ਸੁਕੇਸ਼ ਸਾਹਨੀ
ਆਦਮਕੱਦ ਸ਼ੀਸ਼ੇ ਦੇ ਸਾਹਮਣੇ ਉਹਨੇ ਟਾਈ
ਦੀ ਨਾਟ ਨੂੰ ਠੀਕ ਕਰ, ਵਿਦੇਸ਼ੀ ਸੈਂਟ ਦੇ ਫੁਹਾਰੇ ਨਾਲ ਆਪਣੀ ਕਮੀਜ਼ ਨੂੰ ਤਰ ਕੀਤਾ । ਤਦ ਹੀ
ਸ਼ਾਨੂ ਮਟਕਦਾ ਹੋਇਆ ਕੋਲ ਆਇਆ ਤੇ ਉਹਦੀਆਂ ਲੱਤਾਂ ਨਾਲ ਚਿੰਬੜ ਗਿਆ ।
“ ਰਾਮੂ…ਬਹਾਦਰ…ਸ਼ੰਕਰ…ਕਿੱਥੇ
ਮਰ ਗਏ ਸਾਰੇ ਦੇ ਸਾਰੇ !” ਉਹਦੇ ਚੀਕ-ਚਿਹਾੜੇ ਨਾਲ ਘਬਰਾ ਕੇ ਦੋ ਵਰ੍ਹਿਆਂ ਦਾ ਸ਼ਾਨੂ ਜ਼ੋਰ ਜ਼ੋਰ
ਨਾਲ ਰੋਣ ਲੱਗ ਪਿਆ ਸੀ । ਪਤਨੀ ਦੇ ਸਾਹਮਣੇ ਆਉਂਦੇ ਹੀ ਉਹ ਦਹਾੜਿਆ, “ ਤੈਨੂੰ ਕਿੰਨੀ ਵਾਰ ਕਿਹੈ ਕਿ ਜਿਸ ਵੇਲੇ ਮੈਂ
ਫੈਕਟਰੀ ਜਾ ਰਿਹਾ ਹੋਵਾਂ, ਸ਼ਾਨੂ ਨੂੰ ਮੇਰੇ ਸਾਹਮਣੇ ਨਾ ਆਉਣ ਦਿਆ ਕਰ । ਪੈਂਟ ਦੀ ਕਰੀਜ ਖਰਾਬ ਕਰ
ਕੇ ਰਖਤੀ । ਬਹਾਦਰ ਨੂੰ ਕਹਿ ਦੂਜੀ ਪੈਂਟ ਪ੍ਰੈਸ ਕਰ ਕੇ ਦੇਵੇ…ਦੇਰ ਤੇ ਦੇਰ ਹੋ ਰਹੀ ਐ ।”
“ ਚਿੱਲਾਉਂਦੇ ਕਿਉਂ ਹੋ, ਬੱਚਾ ਹੀ ਤਾਂ ਹੈ…” ਪਤਨੀ ਨੇ ਲਾਪਰਵਾਹੀ
ਨਾਲ ਕਿਹਾ, “ ਸ਼ਾਮ ਨੂੰ ਛੇਤੀ ਘਰ ਆ ਜਾਣਾ… ਗੁਪਤਾ ਜੀ ਦੇ ਇੱਥੇ ਕਾਕਟੇਲ ਪਾਰਟੀ ਐ ।”
“ ਚੰਗਾ ਯਾਦ ਕਰਾਇਆ ਤੂੰ…” ਉਹ ਇਕਦਮ ਢਿੱਲਾ ਪੈ
ਗਿਆ, “ ਡਾਰਲਿੰਗ ! ਅੱਜ ਸ਼ਾਮ ਨੂੰ ਸੱਤ ਵਜੇ ਅਸ਼ੋਕਾ ’ਚ ਮਿਸਟਰ ਜੌਨ ਨਾਲ ਇਕ
ਮੀਟਿੰਗ ਐ । ਲਗਭਗ ਦੋ ਕਰੋੜ ਦੇ ਆਰਡਰ ਫਾਈਨਲ ਹੋਣੇ ਨੇ । ਮੈਂ ਤਾਂ ਉੱਥੇ ਬਿਜੀ ਹੋਵਾਂਗਾ ।
ਗੁਪਤਾ ਜੀ ਦੇ ਕਾਕਟੇਲ ’ਤੇ ਤੂੰ ਚਲੀ ਜਾਵੀਂ…ਮਾਈ ਸਵੀਟ ਸਵੀਟ ਡਾਰਲਿੰਗ ।”
“ ਬਸ…ਬਸ…ਬਟਰਿੰਗ ਰਹਿਣ ਦਿਓ । ਮੈਂ ਚਲੀ
ਜਾਵਾਂਗੀ, ਪਰ ਅੱਜ ਮੰਮੀ ਦੀ ਤਬੀਅਤ ਬਹੁਤ ਖਰਾਬ ਐ । ਸ਼ਾਮ ਨੂੰ ਉਹ ਘਰ ਇੱਕਲੀ ਰਹਿ ਜਾਵੇਗੀ ।”
“ ਤੂੰ ਡਾਕਟਰ ਵਿਰਮਾਨੀ ਨੂੰ ਫੋਨ ਕਰਦੇ, ਉਹ
ਕਿਸੇ ਚੰਗੀ ਨਰਸ ਦਾ ਇੰਤਜ਼ਾਮ ਕਰ ਦੇਵੇਗਾ । ਗੁਪਤਾ ਜੀ ਦੀ ਪਾਰਟੀ ’ਚ ਤੇਰਾ ਜਾਣਾ ਜ਼ਿਆਦਾ
ਜ਼ਰੂਰੀ ਐ ।”
“ ਮਿਸਟਰ ਭਾਰਗਵ, ਅਜੇ ਗੱਲ ਬਣੀ ਨਹੀਂ…” ਦਫਤਰ ਪੁੱਜ ਕੇ
ਉਹਨੇ ਅਕਾਉਂਟੈਂਟ ਵੱਲੋਂ ਤਿਆਰ ਕੀਤੇ ਖਾਤਿਆਂ ਨੂੰ ਵੇਖਦੇ ਹੋਏ ਕਿਹਾ, “ ਅਸੀਂ ਇਸ ਫਰਮ ਦੇ ਜਰੀਏ ਵੱਧ ਤੋਂ ਵੱਧ
ਵ੍ਹਾਈਟ ਜਰਨੇਟ ਕਰਨਾ ਹੈ । ਸਾਡੀਆਂ ਦੂਜੀਆਂ ਫਰਮਾਂ ਜੋ ਬਲੈਕ ਉਗਲ ਰਹੀਆਂ ਹਨ, ਉਹਨੂੰ ਇੱਥੇ
ਅਡਜਸਟ ਕਰੋ ।”
“ ਸਰ, ਕੁਝ ਮਜ਼ਦੂਰਾਂ ਨੇ ਫੈਕਟਰੀ ’ਚ ਪੱਖੇ
ਲਵਾਉਣ ਦੀ ਮੰਗ ਕੀਤੀ ਐ ।” ਪ੍ਰੋਡਕਸ਼ਨ ਮੈਨੇਜਰ ਨੇ ਕਿਹਾ ।
“ ਅੱਛਾ, ਅੱਜ ਇਹ
ਆਪਣੇ ਲਈ ਪੱਖੇ ਮੰਗ ਰਹੇ ਹਨ, ਕੱਲ ਨੂੰ ਕੂਲਰ ਲਵਾਉਣ ਨੂੰ ਕਹਿਣਗੇ । ਅਜਿਹੇ ਲੋਕਾਂ ਦੀ ਛੁੱਟੀ
ਕਰ ਦਿਓ ।” ਉਹਨੇ ਚੁਟਕੀ ਵਜਾਉਂਦੇ ਹੋਏ ਕਿਹਾ ।
“ ਸਰ, ਫਰੈਂਕਫਰਟ ਅਤੇ ਪੈਰਿਸ ਤੋਂ ਫੈਕਸ ਆਏ ਹਨ
।” ਸਟੋਨੇ ਨੇ ਉਹਨੂੰ ਦੱਸਿਆ ।
ਤਦ ਹੀ ਫੋਨ ਦੀ ਘੰਟੀ ਵੱਜੀ ।
“ ਮੈਂ ਘਰੋਂ ਰਾਮੂ ਬੋਲ ਰਿਹੈਂ, ਸਾਬ੍ਹ ! ਮਾਂ
ਜੀ ਦੀ ਤਬੀਅਤ ਬਹੁਤ…”
“ ਰਾਮੂ !” ਉਹ ਗੁੱਰਾਇਆ, “ ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਨਿੱਕੀ ਨਿੱਕੀ
ਗੱਲ ਲਈ ਮੈਨੂੰ ਡਿਸਟਰਬ ਨਾ ਕਰਿਆ ਕਰ । ਡਾਕਟਰ ਨੂੰ ਫੋਨ ਕਰਨਾ ਸੀ ।”
ਉਹਨੇ ਫੈਕਸ ਦਾ ਜਵਾਬ ਤਿਆਰ ਕਰਵਾਇਆ ਤੇ ਫਿਰ
ਮੀਟਿੰਗ ਦੀ ਫਾਈਲ ਵੇਖਣ ਲੱਗਾ । ਆਪਰੇਟਰ ਨੇ ਉਹਨੂੰ ਫਿਰ ਘਰੋਂ ਟੈਲੀਫੋਨ ਆਉਣ ਦੀ ਸੂਚਨਾ ਦਿੱਤੀ
।
“ ਮਿਸਟਰ ਆਨੰਦ, ਤੁਹਾਡੀ ਮਾਂ ਦਰਦ ਨਾਲ ਬੇਹਾਲ ਹੈ…” ਡਾਕਟਰ ਵਿਰਮਾਨੀ
ਲਾਈਨ ਉੱਤੇ ਸਨ, “ ਤੁਹਾਨੂੰ ਤੁਰੰਤ ਘਰ ਪਹੁੰਚਣਾ ਚਾਹੀਦਾ ਹੈ ।”
“ ਡਾਕਟਰ, ਜੋ ਕਰਨਾ
ਹੈ, ਤੁਸੀਂ ਹੀ ਕਰਨਾ ਹੈ । ਉੰਜ ਵੀ ਮੈਂ ਇਕ ਜ਼ਰੂਰੀ ਮੀਟਿੰਗ ’ਚ ਜਾਣਾ ਹੈ । ਕਰੋੜਾਂ ਦਾ ਮਾਮਲਾ
ਹੈ । ਮੈਂ ਘਰ ਨਹੀਂ ਆ ਸਕਾਂਗਾ । ਤੁਸੀਂ ਮਾਂ ਨੂੰ
ਪੇਨ ਕਿਲਿੰਗ ਇੰਜੈਕਸ਼ਨ ਦੇ ਦਿਓ ।”
ਉਹਨੇ ਘੜੀ ਉੱਤੇ ਨਿਗਾਹ ਮਾਰੀ, ਸਾਡੇ ਛੇ ਵੱਜ
ਗਏ ਸਨ । ਤਦ ਫੋਨ ਦੀ ਘੰਟੀ ਫਿਰ ਵੱਜੀ ।
“ ਆਨੰਦ ਸਾਹਬ, ਇੰਜੈਕਸ਼ਨ ਦਾ ਕੋਈ ਅਸਰ ਨਹੀਂ ਹੋ ਰਿਹਾ । ਮਾਂ ਜੀ ਨੇ
ਤੁਹਾਡੇ ਨਾਂ ਦੀ ਰਟ ਲਾਈ ਹੋਈ ਹੈ । ਤੁਸੀਂ ਆ ਜਾਂਦੇ ਤਾਂ ਸ਼ਾਇਦ ਦਵਾਈ ਵੀ ਕੁਝ ਅਸਰ ਕਰ…”
“ ਡਾਕਟਰ ਤੁਸੀਂ ਹੋ ਕਿ ਮੈਂ ?” ਇਸ ਵਾਰ ਉਹ ਗੁੱਸੇ
ਨਾਲ ਚੀਕਿਆ, “ ਹਰ ਮਹੀਨੇ ਇਕ ਮੋਟੀ ਰਕਮ ਤੁਹਾਨੂੰ ਕਿਸ ਲਈ ਦਿੱਤੀ ਜਾਂਦੀ ਐ ? ਤੁਹਾਨੂੰ ਮਾਂ ਲਈ ਜੋ ਜ਼ਰੂਰੀ
ਲਗਦਾ ਹੈ, ਉਹ ਕਰੋ… ਇਹ ਬੁੱਢੇ ਲੋਕ ਸਮਝਦੇ ਨੇ ਕਿ ਜਿੰਨਾ ਰੌਲਾ ਪਾਉਣਗੇ, ਓਨੀ ਹੀ ਜ਼ਿਆਦਾ
ਇਨ੍ਹਾਂ ਦੀ ਸੇਵਾ ਹੋਵੇਗੀ ।” ਕਹਿਕੇ ਉਹਨੇ ਰਿਸੀਵਰ ਵਾਪਸ ਸੁੱਟ ਦਿੱਤਾ ।
ਦਫ਼ਤਰ ਤੋਂ ਕਾਰ ਤਕ ਦਾ ਫਾਸਲਾ ਉਹਨੇ ਭੱਜਦੇ
ਹੋਏ ਤੈਅ ਕੀਤਾ ਤੇ ਫਿਰ ਉੱਚੀ ਆਵਾਜ਼ ਵਿਚ ਡਰਾਈਵਰ ਨੂੰ ਕਿਹਾ, “ ਸੱਤ ਵਜੇ ਤਕ ਅਸ਼ੋਕਾ ਹੋਟਲ ਪਹੁੰਚਣਾ ਹੈ, ਗੋਲੀ
ਦੀ ਰਫ਼ਤਾਰ ਨਾਲ ਗੱਡੀ ਭਜਾ ਲੈ ।”
-0-
No comments:
Post a Comment