Wednesday, September 11, 2013

ਹਿੰਦੀ/ ਨਜ਼ਰੀਆ



ਸੂਰਯਕਾਂਤ ਨਾਗਰ

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਸਾਲਾ ਬੱਚਾ ਖਚਾਖਚ ਭਰੇ ਸਿਨਮਾ ਹਾਲ ਦੀ ਬਾਲਕਨੀ ਦੀ ਰੇਲਿੰਗ ਉੱਤੇ ਝੁਕ ਕੇ ਹੇਠਾਂ ਦੇਖ ਰਿਹਾ ਸੀ।
ਇਸ ਤਰ੍ਹਾਂ ਨਾ ਝੁਕ ਬੇਟੇ, ਥੱਲੇ ਡਿੱਗ ਪਏਂਗਾ। ਪਿਤਾ ਨੇ ਪੁੱਤਰ ਨੂੰ ਸਮਝਾਇਆ। ਪਰ ਮੁੰਡਾ ਨਹੀਂ ਮੰਨਿਆਂ। ਹੇਠਾਂ ਹਾਲ ਵਿਚ ਬੈਠੇ ਦਰਸ਼ਕਾਂ ਵੱਲ ਹੋਰ ਝੁਕ ਕੇ ਦੇਖਣ ਲੱਗਾ।
ਤੈਨੂੰ ਮਨ੍ਹਾ ਕੀਤਾ ਐ ਨਾ…ਹੇਠਾਂ ਡਿੱਗ ਗਿਆ ਤਾਂ ਸੱਟ ਵੱਜ ਜੂਗੀ।ਪਿਤਾ ਨੇ ਥੋੜਾ ਭੜਕ ਕੇ ਕਿਹਾ।
ਹੇਠਾਂ ਬੈਠੇ ਲੋਕਾਂ ਤੇ ਡਿੱਗੂੰਗਾ ਤਾਂ ਉਨ੍ਹਾਂ ਦੇ ਵੀ ਸੱਟ ਲੱਗੂਗੀ ਨਾ ਪਾਪਾ?
ਕਹਿ ਰਿਹਾ ਹਾਂ ਕਿ ਡਿੱਗ ਪਿਆ ਤਾਂ ਤੈਨੂੰ ਸੱਟ ਵੱਜ ਜੂਗੀ, ਲਹੂਲੁਹਾਨ ਹੋਜੇਂਗਾ।
ਨਹੀਂ ਪਾਪਾ, ਪਹਿਲਾਂ ਇਹ ਦੱਸੋ ਕਿ ਜੇਕਰ ਮੈਂ ਜ਼ੋਰ ਨਾਲ ਉਨ੍ਹਾਂ ਲੋਕਾਂ ’ਤੇ ਡਿੱਗਿਆ ਤਾਂ ਉਨ੍ਹਾਂ ਨੂੰ ਸੱਟ ਵੱਜੂਗੀ ਜਾਂ ਨਹੀਂ?
 ਫਿਰ ਉਹੀ ਗੱਲ! ਪਿਤਾ ਖਿਝ ਜਿਹਾ ਗਿਆ।
ਪਾਪਾ, ਦੱਸੋ ਨਾ ਕਿ ਮੇਰੇ ਡਿੱਗਣ ਨਾਲ ਹੇਠਾਂ ਬੈਠੇ ਲੋਕ ਵੀ ਜ਼ਖਮੀ ਹੋ ਸਕਦੇ ਹਨ ਜਾਂ ਨਹੀਂ?ਬੱਚੇ ਨੇ ਜਿੱਦ ਕੀਤੀ।
ਪਿਤਾ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਚਪੇੜ ਮਾਰੀ ਤੇ ਉਸਨੂੰ ਆਪਣੇ ਵੱਲ ਖਿੱਚਦੇ ਹੋਏ ਕਿਹਾ, ਸਾਲਾ ਦੂਜਿਆਂ ਦੀ ਚਿੰਤਾ ਕਰਦੈ!
                                         -0-

No comments: