ਵਿਭਾ
ਰਾਣੀ
ਉਹ ਸ਼ਹਿਰ ਦੇ ਸਭ ਤੋਂ ਵੱਡੇ ਚੁਰਸਤੇ ਵਿਚ ਸੀ। ਆਉਣ-ਜਾਣ ਵਾਲਿਆਂ ਦੀ
ਗਿਣਤੀ ਬਹੁਤ ਸੀ। ਉਹਨੂੰ ਚੰਗੇ ਪੈਸੇ ਮਿਲ ਜਾਂਦੇ ਸਨ। ਉਹ ਖੁਸ਼ ਸੀ।
ਅੱਜ ਵੀ ਉਹ ਆਪਣੀ ਨਿਸ਼ਚਿਤ ਜਗ੍ਹਾ ਉੱਤੇ ਸੀ। ਦਫ਼ਤਰ ਦੇ ਬਾਬੂਆਂ ਦਾ
ਆਉਣ-ਜਾਣ ਸ਼ੁਰੂ ਹੋ ਗਿਆ ਸੀ। ਉਹਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ–“ਦੇਨੇ ਵਾਲਾ ਸੀਤਾਰਾਮ! ਭਾਈ ਸਾਬ, ਦਸ ਪੈਸੇ! ਬਹਿਨ ਜੀ, ਦਸ ਪੈਸੇ! ਬਾਬੂ ਜੀ, ਭਗਵਾਨ ਕੇ ਨਾਮ ਪਰ ਦਸ ਪੈਸੇ!”
ਅਚਾਨਕ ਉਹ ਸਹਿਮ ਗਿਆ। ਸਾਹਮਣੇ ਖੜਾ ਬਾਬੂ ਉਹਨੂੰ ਲਾਲ ਅੱਖਾਂ ਨਾਲ ਘੂਰ ਰਿਹਾ ਸੀ। ਫਿਰ ਉਹਨਾਂ ਅੱਖਾਂ ਵਿਚ ਇਕ ਚਮਕ ਉੱਭਰੀ ਜੋ
ਹੱਥ ਦੇ ਰਸਤੇ ਉਹਦੀ ਪਿੱਠ ਉੱਪਰ ਉਤਰ ਗਈ, “ਸਾਲੇ ਕਾਫਿਰ! ਬੋਲ ਅੱਲਾਹ ਕੇ ਨਾਮ ਪਰ ਦੇ!”
ਬਾਬੂ ਦੇ ਹੱਥ ਵਿਚ ਇਕ ਰੁਪਏ ਦਾ ਨੋਟ ਸੀ ਤੇ ਉਹ ਬੋਹਣੀ ਖਰਾਬ ਨਹੀਂ ਕਰਨਾ ਚਾਹੁੰਦਾ ਸੀ।
ਉਸਨੇ ਆਵਾਜ਼ ਲਾਈ–“ਦੇ-ਦੇ ਅੱਲਾਹ ਕੇ ਨਾਮ ਪਰ ਦੇ ਦੇ।
ਖੁਦਾ ਤੇਰੇ ਬੱਚੋਂ ਕੋ ਸਲਾਮਤ ਰੱਖੇ!”
ਰੁਪਿਆ ਉਹਦੇ ਕਟੋਰੇ ਵਿਚ ਸੀ ਤੇ ਬਾਬੂ ਦੇ ਬੁੱਲ੍ਹਾਂ ਉੱਪਰ ਤਿਰਛੀ ਮੁਸਕਾਨ।
ਅੱਲਾਹ ਦੇ ਨਾਂ ਉੱਤੇ ਕਟੋਰਾ ਭਰ ਗਿਆ। ਉਹ ਉਸ ਕਟੋਰੇ ਨੂੰ ਵੱਡੀ ਥੈਲੀ ਵਿਚ ਉਲਟਾਉਣ ਹੀ
ਲੱਗਾ ਸੀ ਕਿ ਪਿੱਛੋਂ ਕਿਸੇ ਨੇ ਲੱਤ ਮਾਰੀ, “ਕਿਉਂ ਸਾਲੇ! ਇੱਕ ਰਾਤ ’ਚ ਈ ਤੇਰੀ ਸੁੰਨਤ ਹੋ ਗੀ, ਜੋ ਹਰਾਮੀਆ ਅੱਜ ਅੱਲਾ-ਅੱਲਾ ਦੀ ਬਰਸਾਤ ਕਰ ਰਿਹੈਂ? ਆਪਣੀ ਜਾਨ ਦੀ ਖੈਰ ਚਾਹੁਨੈਂ ਤਾਂ ਮੁੜ ਇਨ੍ਹਾਂ ਵਿਧਰਮੀਆਂ ਦੀ ਜਬਾਨ ਮੂੰਹ ’ਤੇ ਨਹੀਂ ਆਉਣੀ ਚਾਹੀਦੀ।”
“ਧੰਦੇ ਦਾ ਟੈਮ ਹੈ, ਧੰਦਾ ਕਿਉਂ ਖਰਾਬ ਕਰਨੈ।” ਉਹਨੇ ਸੋਚਿਆ। ਸਮਾਂ ਪਲ-ਪਲ ਕਰਕੇ ਸਰਕਦਾ ਜਾ ਰਿਹਾ ਸੀ।
ਕਟੋਰੇ ਦਾ ਪੈਸਾ ਥੈਲੀ ਦੀ ਦੂਰੀ ਤੈਅ ਕਰ ਚੁੱਕਾ ਸੀ। ਉਹਨੇਂ ਖਾਲੀ ਕਟੋਰਾ ਸਾਹਮਣੇ ਰੱਖਿਆ ਤੇ
ਜ਼ੋਰ ਦੀ ਆਵਾਜ਼ ਲਗਾਈ–“ਦੇ ਊਪਰ ਵਾਲੇ ਕੇ ਨਾਮ ਪਰ! ਵਹ ਸਭ ਕਾ ਭਲਾ ਕਰੇਗਾ! ਤੇਰਾ ਭੀ ਔਰ ਤੇਰਾ ਭੀ।” ਉਹਨੂੰ ਅੱਲਾਹ ਤੇ ਭਗਵਾਨ ਦੇ ਬੰਦੇ ਯਾਦ ਆਏ।
ਉਹਦੇ ਕਟੋਰੇ ਵਿਚ ਦੋਨਾਂ ਦੇ ਬੰਦਿਆਂ ਦੇ
ਪੈਸੇ ਸਨ। ਹੁਣ ਉਹ ਮੁਸਕਰਾ ਰਿਹਾ ਸੀ।
-0-
No comments:
Post a Comment