ਸ਼ੈਲ
ਵਰਮਾ
ਕਈ ਮਹੀਨਿਆਂ ਦਾ ਕਿਰਾਇਆ ਨਾ ਮਿਲਣ ਤੇ ਮਕਾਨ ਮਾਲਕ ਸਤੀਸ਼ ਤੈਸ਼ ਵਿਚ ਆ ਕੇ ਕਿਰਾਏਦਾਰ ਦੇ ਦਰਵਾਜੇ ਉੱਤੇ ਪਹੁੰਚ
ਗਿਆ, “ਦਿਨੇਸ਼! ਓ ਦਿਨੇਸ਼!”
ਥੋੜੀ ਦੇਰ ਬਾਦ ਇਕ ਅੱਠ-ਨੌਂ ਵਰ੍ਹਿਆਂ ਦੀ ਕੁੜੀ ਬਾਹਰ ਆਈ ਤੇ ਬੋਲੀ, “ਪਾਪਾ, ਬਾਹਰ ਗਏ ਹਨ।”
ਸਤੀਸ਼ ਨੇ ਕੁੜੀ ਨੂੰ ਗੌਰ ਨਾਲ ਦੇਖਿਆ, “ਨੀ ਬੀਨੂ, ਤੂੰ ਵੀ ਅੱਜਕਲ ਦਿਖਾਈ ਨਹੀਂ ਦਿੰਦੀ। ਏਨੀ ਕਮਜ਼ੋਰ
ਕਿਵੇਂ ਹੋ ਗਈ, ਬੀਮਾਰ ਸੀ ਕੀ?”
“ਬੀਮਾਰ ਨਹੀਂ ਸੀ। ਮੇਰੇ ਹਿੱਸੇ ਦਾ ਦੁੱਧ ਤੇ ਫਲ, ਮੰਮੀ ਨੂੰ
ਦਿੰਦੇ ਐ। ਮੈਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਐ। ਮੰਮੀ ਦੇ ਹਰਟ ’ਚ ਮਸ਼ੀਨ ਲੱਗਣੀ ਐ। ਪਾਪਾ
ਰੁਪਏ ’ਕੱਠੇ ਕਰ ਰਹੇ ਹਨ। ਅਜੇ ਪੈਸੇ ਘਟਦੇ ਐ।”
ਸਤੀਸ਼ ਦਾ ਗੁੱਸਾ ਹਵਾ ਹੋ ਗਿਆ, “ਚੰਗਾ, ਦਿਨੇਸ਼ ਆਵੇ ਤਾਂ ਕਹੀਂ, ਮੈਨੂੰ ਮਿਲ ਲੂਗਾ। ਪਰੇਸ਼ਾਨ ਨਾ ਹੋਵੇ, ਪੈਸਿਆਂ ਦਾ ਇੰਤਜਾਮ
ਮੈਂ ਕਰ ਦਿਆਂਗਾ।”
ਦਿਨੇਸ਼ ਇਕ-ਇਕ ਪੈਸਾ ਬਚਾ ਰਿਹਾ ਸੀ। ਉਸਨੇ ਪਤਨੀ ਨੂੰ ਬਚਾਉਣਾ ਸੀ। ਉਹ ਮਕਾਨ ਮਾਲਕ ਨੂੰ
ਆਉਂਦਾ ਦੇਖ ਕਮਰੇ ਵਿਚ ਲੁਕ ਗਿਆ ਸੀ। ਡਰ ਇਹੀ ਸੀ ਕਿ ਉਸਨੂੰ ਮਕਾਨ ਖਾਲੀ ਕਰਨ ਦੀ ਧਮਕੀ ਮਿਲੂਗੀ।
ਪਰ…ਸਭ ਤੋਂ ਮੁਸ਼ਕਿਲ ਕੰਮ ਹੈ ਆਦਮੀ ਨੂੰ ਪਛਾਣਨਾ।
-0-
No comments:
Post a Comment