Tuesday, February 19, 2013

ਹਿੰਦੀ /ਖੁਸ਼ਬੂ



ਰਾਮੇਸ਼ਵਰ ਕਾਂਬੋਜ ‘ਹਿਮਾਂਸ਼ੂ’

ਦੋਹਾਂ ਭਰਾਵਾਂ ਨੂੰ ਪੜ੍ਹਾਉਣ ਵਿਚ ਉਹਦੀ ਉਮਰ ਦੇ ਖੁਸ਼ਨੁਮਾ ਸਾਲ ਚੁਪਚਾਪ ਬੀਤ ਗਏ। ਤੀਹ ਸਾਲ ਦੀ ਹੋ ਗਈ ਸੀ ਸ਼ਾਹੀਨ ਇਸ ਤਰ੍ਹਾਂ। ਨੌਕਰੀ ਪ੍ਰਾਪਤ ਕਰ ਦੋਨੋਂ ਭਰਾ ਵੱਖ-ਵੱਖ ਸ਼ਹਿਰਾਂ ਵਿਚ ਜਾ ਵੱਸੇ। ਹੁਣ ਘਰ ਵਿਚ ਬੁੱਢੀ ਮਾਂ ਹੈ ਤੇ ਜਵਾਨੀ ਦੇ ਪੜਾਅ ਨੂੰ ਪਿਛੇ ਛੱਡਣ ਲਈ ਮਜਬੂਰ ਉਹ।
ਉਹਦੇ ਸੁੰਦਰ ਚਿਹਰੇ ਉੱਤੇ ਸਿਲਵਟਾਂ ਪੈਣ ਲੱਗੀਆਂ ਹਨ। ਕੰਨਪਟੀ ਕੋਲ ਕੁਝ ਚਿੱਟੇ ਵਾਲ ਵੀ ਝਲਕਣ ਲੱਗੇ ਹਨ। ਸ਼ੀਸ਼ੇ ਵਿਚ ਚਿਹਰਾ ਦੇਖਕੇ ਸ਼ਾਹੀਨ ਦੇ ਮਨ ਵਿਚ ਇਕ ਹੂਕ ਜਿਹੀ ਉੱਠੀ ‘ਕਿੰਨੀ ਖਾਲੀ ਰਹਿ ਗਈ ਹੈ ਮੇਰੀ ਜ਼ਿੰਦਗੀ!  ਬੀਹੜ ’ਚ ਗੁਆਚ ਗਏ ਮਿਠਾਸ ਭਰੇ ਸੁਫਨੇ।’
ਭਰਾਵਾਂ ਦੀਆਂ ਚਿੱਠੀਆਂ ਕਦੇ ਕਦਾਈਂ ਹੀ ਆਉਂਦੀਆਂ ਹਨ। ਦੋਨੋਂ ਆਪਣੇ ਟੱਬਰ ਵਿਚ ਹੀ ਰੁੱਝੇ ਰਹਿੰਦੇ ਹਨ। ਉਦਾਸੀ ਕਾਰਨ ਉਹ ਪੱਤਰ-ਵਿਹਾਰ ਬੰਦ ਕਰ ਚੁੱਕੀ ਹੈ। ਸੋਚਦੇ ਸੋਚਦੇ ਉਹਦਾ ਮਨ ਭਰ ਆਇਆ। ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹਦਾ ਸਕੂਲ ਜਾਣ ਦਾ ਮਨ ਨਹੀਂ ਸੀ। ਪਰ ਘਰ ਰਹਿਕੇ ਮਾਂ ਦੀ ਹਾਇ-ਤੌਬਾ ਕਿੱਥੋਂ ਤਕ ਸੁਣੇ?
ਉਸਨੇ ਅੱਖਾਂ ਪੂੰਝੀਆਂ ਤੇ ਰਿਕਸ਼ਾ ਤੋਂ ਉਤਰ ਕੇ ਆਪਣੇ ਸਰੀਰ ਨੂੰ ਧੱਕਦੇ ਹੋਏ ਗੇਟ ਵੱਲ ਕਦਮ ਵਧਾਏ। ਪਹਿਲੀ ਘੰਟੀ ਵੱਜ ਚੁੱਕੀ ਸੀ। ਤਦੇ ‘ਭੈਣਜੀ-ਭੈਣਜੀ’ ਦੀ ਆਵਾਜ਼ ਨਾਲ ਉਹਦਾ ਧਿਆਨ ਭੰਗ ਹੋਇਆ।
ਭੈਣ ਜੀ, ਇਹ ਫੁੱਲ ਮੈਂ ਤੁਹਾਡੇ ਲਈ ਲਿਆਈਂ ਆਂ।ਦੂਜੀ ਜਮਾਤ ਦੀ ਇਕ ਕੁੜੀ ਹੱਥ ਵਿਚ ਗੁਲਾਬ ਦਾ ਫੁੱਲ ਲਈ ਉਹਦੇ ਵੱਲ ਵਧੀ।
ਸ਼ਾਹੀਨ ਦੀ ਨਿਗ੍ਹਾ ਉਹਦੇ ਚਿਹਰੇ ਵੱਲ ਗਈ। ਉਹ ਮੰਦ-ਮੰਦ ਮੁਸਕਰਾ ਰਹੀ ਸੀ। ਕੁੜੀ ਨੇ ਗੁਲਾਬ ਦਾ ਫੁੱਲ ਉਸ ਵੱਲ ਵਧਾ ਦਿੱਤਾ। ਸ਼ਾਹੀਨ ਨੇ ਫੁੱਲ ਲੈ ਕੇ ਕੁੜੀ ਦੇ ਗੱਲ੍ਹ ਥਪਥਪਾ ਦਿੱਤੇ।
ਗੁਲਾਬ ਦੀ ਖੁਸ਼ਬੂ ਉਹਦੇ ਨੱਕ ਰਾਹੀਂ ਅੰਦਰ ਸਮਾਉਂਦੀ ਜਾ ਰਹੀ ਸੀ। ਉਹ ਹੁਣ ਆਪਣੇ ਆਪ ਨੂੰ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ। ਉਹਨੇ ਰਜਿਸਟਰ ਚੁੱਕਿਆ ਤੇ ਗੁਣਗੁਣਾਉਂਦੀ ਹੋਈ ਹਾਜ਼ਰੀ ਲਾਉਣ ਲਈ ਕਲਾਸ ਵੱਲ ਤੁਰ ਪਈ।
                                       -0-

No comments: