ ਖੜੇ ਹੋਣ ਦਾ ਆਦੇਸ਼
ਦਿੱਤਾ ਜਿਹੜੇ ਹੋਮਵਰਕ ਕਰਕੇ ਨਹੀਂ ਆਏ ਸਨ। ਹੁਣ ਉਹ ਇੰਜ ਸਵਾਲ ਪੁੱਛਣ ਲੱਗਾ ਜਿਵੇਂ ਥਾਣੇਦਾਰ
ਕਿਸੇ ਅਪਰਾਧੀ ਤੋਂ ਪੁੱਛਦਾ ਹੈ।
“ਹੋਮਵਰਕ ਕਿਉਂ ਨਹੀਂ ਕੀਤਾ?” ਅਧਿਆਪਕ ਨੇ ਇਕ ਤੋਂ ਕੜਕ ਕੇ ਪੁੱਛਿਆ।
ਵਿਦਿਆਰਥੀ ਚੁੱਪ। ਦੂਜੇ ਸਾਰੇ ਬੱਚੇ ਵੀ ਸਹਿਮ ਗਏ।
“ਮੈਂ ਪੁੱਛਦਾ ਹਾਂ, ਹੋਮਵਰਕ ਕਿਉਂ ਨਹੀਂ ਕੀਤਾ?”
ਉਹ ਫਿਰ ਚੁੱਪ।
“ਓਏ ਢੀਠਾ, ਬੋਲਦਾ ਕਿਉਂ ਨਹੀਂ? ਕੀ ਜਬਾਨ ਵੱਢੀ ਗਈ? ਉਂਜ ਕਲਾਸ ਨੂੰ ਤਾਂ ਸਿਰ ’ਤੇ
ਚੱਕੀ ਰੱਖਣਗੇ, ਪਰ ਪੜ੍ਹਾਈ-ਲਿਖਾਈ ਦੀ ਗੱਲ ਆਉਂਦੇ ਹੀ ਇਨ੍ਹਾਂ ਦੀ ਨਾਨੀ ਮਰ ਜਾਂਦੀ ਐ। ਬੋਲ,
ਹੋਮਵਰਕ ਕਿਉਂ ਨਹੀ ਕੀਤਾ?”
“ਸਰ, ਭੁੱਲ ਗਿਆ!” ਸੁਰੇਸ਼ ਨੇ ਡਰਦੇ-ਡਰਦੇ ਕਿਹਾ।
“ਵਾਹ! ਭੁੱਲ ਗਿਆ। ਸਾਹਬਜਾਦੇ ਭੁੱਲ ਗਏ।
ਰੋਟੀ ਖਾਣੀ ਕਿਉਂ ਨਹੀਂ ਭੁੱਲਿਆ? ਕਪੜੇ ਪਾਉਣੇ ਕਿਉਂ ਨਹੀਂ ਭੁੱਲਿਆ? ਦੱਸ!” ਅਧਿਆਪਕ ਨੇ ਉਹਦਾ ਮਖੌਲ ਉਡਾਉਂਦੇ
ਹੋਏ ਕਿਹਾ।
ਮੁੰਡਾ ਸਿਰ ਝੁਕਾ ਕੇ ਖੜਾ ਰਿਹਾ, ਅਪਰਾਧ-ਬੋਧ ਨਾਲ ਗ੍ਰਸਤ। ਅਧਿਆਪਕ ਦੂਜੇ ਬੱਚੇ ਕੋਲ ਗਿਆ।
“ਓਏ ਕੁੰਦਨਾਂ, ਤੂੰ ਹੋਮਵਰਕ ਕਿਉਂ ਨਹੀਂ ਕੀਤਾ ਓਏ?”
“ਸਰ, ਮੈਥ ਦਾ ਕੰਮ ਬਹੁਤ ਸੀ। ਟਾਈਮ ਹੀ ਨਹੀਂ ਮਿਲਿਆ।”
“ਅੱਛਾ!…ਤਾਂ ਤੂੰ ਮੈਥ ਦਾ ਕੰਮ ਕਰਦਾ
ਰਿਹਾ। ਇੰਗਲਿਸ਼ ਤੈਨੂੰ ਵੱਢਦੀ ਐ। ਇਹਦੇ ਲਈ ਤੇਰੇ ਕੋਲ ਟਾਈਮ ਹੀ ਨਹੀਂ। ਨਾ ਦਿਓ ਟਾਈਮ। ਇੰਗਲਿਸ਼
ਆਪਣਾ ਭੁਗਤਾਨ ਆਪ ਕਰਾ ਲੂ ਬੱਚੂ, ਸਮਝਿਆ।” ਅਧਿਆਪਕ ਨੇ ਧਮਕੀ ਦਿੱਤੀ।
ਅਧਿਆਪਕ ਤੀਜੇ ਬੱਚੇ ਵੱਲ ਹੋਇਆ।
“ਕਿਉਂ ਬਦ੍ਰੀ ਪ੍ਰਸਾਦ ਜੀ, ਤੁਸੀਂ ਕੰਮ ਕਿਉਂ ਨਹੀਂ ਕੀਤਾ?”
“ਸਰ, ਕੰਮ ਤਾਂ ਕੀਤਾ ਐ, ਪਰ ਕਾਪੀ ਘਰ ਭੁੱਲ ਆਇਆ।”
“ਵਾਹ! ਕੀ ਕਹਿਣਾ। ਕਿੰਨਾ ਸੋਹਣਾ ਬਹਾਨਾ
ਬਣਾਇਐ। ਤੂੰ ਜ਼ਰੂਰ ਲੀਡਰ ਬਣੇਗਾ। ਪੜ੍ਹਨ ਦਾ ਕੀ ਲਾਭ ਐ। ਜਾ ਤੇ ਐਮ. ਐਲ. ਏ. ਦਾ ਇਲੈਕਸ਼ਨ ਲੜ।”
“ਤੇ ਤੇਰਾ ਕੀ ਕਹਿਣਾ ਹੈ?” ਚੌਥੇ ਵਿਦਿਆਰਥੀ ਕੋਲ ਜਾ ਕੇ ਉਹਨੇ ਪੁੱਛਿਆ।
“……”
“ਤੂੰ ਕੀ ਬੋਲੇਂਗਾ। ਸਾਰਾ ਦਿਨ ਅਮਰੂਦ ਤੋੜਨ ਦੇ ਚੱਕਰ ’ਚ
ਮਾਰਿਆ-ਮਾਰਿਆ ਫਿਰਦਾ ਰਿਹਾ ਹੋਵੇਂਗਾ, ਜਾਂ ਫਿਰ ਬੰਟੇ ਖੇਡਦਾ ਰਿਹਾ ਹੋਵੇਂਗਾ। ਤੈਨੂੰ ਟਾਈਮ
ਕਿੱਥੋਂ ਮਿਲੂਗਾ? ਚੋਰ-ਉਚੱਕੇ ਬਣੋਗੇ। ਪਿਓ ਦਾ ਨਾਂ
ਰੋਸ਼ਨ ਕਰੋਗੇ। ਕਰੋ, ਮੈਨੂੰ ਕੀ।”
“ਦਿਨੇਸ਼, ਤੂੰ ਤਾਂ ਚੰਗਾ ਮੁੰਡਾ ਸੀ, ਤੂੰ ਕਿਉਂ ਨਹੀਂ ਕੀਤਾ?”
“ਸਰ, ਸਮਝ ਨਹੀਂ ਆਇਆ।”
“ਕਿਉਂ ਸਮਝ ’ਚ ਨਹੀਂ ਆਇਆ?” ਉਸ ਨੇ ਆਵਾਜ਼ ਨੂੰ ਸਖਤ ਕਰਕੇ ਪੁੱਛਿਆ।
“ਸਰ, ਕੁਝ ਵੀ ਸਮਝ ’ਚ ਨਹੀਂ ਆਇਆ।” ਬੱਚੇ ਦੀ ਆਵਾਜ਼ ਕੰਬੀ।
“ਮਾਂ-ਪਿਓ ਨੂੰ ਕਹਿ ਥੋੜੇ ਬਦਾਮ ਖੁਆਉਣ। ਮੈਂ ਘੰਟਾ ਭਰ ਭੌਂਕਦਾ
ਰਿਹਾ ਤੇ ਤੈਨੂੰ ਕੁਝ ਸਮਝ ਹੀ ਨਹੀਂ ਆਇਆ।”
ਸਾਰੇ ਮੁੰਡੇ ਸ਼ਰਮਿੰਦਾ ਤੇ ਬੇਇੱਜ਼ਤ ਹੋਏ ਮੂੰਹ ਲਮਕਾਈ ਖੜੇ ਸਨ। ਅਧਿਆਪਕ ਜੇਤੂ ਦੀ ਤਰ੍ਹਾਂ
ਛਾਤੀ ਤਾਣ ਕੇ ਖੜਾ ਸੀ। ਸਜ਼ਾ ਹੋਈ–ਚਾਲੀ ਬੈਠਕਾਂ ਤੇ ਚਾਰ-ਚਾਰ ਡੰਡੇ।
ਇਕ ਮੁੰਡਾ ਸੋਚਦਾ ਹੈ– ਜਿੱਥੇ ਇੰਨੀ ਦੁਰਗਤੀ ਹੋਵੇ,
ਉੱਥੇ ਭਵਿਖ ਕੀ ਬਣਨਾ ਹੈ।
ਦੂਜਾ ਸੋਚਦਾ ਹੈ– ਇਸ ਨਰਕ ’ਚੋਂ ਤਾਂ ਭੱਜ ਈ ਜਾਈਏ
ਤਾਂ ਚੰਗਾ ਐ।
ਦੰਦ ਪੀਸਦਾ ਹੋਇਆ ਤੀਜਾ ਮੁੰਡਾ ਸੋਚਦਾ ਹੈ– ਇਸ ਮਾਸਟਰ ਨੇ ਬੜਾ ਦੁਖੀ ਕੀਤਾ ਹੋਇਐ। ਇਹਦੀ ਆਕੜ ਤਾਂ ਭੰਨਣੀ ਹੀ ਪਊਗੀ।
ਚੌਥਾ ਸੋਚ ਰਿਹਾ ਹੈ– ਸਕੂਲ ਹੈ ਜਾਂ ਜੇਲ। ਮੌਕੇ ਦੀ
ਤਲਾਸ਼ ਐ, ਕਦੋਂ ਇਹਦੀਆਂ ਖਿੜਕੀਆਂ, ਦਰਵਾਜੇ ਤੇ ਬੈਂਚ ਤੋੜਨ ਦਾ ਸੁਭਾਗ ਪ੍ਰਾਪਤ ਹੋਵੇ।
ਪੰਜਵਾਂ ਕੁਝ ਨਹੀਂ ਸੋਚਦਾ। ਉਹ ਖੁੰਡਾ ਹੁੰਦਾ ਜਾ ਰਿਹਾ ਹੈ। ਪੂਰੀ ਤਰ੍ਹਾਂ ਮੰਦਬੁੱਧੀ।
-0-
No comments:
Post a Comment