Tuesday, October 29, 2013

ਹਿੰਦੀ / ਦਸ ਰੁਪਏ



ਅਨਿਲ ਸ਼ੂਰ ਆਜ਼ਾਦ

ਮੈਟ੍ਰਿਕ ਦੀ ਪ੍ਰੀਖਿਆ ਦਾ ਵਿਗਿਆਨ ਦਾ ਕੱਲ੍ਹ ਨੂੰ ਪ੍ਰੈਕਟੀਕਲ ਹੋਣਾ ਹੈ। ਪ੍ਰੀਖਿਅਕ ਅੱਜ ਸ਼ਾਮ ਤੱਕ ਸਕੂਲ ਪਹੁੰਚਣ ਨਾਲੇ ਸਨ। ਉਹਨਾਂ ਦੇ ਠਹਿਰਣ ਅਤੇ ਖਾਣ-ਪੀਣ ਆਦਿ ਦੇ ਇੰਤਜਾਮ ਲਈ ਵਿਦਿਆਰਥੀਆਂ ਤੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ। ਤਦੇ ਮਨੀਟਰ ਨੇ ਆ ਕੇ ਦੱਸਿਆ ਕਿ ਅਬਦੁਲ ਪੈਸੇ ਨਹੀਂ ਦੇ ਰਿਹਾ।
ਪ੍ਰੀਖਿਅਕ ਦੇ ਰਹਿਣ-ਠਹਿਰਣ ਦਾ ਖਰਚ ਸਰਕਾਰ ਦੰਦੀ ਹੈ। ਮੇਰੇ ਅੱਬਾ ਕਹਿੰਦੇ ਹਨ ਕਿ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ। ਅਧਿਆਪਕ ਦੇ ਪੁੱਛਣ ਤੇ ਅਬਦੁਲ ਨੇ ਸਾਫ ਨਾਂਹ ਕਰ ਦਿੱਤੀ।
ਇੰਨਾ ਸੁਣਦੇ ਹੀ ਅਧਿਆਪਕ ਤਿਲਮਿਲਾ ਗਏ। ਮੁਫ਼ਤ ਵਿਚ ਮਿਲਣ ਵਾਲੇ ਸਮੋਸੇ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਉਹਨਾਂ ਨੂੰ ਹੱਥੋਂ ਨਿਕਲਦੇ  ਲੱਗੇ। ਉਹਨਾਂ ਨੇ ਡਰਾਵਾ ਦਿੱਤਾ, ਮੂਰਖਾ! ਪ੍ਰੀਖਿਅਕ ਖੁਸ਼ ਹੋਏ ਤਾਂ ਸਾਰਿਆਂ ਨੂੰ ਬਹੁਤ ਚੰਗੇ ਨੰਬਰ ਦੇਣਗੇ। ਇਸ ਨਾਲ ਤੁਹਾਡੇ ਸਾਰਿਆਂ ਦਾ ਭਵਿੱਖ ਰੋਸ਼ਨ ਹੋ ਜਾਵੇਗਾ। ਪਰ ਜੇਕਰ ਉਹ ਨਰਾਜ਼ ਹੋ ਗਏ ਤਾਂ ਸਭ ਨੂੰ ਫੇਲ ਕਰ ਦੇਣਗੇ।
ਅਧਿਆਪਕ ਦਾ ਤੀਰ ਨਿਸ਼ਾਨੇ ਉੱਤੇ ਲੱਗਾ। ਅਬਦੁਲ ਨੂੰ ਪਤਾ ਸੀ ਕਿ ਸਾਰੇ ਸਾਲ ਲਬਾਰਟਰੀ ਉੱਤੇ ਕਬਜ਼ਾ ਕਰੀ ਰੱਖਣ ਤੇ ਸੈਂਕੜੇ ਰੁਪਏ ਕਮੀਸ਼ਨ ਦੇ ਖਾ ਜਾਣ ਦੇ ਬਾਵਜੂਦ, ਮਾਸਟਰ ਜੀ ਨੇ ਇਕ ਵੀ ਪ੍ਰਯੋਗ ਨਹੀਂ ਕਰਵਾਇਆ ਸੀ। ਜੇਕਰ ਪ੍ਰੀਖਿਅਕ ਨਰਾਜ਼ ਹੋ ਗਏ ਤੇ ਉਹਨਾਂ ਨੂੰ ਔਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਇਕ ਵੀ ਵਿਦਿਆਰਥੀ ਦਾ ਪਾਸ ਹੋਣਾ ਮੁਸ਼ਕਲ ਹੈ।
ਗਰੀਬ ਪਿਤਾ ਦੇ ਹੁਸ਼ਿਆਰ ਪੁੱਤਰ ਅਬਦੁਲ ਨੇ ਬੁਝੇ ਮਨ ਨਾਲ ਦਸ ਰੁਪਏ ਦੀ ਰੇਜ਼ਗਾਰੀਰੁਪਏ, ਧੇਲੀਆਂ ਤੇ ਚੁਆਨੀਆਂ ਆਪਣੀ ਟਾਕੀਆਂ ਲੱਗੀ ਪੈਂਟ ਦੀ ਜੇਬ ਵਿਚੋਂ ਕੱਢ ਕੇ ਅਧਿਆਪਕ ਅੱਗੇ ਮੇਜ ਉੱਤੇ ਰੱਖ ਦਿੱਤੀ।
ਇਹ ਰੇਜ਼ਗਾਰੀ ਉਹ ਆਪਣੀ ਵਰ੍ਹਿਆਂ ਪੁਰਾਣੀ ਗੁੱਲਕ ਤੋੜ ਕੇ ਲਿਆਇਆ ਸੀ। ਇਸਦੇ ਨਾਲ ਹੀ ਉਹਦੀ ਬੇਬਸੀ ਅੱਖਾਂ ਵਿਚ ਮੋਤੀ ਬਣਕੇ ਉਭਰ ਆਈ।
                                          -0-

No comments: