Tuesday, February 5, 2013

ਹਿੰਦੀ/ ਸੱਚਾ ਇਤਿਹਾਸ



ਡਾ. ਓਮ ਪ੍ਰਕਾਸ਼ ਭਾਟੀਆ ‘ਅਰਾਜ’

ਕੌਣ ਜਾਣੂਗਾ ਕਿ ਸੱਚੀ ਕਹਾਣੀ ਰਜੂਆ ਦੇ ਬਹਾਦਰ ਪੁੱਤਰ ਮੋਹਨੇ ਦੀ ਹੈ। ਉਹ ਆਪਣੇ ਵੱਛੇ ਦੇ ਮਗਰ ਭਿਆਨਕ ਜੰਗਲ ਵਿਚ ਪਹੁੰਚ ਗਿਆ ਸੀ। ਇਕ ਲੱਕੜਬੱਘੇ ਨੂੰ ਵੱਛੇ ਉੱਤੇ ਕੁੱਦਦਾ ਵੇਖ ਉਹ ‘ਬੇਵਕੂਫੀ’ ਕਰ ਬੈਠਾ। ਉਹਨੇ ਆਪਣੀ ਦਾਤਰੀ ਨੂੰ ਤੋਪ-ਤਲਵਾਰ ਸਮਝ ਕੇ ਚਲਾਉਣਾ ਸ਼ੁਰੂ ਕੀਤਾ ਤਾਂ ਲੱਕੜਬੱਘੇ ਦੀਆਂ ਅੱਖਾਂ, ਅੰਤੜੀਆਂ ਤੇ ਅੰਤ ਵਿਚ ਪ੍ਰਾਣ ਤਕ ਕੱਢ ਲਏ। ਉਦੋਂ ਤਕ ਨੰਬਰਦਾਰ ਕਈ ‘ਸੂਰਮਿਆਂ’ ਨਾਲ ਉੱਥੇ ਪਹੁੰਚ ਗਿਆ। ਉਹਨੇ ਮੋਹਨੇ ਨੂੰ ਉਸਦੀ ‘ਬੇਵਕੂਫੀ’ ਲਈ ਡਾਂਟ-ਡਪਟ ਸੁਣਾਉਣ ਤੋਂ ਬਾਦ ਵਗਦੇ ਖੂਨ ਦੀ ਕੀਮਤ ਇਕ ਅਠਿਆਨੀ ਦੇ ਕੇ ਉੱਥੋਂ ਭਜਾ ਦਿੱਤਾ।
ਹੁਣ ਅਖਬਾਰਾਂ ਵਿਚ ਛਪੀ ਮਰੇ ਲੱਕੜਬੱਘੇ ਨਾਲ ਨੰਬਰਦਾਰ ਦੀ ਫੋਟੋ ਤੇ ਉਸ ਜਾਨਵਰ ਦੇ ਸ਼ਿਕਾਰ ਵਿਚ ਨੰਬਰਦਾਰ ਦੀ ਬਹਾਦਰੀ ਦਾ ਛਪਿਆ ਵੇਰਵਾ ਹੀ ਸੱਚਾ ਇਤਿਹਾਸ ਹੈ।
                                     -0-

No comments: