ਰਤੀ ਲਾਲ
ਸ਼ਾਹੀਨ
“ਰਾਖੀ, ਦਵਾਈ ਪੀ ਲੀਂ…ਹਾਂ…।” ਮੈਂ ਆਪਣੀ ਬੇਟੀ ਨੂੰ ਕਿਹਾ ਅਤੇ ਦਫਤਰ ਲਈ ਤੁਰ ਪਿਆ।
ਤਿੰਨ ਦਿਨਾਂ ਤੋਂ ਬੁਖਾਰ ਉਤਰਣ ਦਾ ਨਾਂ ਹੀ ਨਹੀਂ ਸੀ ਲੈ
ਰਿਹਾ। ਪਹਿਲਾਂ ਛੋਟੇ ਪੁੱਤਰ, ਪੰਜ ਸਾਲਾ ਦਿਨੇਸ਼ ਨੂੰ ਫਲੂ ਹੋਇਆ
ਤਾਂ ਉਹ ਤਿੰਨ ਦਿਨ ਮੇਰੀ ਬਗਲ ਵਿਚ ਹੀ ਸੌਂਦਾ ਰਿਹਾ। ਕਹਿੰਦਾ, ‘ਡੈਡੀ, ਮੈਂ ਤੁਹਾਡੇ ਕੋਲ ਈ
ਸੋਵਾਂਗਾ।’
ਫਿਰ ਤਿੰਨ ਸਾਲ ਦੀ ਸੁਮਨ ਬੇਟੀ ਨੂੰ ਫਲੂ ਨੇ ਜਕੜ ਲਿਆ ਤਾਂ
ਉਹ ਵੀ ਪਤਨੀ ਦਾ ਪਲੰਘ ਛੱਡ ਕੇ ਮੇਰੇ ਨਾਲ ਹੀ ਸੌਂਦੀ ਰਹੀ, ਜਦੋਂ ਤਕ ਕਿ ਬੁਖਾਰ ਠੀਕ ਨਹੀਂ ਹੋ
ਗਿਆ। ਹੁਣ ਰਾਖੀ ਨੂੰ ਫਲੂ ਨੇ ਆਪਣੀ ਜਕੜ ਵਿਚ ਲੈ ਲਿਆ। ਇਸ ਤਰ੍ਹਾਂ ਰਾਖੀ ਦਾ ਬੁਖਾਰ ਤਿੰਨ
ਦਿਨਾਂ ਵਿਚ ਉਤਰ ਜਾਣਾ ਚਾਹੀਦਾ ਸੀ। ਜਦੋਂ ਨਮਕ ਦੀ ਪੱਟੀ ਰੱਖੀ ਜਾਂਦੀ, ਬੁਖਾਰ ਉਤਰ ਜਾਂਦਾ। ਰਾਤ
ਹੁੰਦੇ ਹੀ ਫਿਰ ਉਸਦਾ ਮੱਥਾ ਤਪਣ ਲੱਗ ਜਾਂਦਾ। ਹੁਣ ਉਹ ਰਾਤ ਨੂੰ ਮੇਰੇ ਹੀ ਪਲੰਘ ਉੱਪਰ ਸੌਂਦੀ।
ਸ਼ਾਮ ਨੂੰ ਦਫਤਰੋਂ ਘਰ ਪੁੱਜਾ ਤਾਂ ਦੇਖਿਆ, ਰਾਖੀ ਦਾ ਬੁਖਾਰ
ਜਿਉਂ ਦਾ ਤਿਉਂ ਸੀ। ਪਤਨੀ ਨੂੰ ਪੁੱਛਿਆ, “ਦਵਾਈ ਦਿੱਤੀ ਸੀ?”
ਉਹਨੇ ਦੱਸਿਆ, “ਸਵੇਰੇ ਅਤੇ ਦੁਪਹਿਰੇ ਗੋਲੀਆਂ ਅਤੇ
ਪੀਣ ਦੀ ਦਵਾਈ ਉਹ ਆਪ ਲੈ ਗਈ ਸੀ ਕਿ ਆਪ ਈ ਲੈ ਲਵੇਗੀ।”
ਮੈਂ ਚਿੰਤਾ ਵਿਚ ਡੁੱਬ ਗਿਆ , ਤਦ ਬੁਖਾਰ ਉਤਰ ਕਿਉਂ ਨਹੀਂ
ਰਿਹਾ?
ਮੈਂ ਉਸਨੂੰ ਮੁੜ ਡਾਕਟਰ ਕੋਲ ਲੈਕੇ ਜਾਣ ਦੀ ਗੱਲ ਸੋਚੀ, “ਰਾਖੀ ਕਪੜੇ ਬਦਲ, ਡਾਕਟਰ
ਕੋਲ ਚੱਲਣਾ ਹੈ।”
ਕਪੜੇ ਤਾਂ ਉਹਨੇ ਬਦਲੇ ਨਹੀਂ, ਪਰ ਰੋਣ ਲੱਗ ਪਈ, “ਡੈਡੀ, ਡਾਕਟਰ ਸੂਈ ਲਾਊਗਾ
ਨਾ?”
“ਹਾਂ।”
“ਸੂਈ ਨਾਲ ਬੁਖਾਰ ਉਤਰ ਜਾਂਦਾ ਐ ਨਾ?”
“ਹਾਂ।”
“ਡੈਡੀ, ਗੋਲੀ ਅਤੇ ਦਵਾਈ ਨਾਲ ਵੀ
ਬੁਖਾਰ ਉਤਰਦਾ ਐ ਨਾ?”
“ਉਤਰਦਾ ਐ। ਉਤਰਨਾ ਵੀ ਚਾਹੀਦੈ।”
ਰਾਖੀ ਰੋਂਦੀ ਰਹੀ। ਮੈਂ ਮੁਸਕਰਾਇਆ, “ ਪੁੱਤਰ! ਤੂੰ ਅੱਠ ਸਾਲਾਂ ਦੀ ਐਂ।
ਸਭ ਤੋਂ ਵੱਡੀ ਐਂ। ਬੁਖਾਰ ਹੋਣ ਤੇ ਕੀ ਰੋਈਦੈ? ਮੈਂ ਡਾਕਟਰ ਨੂੰ ਕਹਿ ਦਿਆਂਗਾ ਕਿ ਸੂਈ ਹੌਲੀ-ਹੌਲੀ ਲਾਵੇ। ਦਰਦ ਨਾ
ਕਰੇ।”
“ਪਰ ਡੈਡੀ, ਫਿਰ ਬੁਖਾਰ ਉਤਰ
ਜਾਵੇਗਾ।”
“ਇਹ ਤਾਂ ਚੰਗੀ ਗੱਲ ਐ।”
“ਪਰ ਮੈਂ ਤੁਹਾਡੇ ਕੋਲ ਈ ਸੋਵਾਂਗੀ।”
“ਚੰਗਾ ਬਾਬਾ! ਮੇਰੇ ਕੋਲ ਈ ਸੌਂ ਜੀਂ।”
“ਸੱਚੀਂ!”
ਰਾਖੀ ਨੂੰ ਜਿਵੇਂ ਮੇਰੀ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ।
ਜਦੋਂ ਮੈਂ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਮੇਰੇ ਕੋਲ ਹੀ ਸੌਂਵੇਗੀ, ਤਦ ਉਹਦਾ ਰੋਣਾ
ਬੰਦ ਹੋਇਆ। ਉਹ ਕਮਰੇ ਵਿਚ ਚਲੀ ਗਈ। ਪਰ ਉਹਨੇ ਕਪੜੇ ਨਹੀਂ ਬਦਲੇ। ਉਹ ਮੁੜੀ ਤਾਂ ਉਸਦੇ ਹੱਥ ਵਿਚ
ਤਿੰਨ ਦਿਨਾਂ ਦੀ ਦਵਾਈ ਦੀ ਖੁਰਾਕ ਸੀ ਤੇ ਇਕ ਸ਼ੀਸ਼ੀ ਜਿਸ ਵਿਚ ਪੀਣ ਵਾਲੀ ਦਵਾ ਸੀ। ਮੈਨੂੰ ਦਵਾਈ
ਦਿਖਾਉਂਦੇ ਹੋਏ ਬੋਲੀ, “ਡੈਡੀ, ਮੇਰਾ ਬੁਖਾਰ ਉਤਰ ਜਾਂਦਾ
ਤਾਂ ਮੈਂ ਤੁਹਾਡੇ ਕੋਲ ਨਹੀਂ ਸੌਂ ਸਕਦੀ ਸੀ। ਇਸ ਲਈ ਮੈਂ ਦਵਾਈ ਲਈ ਈ ਨਹੀਂ। ਹੁਣ ਲਵਾਂਗੀ।“
ਮੇਰੀ ਅੱਠਾਂ ਸਾਲਾਂ ਦੀ ਧੀ ਨੇ ਜ਼ਿੰਦਗੀ ਦਾ ਇਕ ਨਵਾਂ ਅਧਿਆਇ
ਖੋਲ੍ਹ ਦਿੱਤਾ ਸੀ।
-0-
No comments:
Post a Comment