Sunday, August 3, 2014

ਹਿੰਦੀ / ਰੋਹ



ਨਿਰਮਲਾ ਸਿੰਘ

ਕਿਉਂ ਮਾਰ ਰਹੇ ਓਂ ਡੱਬੂ ਨੂੰ? ਵਿਚਾਰਾ ਉਂਜ ਈ ਠੰਡ ਨਾਲ ਸੁੰਗੜਿਆ ਬੈਠੈ। ਮੇਮਸਾਹਬ ਨੇ ਆਪਣੇ ਪਤੀ ਨੂੰ ਕਿਹਾ।
ਉਹ ਆਪਣੇ ਨਵੇਂ ਸੋਫੇ ’ਤੇ ਬੈਠ ਗਿਆ। ਸਾਰਾ ਸੋਫਾ ਈ ਖਰਾਬ ਕਰਤਾ।
ਤਾਂ ਕੀ ਹੋਇਆ, ਵਿਚਾਰਾ ਬੱਚਾ ਐ। ਉਹਨੂੰ ਏਨੀ ਸਮਝ ਕਿੱਥੇ ਐ ਕਿ ਉਹ ਜ਼ਮੀਨ ’ਤੇ ਸੋਫੇ ’ਚ ਫਰਕ ਕਰ ਸਕੇ। ਉਹ ਤਾਂ ਪਿਆਰ ਦਾ ਭੁੱਖਾ ਐ।
ਓਏ ਕਾਲੂ! ਆ ਤੇ ਲੈ ਜਾ ਡੱਬੂ ਨੂੰ, ਘੁਮਾ ਲਿਆ ਥੋੜੀ ਦੇਰ। ਹਾਂ, ਇਸ ਦੀ ਸੰਗਲੀ ਕਸ ਕੇ ਫੜੀ ਰੱਖੀਂ…ਬੱਚਾ ਐ ਕਿਤੇ ਗੁਆਚ ਨਾ ਜਾਵੇ…।
ਜੀ ਮੇਮਸਾਬ!ਦੱਸਾਂ ਵਰ੍ਹਿਆਂ ਦਾ ਕਾਲੂ ਡੱਬੂ ਨੂੰ ਫੜਨ ਲੱਗਾ। ਡੱਬੂ ਕਦੇ ਸੋਫੇ ਹੇਠ, ਕਦੇ ਸੋਫੇ ਉੱਤੇ ਤੇ ਕਦੇ ਪਲੰਘ ਉੱਪਰ ਚੜ੍ਹ ਜਾਂਦਾ। ਕਾਲੂ ਨੇ ਡੱਬੂ ਨੂੰ ਪਲੰਘ ਉੱਤੇ ਚੜ੍ਹ ਕੇ ਫੜਿਆ ਹੀ ਸੀ ਕਿ ਮੇਮਸਾਹਬ ਦਾ ਕਰਾਰਾ ਥੱਪੜ ਉਹਦੀ ਗੱਲ੍ਹ ਉੱਤੇ ਪਿਆ ਤੇ ਉਹ ਚੀਕੀ, ਬਦਤਮੀਜ ਕਿਤੋਂ ਦਾ!…ਤੈਨੂੰ ਜਵਾਂ ਈ ਤਮੀਜ਼ ਨਹੀਂ…ਪਲੰਘ ਦੀ ਸਾਰੀ ਚੱਦਰ ਖਰਾਬ ਕਰਤੀ, ਪੈਰ ਰਖਕੇ…ਚੱਲ ਹੱਟ ਏਥੋਂ।
ਵਿਚਾਰਾ ਕਾਲੂ ਡੱਬੂ ਵੱਲੋਂ ਗੰਦੇ ਕੀਤੇ ਪਲੰਘ, ਸੋਫੇ ਤੇ ਮੇਮਸਾਹਬ ਨੂੰ ਦੇਖਦਾ ਹੋਇਆ ਬਾਹਰ ਚਲਾ ਗਿਆ।
ਥੋੜੀ ਦੇਰ ਬਾਦ ਬਾਹਰੋਂ ਡੱਬੂ ਦੇ ਰੋਣ-ਚਿੱਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆ। ਸਾਹਬ ਤੇ ਮੇਮਸਾਹਬ ਨੇ ਬਾਹਰ ਜਾ ਕੇ ਦੇਖਿਆ। ਵਿਚਾਰਾ ਡੱਬੂ ਲੰਗੜਾਉਂਦਾ ਹੋਇਆ ‘ਕੂੰ-ਕੂੰ’ ਕਰ ਰਿਹਾ ਸੀ ਤੇ ਕਾਲੂ ਉਸਨੂੰ ਛੱਡ ਕੇ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ।
                                         -0-

No comments: