Sunday, September 22, 2013

ਹਿੰਦੀ/ ਮੂਡ ਦੀ ਗੱਲ



ਸਲਮਾ ਜ਼ੈਦੀ

ਸੁਣੋ, ਅੱਜ ਮੁੰਨੇ ਦੀ ਤਬੀਅਤ ਠੀਕ ਨਹੀਂ। ਤੁਸੀਂ ਛੁੱਟੀ ਲੈ ਕੇ ਉਸ ਨੂੰ ਡਾਕਟਰ ਕੋਲ ਦਿਖਾ ਲਿਆਓ। ਅੱਜ ਸਾਡੇ ਐਮ.ਡੀ. ਆਉਣ ਵਾਲੇ ਨੇ।  ਸਾਰੇ ਕਰਮਚਾਰੀਆਂ ਦੀ ਹਾਜ਼ਰੀ ਜ਼ਰੂਰੀ ਐ। ਵੈਸੇ ਵੀ ਮੇਰੀਆਂ ਛੁੱਟੀਆਂ ਖਤਮ ਹੋ ਚੁੱਕੀਐਂ।
ਪਤਨੀ ਦੇ ਜਿਦ ਕਰਨ ਤੇ ਪਤੀ ਦਾ ਪਾਰਾ ਅਸਮਾਨੀ ਚੜ੍ਹ ਗਿਆ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ, ਮੈਂ ਛੁੱਟੀ ਲੈ ਲਾਂ? ਓ, ਮੈਂ ਤੇਰੇ ਵਰਗਾ ਅੱਠ ਸੌ ਰੁਪਏ ਵਾਲਾ ਕਲਰਕ ਨਹੀਂ ਕਿ ਜਦੋਂ ਚਾਹਵਾਂ ਘਰ ਬੈਠ ਜਾਂ। ਸਾਰੇ ਦਫਤਰ ਦੀ ਜ਼ਿੰਮੇਵਾਰੀ ਮੇਰੇ ’ਤੇ ਐ। ਖੂਹ ’ਚ ਪਵੇ ਤੇਰਾ ਐਮ.ਡੀ.…ਮੈਂ ਛੁੱਟੀ ਨਹੀਂ ਲੈ ਸਕਦਾ।
ਸਾਫ ਹੈ ਕਿ ਪਤਨੀ ਨੂੰ ਛੁੱਟੀ ਲੈ ਕੇ ਘਰ ਬੈਠਣਾ ਪਿਆ।
ਦੋ ਦਿਨ ਬਾਦ ਸਵੇਰ ਵੇਲੇ, ਸੁਣਦੀ ਐਂ…ਦਫਤਰ ਜਾ ਕੇ ਮੇਰੇ ਆਫਿਸ ਫੋਨ ਕਰਦੀਂ। ਅੱਜ ਕੰਬਖਤ ਬਿਸਤਰੇ ’ਚੋਂ ਉੱਠਣ ਨੂੰ ਜੀਅ ਈ ਨਹੀਂ ਕਰਦਾ। ਦੇਖ ਕਿਵੇਂ ਬਦਲੀ ਛਾ ਰਹੀ ਐ। ਅੱਜ ਤਾਂ ਰੱਜ ਕੇ ਸੋਵਾਂਗਾ।, ਫਿਰ ਵੀਡੀਓ ’ਤੇ ਫਿਲਮ ਦੇਖਾਂਗਾ।…ਤੂੰ ਮੇਰੇ ਵੱਲ ਇਵੇਂ ਕਿਵੇਂ ਝਾਕ ਰਹੀ ਐਂ? ਤੇਰੇ ਵਰਗੀ ਨੌਕਰੀ ਨਹੀਂ ਐ ਮੇਰੀ। ਕੋਈ ਸਾਲਾ ਜਵਾਬ ਤਲਬੀ ਕਰਨ ਵਾਲਾ ਨਹੀਂ…ਆਪਣੀ ਮਰਜ਼ੀ ਦਾ ਮਾਲਕ ਆਂ।
                                        -0-

No comments: