ਸੁਕੇਸ਼ ਸਾਹਨੀ
ਝੌਂਪੜੀ ਹੈਰਾਨ ਸੀ। ਉਹਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ
ਹੀ ਨਹੀਂ ਸੀ ਹੋ ਰਿਹਾ–ਮਹਿਲ ਖੁਦ ਚੱਲ ਕੇ ਉਹਦੇ ਦਰ
ਉੱਤੇ ਆਇਆ ਸੀ। ਉਹਦੇ ਅੱਗੇ ਮਦਦ ਲਈ ਗਿੜਗਿੜਾ ਰਿਹਾ ਸੀ, “ਮੇਰਾ ਖੂਹ ਸੁੱਕ ਗਿਆ ਹੈ, ਸਾਰੇ ਜਲ-ਭੰਡਾਰ ਖਤਮ ਹੋ ਗਏ ਹਨ…ਚੱਲਕੇ ਮੇਰੇ ਖੂਹ ਦੀ ਖੁਦਾਈ ਕਰ ਦਿਓ ਤਾਕਿ ਲੋੜ ਜਿੰਨਾ ਪਾਣੀ ਤਾਂ ਉਸ ਵਿੱਚ ਆ ਜਾਵੇ…ਤਾਂ ਹੀ ਮੇਰੀ ਜਾਨ ਬਚੇਗੀ…ਤੁਹਾਡਾ ਇਹ ਅਹਿਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ।”
ਝੌਂਪੜੀ ਦੇ ਮਨ ਵਿੱਚ ਰਹਿਮ ਆ ਗਿਆ, ਉਂਜ ਵੀ ਉਹਨੂੰ ਤਾਂ ਨਿੱਤ ਖੂਹ ਪੁੱਟ ਕੇ ਪਾਣੀ ਪੀਣ ਦੀ ਆਦਤ ਸੀ।
ਉਹਨੇ ਮਹਿਲ ਦੇ ਖੂਹ ਨੂੰ ਡੂੰਘਾ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ। ਅੰਤ ਉਹਦੀ ਮਿਹਨਤ ਰੰਗ ਲਿਆਈ, ਖੂਹ ਵਿੱਚ ਪਾਣੀ ਆ ਗਿਆ।
ਪਾਣੀ ਦੇਖ ਕੇ ਮਹਿਲ ਦੀਆਂ ਅੱਖਾਂ ਵਿੱਚ ਚਮਕ ਆ ਗਈ। ਇਸ ਵਾਰ
ਉਹਨੇ ਖੂਹ ਉੱਤੇ ਸ਼ਕਤੀਸ਼ਾਲੀ ਪੰਪ ਲਗਵਾ ਲਿਆ। ਦੇਖਦੇ ਹੀ ਦੇਖਦੇ ਉੱਥੇ ਪਾਣੀ
ਦੇ ਫੁਹਾਰੇ ਚੱਲਣ ਲੱਗੇ। ਬਾਵੜੀਆਂ ਪਾਣੀ ਨਾਲ ਲਬਾਲਬ ਭਰ ਗਈਆਂ। ਮਹਿਲ ਝੌਂਪੜੀ ਨੂੰ ਭੁੱਲ ਕੇ ‘ਸਵਿਮਿੰਗ-ਪੂਲ’ ਦੇ ਪਾਣੀ ਵਿੱਚ ਮਸਤੀਆਂ ਕਰਨ ਲੱਗਾ।
ਮਤਲਬ ਪੂਰਾ ਹੁੰਦੇ ਹੀ ਮਹਿਲ ਦੇ ਅੱਖਾਂ ਫੇਰ ਲੈਣ ਕਾਰਨ
ਝੌਂਪੜੀ ਦੇ ਮਨ ਨੂੰ ਠੇਸ ਪਹੁੰਚੀ ਸੀ। ਉਹ ਉਦਾਸ ਮਨ ਨਾਲ ਮੁੜ ਆਈ।
ਪਿਆਸ ਲੱਗਣ ਉੱਤੇ ਝੌਂਪੜੀ ਨੇ ਆਪਣੇ ਖੂਹ ਵਿੱਚ ਦੇਖਿਆ ਤਾਂ
ਦੇਖਦੀ ਹੀ ਰਹਿ ਗਈ–ਖੂਹ ਸੁੱਕ ਗਿਆ ਸੀ। ਮਹਿਲ ਦੇ ਖੂਹ ਵਿੱਚ ਲੱਗੇ ਪੰਪ ਨੇ ਉਸਦੇ ਖੂਹ ਦਾ
ਪਾਣੀ ਵੀ ਖਿੱਚ ਲਿਆ ਸੀ। ਝੌਂਪੜੀ ਮਨ ਮਸੋਸ ਕੇ ਰਹਿ ਗਈ।
ਉਹ ਬਹੁਤ ਥੱਕ ਗਈ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ। ਤੁਰੰਤ ਆਪਣੇ ਖੂਹ ਦੀ ਖੁਦਾਈ ਵਿੱਚ ਜੁਟ
ਗਈ। ਪਰ ਇਸ ਵਾਰ ਪਾਣੀ ਦਾ ਪੱਧਰ ਇੰਨਾ ਨੀਵਾਂ ਚਲਾ ਗਿਆ ਸੀ ਕਿ ਕਈ ਦਿਨਾਂ ਦੀ ਮਿਹਨਤ ਤੋਂ ਬਾਦ
ਵੀ ਉਹ ਉਸ ਤਕ ਨਹੀਂ ਪਹੁੰਚ ਸਕੀ।
ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਝੌਂਪੜੀ ਬੇਹੋਸ਼ ਹੋ ਕੇ
ਡਿੱਗ ਪਈ।
ਪਰ ਝੌਂਪੜੀ ਨੂੰ ਕੁਝ ਵੀ ਨਹੀਂ ਹੋਇਆ। ਠੀਕ ਸਮੇਂ ਮਹਿਲ ਨੇ
ਉਸ ਨੂੰ ਬਚਾ ਲਿਆ ਸੀ।
ਝੌਂਪੜੀ ਨੂੰ ਅੱਜ ਵੀ ਪਾਣੀ ਦੇ ਬਦਲੇ ਮਹਿਲ ਵਿੱਚ ਮਜ਼ਦੂਰੀ
ਕਰਦਿਆਂ ਦੇਖਿਆ ਜਾ ਸਕਦਾ ਹੈ।
-0-
No comments:
Post a Comment