ਆਰਤੀ ਝਾ
ਸਭ ਨੂੰ ਕਲੂਏ ਦੀ ਆਦਤ ਜਿਹੀ ਪੈ ਗਈ ਸੀ। ਕਲੂਆ ਯਾਨੀ–ਗੋਪਾਲ। ਅਸੀਂ ਉਸਦਾ ਨਾਂ
ਗੋਪਾਲ ਰੱਖ ਦਿੱਤਾ ਸੀ। ਉਹ ਸਾਰੇ ਘਰ ਦਾ ਚਹੇਤਾ ਬਣ ਗਿਆ ਸੀ। ਘਰ ਦੇ ਸਾਰੇ ਕੰਮ ਸਿੱਖ ਗਿਆ ਸੀ।
‘ਗੋਪਾਲ…ਗੋਪਾਲ’ ਦੀ ਰੱਟ ਨਾਲ ਘਰ ਗੂੰਜਦਾ ਰਹਿੰਦਾ ਸੀ। ਮਾਮਾ ਜੀ ਨੇ ਉਸਨੂੰ ਏ, ਬੀ, ਸੀ, ਡੀ,
ਅਤੇ ਨਾਂ ਲਿਖਣਾ ਸਿਖਾ ਦਿੱਤਾ ਸੀ। ਨਾਨਾ-ਨਾਨੀ ਦੀ ਗੱਡੀ ਤਾਂ ਉਸ ਬਿਨਾਂ ਅੱਗੇ ਹੀ ਨਹੀਂ ਤੁਰਦੀ
ਸੀ।
ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਉਸ ਦਾ ਪਿਤਾ ਉਸਨੂੰ ਲੈਣ ਆ
ਗਿਆ। ਨਾਨੀ-ਮਾਂ ਦੇ ਲੱਖ ਸਮਝਾਉਣ ਤੇ ਵੀ ਉਹ ਨਹੀਂ ਮੰਨਿਆ। ਗੋਪਾਲ ਦੇ ਨਾ ਰਹਿਣ ਨਾਲ ਸਭਨੂੰ
ਪਰੇਸ਼ਾਨੀ ਹੋਣ ਲੱਗੀ ਸੀ। ਘਰ ਵਿਚ ਇਕ ਅਜੀਬ ਜਿਆ ਖਲਾਅ ਆ ਗਿਆ ਸੀ। ਨਾਨੀ-ਮਾਂ ਤਾਂ ਅਕਸਰ ਉਸਨੂੰ ਯਾਦ
ਕਰਕੇ ਦੁਖੀ ਹੁੰਦੀ ਸੀ। ਸਾਰੇ ਹੀ ਉਸਨੂੰ ਯਾਦ ਕਰਕੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਸਨ—
“ਪਤਾ ਨਹੀਂ ਕਿਹੋ ਜਿਆ ਹੋਊ ਗੋਪਾਲ! ਜ਼ਰੂਰ ਉਸਨੂੰ ਕਿਸੇ ਹੋਟਲ ’ਚ ਲਾ ਦਿੱਤਾ ਹੋਣੈ।”
“ਉੱਥੇ ਚੌਵੀ ਘੰਟਿਆਂ ’ਚੋਂ ਉੱਨੀਂ ਘੰਟੇ ਕੰਮ ’ਚ ਖਪਦਾ ਹੋਊ
ਵਿਚਾਰਾ।”
“ਹੁਣ ਤਾਂ ਆਪਣਾ ਨਾਂ ਵੀ ਲਿਖਣਾ ਭੁੱਲ ਗਿਆ ਹੋਣੈ।”
“ਉਹਦਾ ਬਾਪ ਕਸਾਈ ਐ ਕਸਾਈ!”
“ਸਾਡੇ ਇੱਥੇ ਤਾਂ ਟ੍ਰੇਨਿੰਗ ਲਈ ਛੱਡ ਗਿਆ ਸੀ। ਕੰਮ ਸਿੱਖ ਗਿਆ
ਤਾਂ ਭੇਜ ਤਾ ਦਿੱਲੀ!”
“ਇਹ ਲੋਕ ਤਾਂ ਬੱਚੇ ਪੈਦਾ ਈ ਇਸ ਲਈ ਕਰਦੇ ਨੇ ਕਿ ਇਨ੍ਹਾਂ ਨੂੰ
ਜ਼ਿਆਦਾ ਤੋਂ ਜ਼ਿਆਦਾ ਕਮਾ ਕੇ ਦੇ ਸਕਣ।”
“ਗੋਪਾਲ ਦੀ ਤਾਂ ਭਾਸ਼ਾ ਵੀ ਬਦਲ ਗਈ ਹੋਣੀ ਐ। ਹੋ ਸਕਦੈ ਬੀੜੀ-ਸਿਗਰਟ
ਵੀ ਪੀਂਦਾ ਹੋਵੇ!”
ਤਦੇ ਇਕ ਅਨਕਿਆਸੀ ਗੱਲ ਹੋਈ।
ਨਾਨੀ ਦੇ ਹੱਥ ਵਿਚ ਇਕ ਖੱਤ ਸੀ, ਜਿਸਨੂੰ ਉਹ ਹੈਰਾਨੀ ਨਾਲ ਦੇਖ ਰਹੀ ਸੀ। ਉਸਨੇ ਆਵਾਜ਼ ਦੇ
ਕੇ ਸਭ ਨੂੰ ਬੁਲਾ ਲਿਆ। ਜੋ ਵੀ ਉਸ ਖੱਤ ਨੂੰ ਦੇਖਦਾ, ਉਸਦਾ ਚਿਹਰਾ ਬੁਝ ਜਿਹਾ ਜਾਂਦਾ।
ਉਹਨਾਂ ਦੀ ਛਤਰਛਾਇਆ ਤੋਂ ਦੂਰ ਜਾ ਕੇ ਵੀ ਕੋਈ ਇੰਨੀ ਤਰੱਕੀ ਕਰ ਸਕਦਾ ਹੈ, ਇਹ ਗੱਲ ਉਹਨਾਂ
ਦੀ ਸਮਝ ਤੋਂ ਬਾਹਰ ਸੀ। ਮੋਤੀ ਜਿਹੇ ਸੁੰਦਰ ਅੱਖਰਾਂ ਵਿਚ ਲਿਖਿਆ ਗੋਪਾਲ ਦਾ ਖੱਤ ਉਹਨਾਂ ਸਾਰਿਆਂ
ਦਾ ਮੂੰਹ ਚਿੜਾ ਰਿਹਾ ਸੀ।
-0-
No comments:
Post a Comment