Monday, September 29, 2014

ਹਿੰਦੀ/ ਪਰਿਵਾਰ



ਗੋਵਿੰਦ ਸ਼ਰਮਾ
ਕਲੱਬ ਵਿੱਚ ਸਾਲਾਨਾ ਪਾਰਟੀ ਸੀ। ਸਾਹਬ ਲੋਕ ਪਰਿਵਾਰ ਸਣੇ ਆਏ ਸਨ। ਉਹਨਾਂ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਸੀ ਕਿ ਭਾਰਤ ਵਿੱਚ ਕਿਤੇ ਗਰੀਬੀ ਹੈ ਜਾਂ ਕਿਸੇ ਚੀਜ ਦੀ ਕੋਈ ਘਾਟ ਹੈ। ਨਾ ਕਿਸੇ ਨੂੰ ਬਿਜਲੀ-ਪਾਣੀ ਜਾਂ ਮਹਿੰਗਾਈ ਦੀ ਕੋਈ ਚਿੰਤਾ ਸੀ ਤੇ ਨਾ ਸਵਾਈਨਫਲੂ ਦਾ ਡਰ ਸੀ। ਜਿਸ ਕਿਸੇ ਨੇ ‘ਸ਼ਾਈਨਿੰਗ ਇੰਡੀਆ’ ਦੇਖਣਾ ਹੋਵੇ ਤਾਂ ਇੱਥੇ ਦੇਖ ਸਕਦਾ ਸੀ। ਹਰ ਕੋਈ ਆਪਣੇ ਪੈਸੇ ਦਾ ਦਿਖਾਵਾ ਕਰਨ ਵਿੱਚ ਲੱਗਾ ਸੀ।
ਪਰਿਵਾਰ ਦੀ ਗੱਲ ਚੱਲ ਪਈ। ਕੋਈ ਕਹਿ ਰਿਹਾ ਸੀ ਕਿ ਸ਼ਰਮੇ ਦਾ ਪਰਿਵਾਰ ਵੱਡਾ ਹੈ ਤਾਂ ਕੋਈ ਖੰਨਾ ਦਾ ਦੱਸ ਰਿਹਾ ਸੀ। ਮਿਸੇਜ ਆਲੋ ਵਿੱਚ ਹੀ ਬੋਲ ਪਈ, ਬਈ ਸਾਡਾ ਤਾਂ ਇੱਕਦਮ ਨਿਯੋਜਿਤ ਪਰਿਵਾਰ ਹੈ। ਅਸੀਂ ਦੋ ਤੇ ਸਾਡੀ ਇਹ ਇੱਕ ਬੇਟੀ।
“ਵਾਹ! ਤੁਹਾਡਾ ਪਰਿਵਾਰ ਤਾਂ ਬਹੁਤ ਛੋਟਾ ਹੈ…” ਇੱਕ ਵਿਅਕਤੀ ਨੇ ਕਿਹਾ।
ਬੇਟੀ ਵਿੱਚਕਾਰ ਹੀ ਬੋਲ ਪਈ, “ਨਹੀਂ, ਨਹੀਂ, ਸਾਡਾ ਪਰਿਵਾਰ ਇਤਨਾ ਹੀ ਨਹੀਂ। ਇਸਤੋਂ ਵੱਡਾ ਹੈ।”
“ਮਿਸੇਜ ਆਲੋ, ਲਗਦਾ ਹੈ ਤੁਸੀਂ ਆਪਣੀ ਬੇਟੀ ਨੂੰ ਬਹੁਤ ਦੇਸ਼ ਭਗਤ ਬਣਾ ਰੱਖਿਆ ਹੈ। ਹੁਣ ਇਹ ਕਹੇਗੀ ਕਿ ਪੂਰਾ ਦੇਸ਼ ਹੀ ਸਾਡਾ ਪਰਿਵਾਰ ਹੈ।”
“ਨਹੀਂ, ਆਂਟੀ ਨਹੀਂ…
“ਅੱਛਾ, ਤਾਂ ਇਹਨੂੰ ਉਹ ਪਾਠ ਵੀ ਪੜ੍ਹਾਇਆ ਹੋਇਆ ਹੈ ਜਿਸ ’ਚ ‘ਵਸੁਧੈਵ ਕੁਟੁੰਬਕਮ’ ਲਿਖਿਆ ਹੈ। ਇਹ ਕਹੇਗੀ ਕਿ ਸਾਰਾ ਸੰਸਾਰ ਹੀ ਇਸਦਾ ਪਰਿਵਾਰ ਹੈ।”
“ਨਹੀਂ ਅੰਕਲ ਨਹੀਂ। ਨਾ ਦੇਸ਼, ਨਾ ਸੰਸਾਰ, ਸਾਡਾ ਪਰਿਵਾਰ ਸਾਡੇ ਘਰ ਵਿੱਚ ਹੀ ਹੈ। ਘਰ ਵਿੱਚ ਮੇਰੇ ਦਾਦਾ-ਦਾਦੀ ਜੀ ਵੀ ਹਨ। ਸਾਡੇ ਪਰਿਵਾਰ ਵਿੱਚ ਤਿੰਨ ਨਹੀਂ ਪੰਜ ਜਣੇ ਹਨ।”
ਬੇਟੀ ਦੀ ਇਹ ਗੱਲ ਕਿ ਬਜ਼ੁਰਗਾਂ ਨੂੰ ਵੀ ਆਪਣੇ ਪਰਿਵਾਰ ਦੇ ਮੈਂਬਰ ਮੰਨੋਂ, ਆਧੁਨਿਕ ਸਾਹਬਾਂ-ਮੇਮ ਸਾਹਬਾਂ ਦੇ ਗਲੇ ਨਹੀਂ ਉਤਰ ਰਹੀ ਸੀ, ਪਰ ਉਸਦੀ ਗੱਲ ਦਾ ਕੋਈ ਵਿਰੋਧ ਵੀ ਨਹੀਂ ਕਰ ਸਕਿਆ।
                                          -0-
  

Sunday, September 21, 2014

ਹਿੰਦੀ/ ਖੁਸ਼ਫਹਿਮੀ



ਹਸਨ ਜਮਾਲ
ਉਹ ਆਦਮੀ ਬੇਤਹਾਸ਼ਾ ਭੱਜਿਆ ਜਾ ਰਿਹਾ ਸੀ, ਲਗਾਮ ਤੋਂ ਮੁਕਤ। ਇੰਜ, ਜੇਕਰ ਕਿਤੇ ਉਹ ਰੁਕ ਗਿਆ ਤਾਂ ਪੱਛੜ ਜਾਵੇਗਾ। ਹਾਰ ਜਾਵੇਗਾ। ਲੋਕ ਉਸਨੂੰ ਹੈਰਾਨੀ ਨਾਲ ਦੇਖ ਰਹੇ ਸਨ, ਪਰ ਉਸਨੂੰ ਕਿਸੇ ਦੀ ਪਰਵਾਹ ਨਹੀਂ ਸੀ।
ਅੰਤ ਇਕ ਜਗ੍ਹਾ ਇਕ ਆਦਮੀ ਨੇ ਉਸਨੂੰ ਰੋਕ ਲਿਆ। ਭਾਵੇਂ ਉਸ ਆਦਮੀ ਨੂੰ ਵੀ ਇਸਲਈ ਦੌੜ ਲਾਉਣੀ ਪਈ ਸੀ। ਭੱਜਣ ਵਾਲੇ ਦੀ ਬਾਂਹ ਉਸਦੇ ਹੱਥ ਵਿਚ ਆ ਗਈ। ਉਸਨੇ ਪੁੱਛਿਆ, ਕਿਉਂ ਭਰਾ, ਏਨੀ ਤੇਜ਼ ਕਿੱਥੇ ਭੱਜਿਆ ਜਾ ਰਿਹਾ ਹੈਂ? ਕੀ ਤੇਰੇ ’ਤੇ ਕੋਈ ਬਿਪਤਾ ਆ ਗਈ ਐ?
ਭੱਜਣ ਵਾਲੇ ਨੇ ਨਰਾਜ ਹੋਕੇ ਰੋਕਣ ਵਾਲੇ ਆਦਮੀ ਵੱਲ ਦੇਖਿਆ ਤੇ ਮੱਥੇ ਤੋਂ ਮੁੜ੍ਹਕਾ ਪੂੰਝਦੇ ਹੋਏ ਬੋਲਿਆ, ਜਾਣਦੇ ਨਹੀਂ ਜ਼ਮਾਨਾ ਕਿੰਨੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਹੈ। ਮੈਂ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ।
ਪਰ ਜਨਾਬ, ਤੁਹਾਡੇ ਅੱਗੇ ਤਾਂ ਕੋਈ ਨਹੀਂ ਹੈ।
ਤੁਸੀਂ ਠੀਕ ਕਹਿੰਦੇ ਹੋ, ਮੈਂ ਸਭ ਤੋਂ ਅੱਗੇ ਨਿਕਲ ਆਇਆ ਹਾਂ।
ਪਰ ਤੁਹਾਡੇ ਪਿੱਛੇ ਵੀ ਕੋਈ ਨਹੀਂ ਹੈ।
ਇਸ ਵਾਰ ਭੱਜਣ ਵਾਲੇ ਦੇ ਚਿਹਰੇ ਤੇ ਚਿੰਤਾ ਦੇ ਭਾਵ ਦਿਖਾਈ ਦਿੱਤੇ। ਉਹਨੇ ਪਿੱਛੇ ਮੁੜਕੇ ਦੇਖਿਆ। ਫਿਰ ਜਰਾ ਨਿਸ਼ਚਿੰਤ ਹੋਕੇ ਬੋਲਿਆ, ਕੀ ਸਾਰੇ ਦੇ ਸਾਰੇ ਏਨਾ ਪਿੱਛੇ ਰਹਿ ਗਏ ਹਨ! ਓਹ! ਵਿਚਾਰੇ!
ਤੇ ਉਹ ਅਰਾਮ ਨਾਲ ਰੁਮਾਲ ਕੱਢਕੇ ਮੁੜ੍ਹਕਾ ਪੂੰਝਣ ਲੱਗਾ।
                                     -0-



Sunday, September 14, 2014

ਹਿੰਦੀ / ਰਾਜਨੀਤੀ





ਅਸ਼ਫਾਕ ਕਾਦਰੀ                                            

ਨੇਤਾ ਜੀ ਦੇ ਘਰ ਕੋਹਰਾਮ ਮੱਚਿਆ ਸੀ। ਤਿੰਨ ਦਿਨਾਂ ਤੋਂ ਲਾਪਤਾ ਉਹਨਾਂ ਦੇ ਲਾਡਲੇ ਪੁੱਤਰ ਦੀ ਲਾਸ਼ ਗੰਦੇ ਨਾਲੇ ਵਿੱਚੋਂ ਮਿਲੀ ਸੀ। ਰਿਸ਼ਤੇਦਾਰ, ਦੋਸਤ ਮਿੱਤਰ ਤੇ ਕਾਰਜਕਰਤਾ ਰੋਂਦੇ ਹੋਏ ਉਹਨਾਂ ਦੇ ਘਰ ਆ ਰਹੇ ਸਨ। ਸਭ ਵਧ ਚੜ੍ਹਕੇ ਆਪਣਾ ਸ਼ੋਕ ਪਰਗਟਾ ਰਹੇ ਸਨ। ਨੇਤਾ ਜੀ ਡਰਾਇੰਗ ਰੂਮ ਵਿਚ ਪੁਲਿਸ ਅਧਿਕਾਰੀਆਂ ਨਾਲ ਸੋਚ-ਵਿਚਾਰ ਵਿਚ ਡੁੱਬੇ ਸਨ। ਮੁੰਡੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਸੀ। ਝਗੜਾ ਹੋਣ ਉੱਤੇ ਸ਼ਰਾਬ ਦੇ ਨਸ਼ੇ ਵਿਚ ਉਸ ਦੇ ਦੋਸਤਾਂ ਨੇ ਹੀ ਉਸ ਨੂੰ ਮਾਰ ਦਿੱਤਾ ਸੀ। ਮਾਰਣ ਉਪਰੰਤ ਲਾਸ਼ ਗੰਦੇ ਨਾਲੇ ਵਿਚ ਸੁੱਟ ਦਿੱਤੀ ਸੀ। ਪੁਲਿਸ ਨੇਤਾ ਜੀ ਨੂੰ ਰਿਪੋਰਟ ਲਿਖਵਾਉਣ ਲਈ ਕਹਿ ਰਹੀ ਸੀ। ਪਰ ਨੇਤਾ ਜੀ ਕਿਸੇ ਸੋਚ ਵਿਚਾਰ ਵਿਚ ਡੁੱਬੇ ਸਨ।
ਅਚਾਨਕ ਨੇਤਾ ਜੀ ਨੂੰ ਕੁਝ ਸੁੱਝਿਆ ਤੇ ਉਹਨਾਂ ਦੀਆਂ ਅੱਖਾਂ ਵਿਚ ਚਮਕ ਉੱਭਰ ਆਈ। ਉਹ ਬੋਲੇ, ਇਸ ਕਤਲ ਵਿਚ ਤੁਸੀਂ ਜਿਨ੍ਹਾਂ ਮੁੰਡਿਆਂ ਦੇ ਨਾਂ ਲਏ ਹਨ, ਉਹ ਸਭ ਬੇਕਸੂਰ ਹਨ। ਮੇਰੇ ਬੇਟੇ ਦੇ ਕਤਲ ਲਈ ਗਹਿਰੀ ਸਾਜਿਸ਼ ਰਚੀ ਗਈ ਹੈ। ਇਹ ਸਭ ਮੇਰੇ ਰਾਜਨੀਤਕ ਵਿਰੋਧੀਆਂ ਦੀ ਚਾਲ ਐ। ਨਿਸ਼ਚੈ ਹੀ ਮੇਰੇ ਧੁਰ ਵਿਰੋਧੀ ਅੰਸਾਰੀ ਨੇ ਹੀ ਮੇਰੇ ਬੇਟੇ ਨੂੰ ਮਰਵਾਇਆ ਹੈ! ਤੁਸੀਂ ਰਿਪੋਰਟ ਲਿਖ ਕੇ ਤੁਰੰਤ ਉਸਨੂੰ ਗਿਰਫਤਾਰ ਕਰੋ।
ਪਰ ਸਰ! ਮੁੰਡਿਆਂ ਤੋਂ ਪੁੱਛਗਿੱਛ ’ਚ ਤਾਂ ਅੰਸਾਰੀ ਦਾ ਨਾਂ ਸਾਹਮਣੇ ਨਹੀਂ ਆਇਆ। ਕਤਲ ਤਾਂ ਉਨ੍ਹਾਂ ਦੇ ਆਪਸੀ ਝਗੜੇ ਕਾਰਨ ਹੋਇਆ ਹੈ।ਪੁਲਿਸ ਅਧਿਕਾਰੀ ਨੇ ਸਮਝਾਉਣਾ ਚਾਹਿਆ।
ਮੈਂ ਕਹਿ ਰਿਹਾ ਹਾਂ ਕਿ ਇਹ ਮੇਰੇ ਰਾਜਨੀਤਕ ਦੁਸ਼ਮਣ ਅੰਸਾਰੀ ਦੀ ਚਾਲ ਹੈ…ਤੇ ਜੇ ਤੁਸੀਂ ਉਸਨੂੰ ਗਿਰਫਤਾਰ ਨਹੀਂ ਕਰੋਗੇ ਤਾਂ ਮੈਂ ਅੰਦੋਲਨ ਕਰਾਂਗਾ। ਧਰਨੇ-ਪ੍ਰਦਰਸ਼ਨ ਹੋਣਗੇ। ਇਸ ਕਤਲ ਦੇ ਵਿਰੋਧ ’ਚ ਸਾਡੇ ਵਰਕਰ ਜਾਨ ਲੜਾ ਦੇਣਗੇ।ਆਪਣੀ ਅੰਦਰਲੀ ਚਮਕ ਨੂੰ ਛਿਪਾਉਂਦੇ ਹੋਏ ਨੇਤਾ ਜੀ ਪੂਰੇ ਰੋਹ ਵਿਚ ਬੋਲੇ। ਚੋਣਾਂ ਲਈ ਉਹਨਾਂ ਨੂੰ ਮੁੱਦਾ ਮਿਲ ਗਿਆ ਸੀ।
                                               -0-