Tuesday, February 26, 2013

ਹਿੰਦੀ / ਏਲਬੋ



 ਬਲਰਾਮ ਅਗਰਵਾਲ
ਬੱਚੀ ਚੀਜਾਂ ਨੂੰ ਠੀਕ ਤਰ੍ਹਾਂ ਸਮਝਣ ਜਿੰਨੀ ਵੱਡੀ ਨਹੀਂ ਹੋਈ ਸੀ। ਬੋਲੀ ਵਿਚ ਵੀ ਤੁਤਲਾਹਟ ਸੀ। ਪਰੰਤੂ ਭਾਬੀ ਨੇ ਹੁਣ ਤੋਂ ਹੀ ਉਸ ਉੱਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਸ਼ਾਇਦ ਇਹ ਦੱਸ ਦੇਣਾ ਚਾਹੁੰਦੀ ਸੀ ਕਿ ਨਾ ਤਾਂ ਉਹ ਇਕ ਸਧਾਰਨ ਮਾਂ ਹੈ ਤੇ ਨਾ ਹੀ ਰੇਖਾ ਇਕ ਸਧਾਰਨ ਬੱਚੀ। ਆਪਣੇ ਇਸ ਪ੍ਰੋਜੈਕਟ ਉੱਤੇ ਉਹਨਾਂ ਨੇ ਕਿੰਨੇ ਦਿਨਾਂ ਤਕ, ਕਿੰਨੇ ਘੰਟੇ ਰੋਜ਼ਾਨਾ ਉਸ ਮਾਸੂਮ ਨੂੰ ਤਪਾਇਆ, ਪਤਾ ਨਹੀਂ। ਆਖ਼ਰ ਇਕ ਦਿਨ ਆਪਣੇ ਇਸ ‘ਉਤਪਾਦ’ ਨੂੰ ਉਹਨਾਂ ਨੇ ਘਰ ਆਉਣ ਵਾਲਿਆਂ ਸਾਹਮਣੇ ਪੇਸ਼ ਕਰ ਦਿੱਤਾ।
ਸਾਰੇ ਬਾਡੀ ਪਾਰਟਸ ਯਾਦ ਹਨ ਸਾਡੀ ਰੇਖਾ ਨੂੰ।ਉਹ ਸੌਰਭ ਨੂੰ ਬੋਲੀ।
ਅੱਛਾ!
ਹੁਣੇ ਦੇਖ ਲਓ…ਕਹਿੰਦੇ ਹੋਏ ਭਾਬੀ ਨੇ ਬੱਚੀ ਨੂੰ ਕਿਹਾ, ਰੇਖਾ, ਅੰਕਲ ਨੂੰ ਹੈੱਡ ਦੱਸੋ ਬੇਟੇ।
ਰੇਖਾ ਨੇ ਮਾਸੂਮੀਅਤ ਨਾਲ ਆਪਣੀ ਮੰਮੀ ਵੱਲ ਦੇਖਿਆ।
ਹੈੱਡ ਕਿੱਧਰ ਐ?ਭਾਬੀ ਨੇ ਜ਼ੋਰ ਦੇ ਕੇ ਪੁੱਛਿਆ।
ਰੇਖਾ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਦੋਨੋਂ ਹਥੇਲੀਆਂ ਸਿਰ ਉੱਤੇ ਟਿਕਾ ਦਿੱਤੀਆਂ।
ਹੇਅਰ?
ਕੁੜੀ ਨੇ ਵਾਲਾਂ ਨੂੰ ਮੁੱਠੀ ਵਿਚ ਭਰ ਲਿਆ ਤੇ ਖਿਲਖਿਲਾ ਕੇ ਤਾੜੀ ਮਾਰ ਦਿੱਤੀ।
ਨੋਜ ਦੱਸੋ ਬੇਟੇ, ਨੋਜ?
ਬੱਚੀ ਨੇ ਨੱਕ ਉੱਤੇ ਆਪਣੀਆਂ ਉਂਗਲਾਂ ਟਿਕਾ ਦਿੱਤੀਆਂ।
ਤੁਸੀਂ ਵੀ ਪੁੱਛੋ ਨਾ ਵੀਰ ਜੀ। ਭਾਬੀ ਨੇ ਸੌਰਭ ਨੂੰ ਕਿਹਾ।
ਤੁਸੀਂ ਹੀ ਪੁੱਛਦੇ ਰਹੋ। ਸੌਰਭ ਨੇ ਮੁਸਕਰਾਉਂਦੇ ਹੋਏ ਕਿਹਾ, ਮੇਰੇ ਪੁੱਛਣ ਤੇ ਇਹ ਦੱਸ ਨਹੀਂ ਸਕੇਗੀ।
ਅਜਿਹਾ ਕਹਿਕੇ ਤੁਸੀਂ ਰੇਖਾ ਦੀ ਏਬਿਲਿਟੀ ਤੇ ਸ਼ੱਕ ਕਰ ਰਹੇ ਓ ਜਾਂ ਸਾਡੀ?ਉਹਦੀ ਗੱਲ ਉੱਤੇ ਭਾਬੀ ਨੇ ਘਮੰਡ ਨਾਲ ਸਵਾਲ ਕੀਤਾ।
ਉਹਨਾਂ ਦੇ ਇਸ ਸਵਾਲ ਉੱਤੇ ਸੌਰਭ ਪਹਿਲਾਂ ਵਾਂਗ ਹੀ ਮੁਸਕਰਾਉਂਦਾ ਹੋਇਆ ਆਪਣੀ ਜਗ੍ਹਾ ਤੋਂ ਉੱਠ ਕੇ ਰੇਖਾ ਕੋਲ ਆਇਆ ਤੇ ਬੋਲਿਆ, ਕੂਹਣੀ ਦੱਸੋ ਬੇਟਾ, ਕੂਹਣੀ ਕਿੱਥੇ ਐ?
ਸੌਰਭ ਦਾ ਸਵਾਲ ਸੁਣ ਕੇ ਬੱਚੀ ਨੇ ਆਪਣੀ ਮਾਂ ਵੱਲ ਦੇਖਿਆ,  ਕਿਉਂਕਿ ਇਸ ਤਰ੍ਹਾਂ ਦਾ ਕੋਈ ਸ਼ਬਦ ਉਸਦੀ ਮੈਮਰੀ ਵਿਚ ਟ੍ਰੇਸ ਹੋ ਹੀ ਨਹੀਂ ਰਿਹਾ ਸੀ।
ਕੀ ਵੀਰ ਜੀ…ਤੁਸੀਂ ਵੀ ਬੱਸ…।ਬੱਚੀ ਦੀ ਪਰੇਸ਼ਾਨੀ ਨੂੰ ਮਹਿਸੂਸ ਕਰਕੇ ਭਾਬੀ ਨੇ ਸੌਰਭ ਨੂੰ ਝਿੜਕਿਆ, ਹਿੰਦੀ ’ਚ ਕਿਉਂ ਪੁੱਛ ਰਹੇ ਹੋ?ਇਹ ਕਹਿੰਦੀ ਹੋਈ ਉਹ ਰੇਖਾ ਵੱਲ ਝੁਕੀ ਤੇ ਕਿਹਾ, ਅੰਕਲ ਏਲਬੋ ਪੁੱਛ ਰਹੇ ਹਨ ਬੇਟੇ, ਏਲਬੋ।
ਪਰੇਸ਼ਾਨ ਹਾਲ ਬੱਚੀ ਨੇ ਆਪਣੀ ਕੂਹਣੀ ਨੂੰ ਖੁਰਕਣਾ ਸ਼ੁਰੂ ਕੀਤਾ, ਤੇ ਭਾਬੀ ਤੁਰੰਤ ਹੀ ਖੁਸ਼ੀ ਭਰੀ ਆਵਾਜ਼ ਵਿਚ ਚੀਕੀ, ਯੈਸ, ਦੈਟਸ ਇਟ ਮਾਈ ਗੁੱਡ ਗਰਲ!
                                      -0-

No comments: