Tuesday, February 12, 2013

ਹਿੰਦੀ/ ਘਰ



ਸੁਮਤਿ ਦੇਸ਼ਪਾਂਡੇ

ਉਮਾ ਦਾ ਅਨਸ਼ਾਸਨਪ੍ਰੇਮੀ ਸੁਭਾ ਵਿਪਿਨ ਨੂੰ ਕਦੇ-ਕਦੇ ਬਹੁਤ ਦੁਖੀ ਕਰ ਦਿੰਦਾ ਸੀ। ਉਂਜ ਤਾਂ ਉਮਾ ਨੇ ਘਰ ਨੂੰ ਬਹੁਤ ਅਪਟੂਡੇਟ ਰੱਖਿਆ ਸੀ। ਘਰ ਦੀ ਹਰ ਚੀਜ ਆਪਣੀ ਜਗ੍ਹਾ ਉੱਤੇ ਮੌਜ਼ੂਦ ਰਹਿੰਦੀ ਸੀ। ਬਿਜਲੀ ਗੁੱਲ ਹੋਣ ਦੇ ਬਾਵਜੂਦ ਹਨੇਰੇ ਵਿਚ ਵੀ ਜੋ ਚੀਜ ਚਾਹੋ, ਨੀਅਤ ਸਥਾਨ ਤੇ ਹੱਥ ਮਾਰਿਆਂ ਮਿਲ ਜਾਂਦੀ ਸੀ। ਜਿੱਥੋਂ ਤੱਕ ਵਸਤਾਂ ਦਾ ਸੁਆਲ ਸੀ, ਵਿਪਿਨ ਨੂੰ ਕੋਈ ਸ਼ਿਕਾਇਤ ਨਹੀਂ ਸੀ। ਪਰੰਤੂ ਛੋਟੇ ਰਾਜੂ ਪ੍ਰਤੀ ਸਖਤੀ ਅਤੇ ਅਨੁਸ਼ਾਸਨ ਉਹਨੂੰ ਬਹੁਤ ਖਟਕਦਾ ਸੀ। ਬੱਚਾ ਆਖਰ ਬੱਚਾ ਹੈ। ਉਹ ਕੋਈ ਨਿਰਜੀਵ ਵਸਤੂ ਨਹੀਂ ਕਿ ਉਸਨੂੰ ਸਜਾਕੇ ਰੱਖ ਦਿਉ। ਉਹ ਉਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਪਰੰਤੂ ਉਮਾ ਬਾਹਰਲੇ ਲੋਕਾਂ ਦੀ ਤਾਰੀਫ ਸੁਣਨ ਦੀ ਆਦੀ ਹੋ ਚੁੱਕੀ ਸੀ‘ਉਮਾ, ਆਪਣਾ ਘਰ ਤੂੰ ਕਿਵੇਂ ਵਧੀਆ ਤੇ ਸਾਫ਼-ਸੁਥਰਾ ਰੱਖ ਲੈਨੀਂ ਐਂ? ਤੇਰੇ ਘਰ ਤਾਂ ਬੱਚਾ ਵੀ ਐ, ਫਿਰ ਵੀ ਘਰ ਇਕਦਮ ਸਾਫ, ਚਕਾਚਕ, ਸਜਿਆ ਹੋਇਆ।’ ਸੁਣਕੇ ਉਮਾ ਦਾ ਸੀਨਾ  ਮਾਨ ਨਾਲ ਚੌੜਾ ਹੋ ਜਾਂਦਾ।
ਅੱਜ ਰਾਜੂ ਸਕੂਲੋਂ ਆਇਆ ਤਾਂ ਉਹ ਸਹਿਮਿਆ ਹੋਇਆ ਸੀ। ਉਸਦਾ ਲੰਚ ਬੌਕਸ ਗੁਆਚ ਗਿਆ ਸੀ। ਮਾਂ ਦੀ ਡਾਂਟ ਘਰ ਵਿਚ ਵੜਨ ਤੋਂ ਪਹਿਲਾਂ ਹੀ ਉਸਦੇ ਕੰਨਾਂ ਵਿਚ ਗੂੰਜ ਰਹੀ ਸੀ।
ਵਿਪਿਨ ਨੇ ਘਰ ਆਉਂਦੇ ਹੀ ਰਾਜੂ ਨੂੰ ਪਲੰਘ ਉੱਤੇ ਸੁਬਕ-ਸੁਬਕ ਕੇ ਰੋਂਦਿਆਂ ਦੇਖਿਆ। ਰਾਜੂ ਦੀ ਗੱਲ੍ਹ ਉੱਤੇ ਉਂਗਲਾਂ ਦੇ ਨਿਸ਼ਾਨਦੇਖ ਕੇ ਉਸਦਾ ਸੰਜਮ ਜਵਾਬ ਦੇ ਗਿਆ। ਉਸਨੇ ਘਰ ਦੇ ਸਾਰੇ ਨਿਯਮਾਂ ਨੂੰ ਤੋੜ ਦਿੱਤਾ। ਉਹ ਰਾਜੂ ਨੂੰ ਬਜ਼ਾਰ ਲੈ ਗਿਆ, ਘੁਮਾਇਆ, ਖੁਆਇਆ-ਪਿਆਇਆ ਤੇ ਮੁੜਦੇ ਸਮੇਂ ਦੋ ਲੰਚ ਬੌਕਸ ਲੈ ਆਇਆ।
ਉਮਾ ਕੁਝ ਬੋਲਦੀ, ਇਸ ਤੋਂ ਪਹਿਲਾਂ ਹੀ ਉਸਨੇ ਕਿਹਾ, ਉਮਾ, ਨਿੱਕੀਆਂ-ਨਿੱਕੀਆਂ ਗੱਲਾਂ ਲਈ ਬੱਚੇ ਤੋਂ ਉਸਦਾ ਬਚਪਣ ਨਾ ਖੋਹ, ਘਰ ਨੂੰ ਘਰ ਰਹਿਣ ਦੇ। ਤੇਰਾ ਘਰ ਨੂੰ ਅਨੁਸ਼ਾਸਨ ਵਿਚ ਰੱਖਣਾ, ਮੈਨੂੰ ਯਤੀਮਖਾਨੇ ’ਚ ਬਿਤਾਏ ਆਪਣੇ ਬਚਪਣ ਦੀ ਯਾਦ ਦਿਵਾ ਦਿੰਦਾ ਹੈ। ਮੈਂ ਆਪਣੇ ਬੱਚੇ ਨੂੰ ਯਤੀਮਖਾਨੇ ’ਚ ਨਹੀਂ ਘਰ ’ਚ ਪਾਲਣਾ ਚਾਹੁੰਦਾ ਹਾਂ।
                                   -0-

No comments: