Saturday, July 26, 2014

ਹਿੰਦੀ / ਖੇਡਣ ਦਿਓ



ਕਮਲ ਚੋਪੜਾ

ਨਿਤਿਨ ਦੇ ਸ਼ਾਟ ਦੇ ਨਾਲ ਹੀ ਗੇਂਦ ਨਾਲੇ ਵਿਚ ਜਾ ਡਿੱਗੀ। ਨਾਲੇ ਵਿੱਚੋਂ ਗੇਂਦ ਨੂੰ ਕੱਢੇ ਕੌਣ? ਬਦਬੂ ਤੇ ਗੰਦਗੀ ਨਾਲ ਭਰਿਆ ਨਾਲਾ।
ਚਰਨੂ ਬੜੀ ਹਸਰਤ ਨਾਲ ਉਹਨਾਂ ਦੀ ਖੇਡ ਦੇਖ ਰਿਹਾ ਸੀ। ਉਹਨੂੰ ਕੋਈ ਆਪਣੇ ਨਾਲ ਨਹੀਂ ਖਿਡਾ ਰਿਹਾ ਸੀ। ਨਿਤਿਨ ਨੇ ਉਹਨੂੰ ਕਿਹਾ, ਓਏ, ਨਾਲੇ ’ਚੋਂ ਬਾਲ ਕੱਢਦੇ, ਅਸੀਂ ਤੈਨੂੰ ਇਕ ਰੁਪਿਆ ਦਿਆਂਗੇ ਤੇ ਆਪਣੇ ਨਾਲ ਖਿਡਾਵਾਂਗੇ ਵੀ।
ਚਰਨੂ ਲਾਲਚ ਵਿਚ ਆ ਗਿਆ। ਨਾਲੇ ਵਿਚ ਉਤਰਨ ਲਈ ਉਹ ਲਮਕ ਗਿਆ। ਅਚਾਨਕ ਉਹਦਾ ਹੱਥ ਫਿਸਲਿਆ ਤੇ ਉਹ ਸਿਰ ਭਾਰ ਚਿੱਕੜ ਵਿਚ ਜਾ ਡਿੱਗਾ। ਉਹ ਛਟਪਟਾਉਣ ਲੱਗਾ, ਹੱਥ-ਪੈਰ ਮਾਰਨ ਲੱਗਾ। ਉਹਨੇ ਤਾਂ ਜਿਵੇਂ ਜਾਨ ਦੀ ਬਾਜ਼ੀ ਹੀ ਲਾ ਦਿੱਤੀ ਸੀ।
ਅਮੀਰ ਘਰਾਂ ਦੇ ਬੱਚੇ ਉੱਪਰ ਖੜੇ ਹੱਸਦੇ ਖਿੜਖਿੜਾਉਂਦੇ ਰਹੇ। ਉਹ ਚਾਹ ਰਹੇ ਸਨ ਕਿ ਉਹ ਛੇਤੀ ਹੀ ਗੇਂਦ ਬਾਹਰ ਕੱਢ ਲਿਆਵੇ।
ਸਾਲਾ ਨੀਚ! ਵੇਖੋ ਇਕ ਰੁਪਏ ਲਈ ਗੰਦਗੀ ’ਚ ਵੜਕੇ…
ਇਹ ਸਾਲਾ ਨੀਚ!…ਇਹ ਗਰੀਬ ਲੋਕ ਏਨੇ ਲਾਲਚੀ ਤੇ ਗਿਰੇ ਹੋਏ ਹੁੰਦੇ ਹਨ ਕਿ ਪੈਸੇ ਲਈ ਤਾਂ ਇਹ ਆਪਣੀ ਜਾਨ ਵੀ ਦੇ ਦੇਣ।
ਤਦ ਹੀ ਚਰਨੂੰ ਬਾਹਰ ਨਿਕਲ ਆਇਆ, ਸਿਰ ਤੋਂ ਪੈਰਾਂ ਤੀਕ ਗੰਦੇ ਨਾਲੇ ਦੀ ਗੰਦਗੀ ਨਾਲ ਲਿਬੜਿਆ ਹੋਇਆ। ਮੂੰਹ, ਹੱਥ, ਕਪੜੇ ਸਭ ਚਿੱਕੜ ਵਿਚ ਲਿਬੜੇ ਹੋਏ ਸਨ।
ਆਹ ਲੈ ਇਕ ਰੁਪਿਆ ਤੇ ਦੇ ਸਾਡੀ ਬਾਲ।
ਚਰਨੂੰ ਸੁੱਟੇ ਗਏ ਰੁਪਏ ਉੱਤੇ ਪੈਰ ਰੱਖਕੇ ਖੜਾ ਹੋ ਗਿਆ ਤੇ ਗੰਭੀਰ ਹੋ ਕੇ ਬੋਲਿਆ, ਮੈਂ ਇਸ ਇਕ ਰੁਪਏ ਲਈ ਐਡਾ ਵੱਡਾ ਖਤਰਾ ਮੁੱਲ ਨਹੀਂ ਲਿਆ ਸੀ।
ਤਾਂ ਕੀ ਸੌ ਰੁਪਏ ਲਏਂਗਾ?
ਨਹੀਂ, ਮੈਂ ਵੀ ਤੁਹਾਡੇ ਨਾਲ ਖੇਡਣਾ ਚਾਹੁੰਦਾ ਹਾਂ।
ਮੁੰਡੇ ਖਿੜਖਿੜਾਉਣ ਲੱਗੇ, ਜਿਵੇਂ ਉਹਨੇ ਕੋਈ ਅਨੋਖੀ ਗੱਲ ਕਰ ਦਿੱਤੀ ਹੋਵੇ।
ਤੂੰ ਸਾਡੇ ਨਾਲ ਖੇਡੇਂਗਾ! ਆਪਣੀ ਹਾਲਤ ਵੇਖੀ ਐ, ਜਿਵੇਂ ਕੋਈ ਸੂਰ ਚਿੱਕੜ ’ਚ ਲੋਟਣੀਆਂ ਲਾ ਕੇ ਆਇਆ ਹੋਵੇ।ਉਹ ਹੱਸ ਹੱਸ ਦੂਹਰੇ ਹੋ ਗਏ।
ਮੈਂ ਖੇਡਣਾ ਚਾਹੁੰਦਾ ਹਾਂ, ਖੇਡੋ ਤੇ ਖੇਡਣ ਦਿਓ। ਖਿਡਾਉਂਗੇ ਜਾਂ ਨਹੀਂ? ਜ਼ੋਰ ਦੇ ਕੇ ਪੁੱਛਿਆ ਉਸਨੇ।
ਜਵਾਬ ਵਿਚ ਝੁੰਜਲਾ ਕੇ ਬੋਲਿਆ ਨਿਤਿਨ, ਕਹਿ ਦਿੱਤਾ ਨਾ ਇਕ ਵਾਰ, ਬਾਲ ਇੱਧਰ ਫੜਾ ਤੇ ਭੱਜ ਜਾ ਇੱਥੋਂ…ਨਹੀਂ ਤਾਂ…।
ਚਰਨੂੰ ਨੇ ਗੁੱਸੇ ਨਾਲ ਉਸ ਗੇਂਦ ਨੂੰ, ਜਿਸਨੂੰ ਉਸ ਨੇ  ਗਹਿਰੇ ਗੰਦੇ ਨਾਲੇ  ਵਿੱਚੋਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਕੱਢਿਆ ਸੀ, ਫਿਰ ਤੋਂ ਨਾਲੇ ਵਿਚ ਸਿੱਟ ਦਿੱਤਾ ਤੇ ਗੰਭੀਰ ਕਦਮਾ ਨਾਲ ਉੱਥੋਂ ਤੁਰਦਾ ਹੋਇਆ ਬੋਲਿਆ, ਦੇਖਦਾ ਹਾਂ, ਤੁਸੀਂ ਵੀ ਕਿਵੇਂ ਖੇਡਦੇ ਹੋ?
                                       -0-

No comments: