ਅਰੁਣ
ਕੁਮਾਰ
ਸੀਰੀਅਲ ਖਤਮ ਹੁੰਦੇ ਹੀ ਪਤਨੀ ਨੇ ਟੀ.ਵੀ. ਬੰਦ ਕੀਤਾ। ਰਾਤ ਦੇ
ਭੋਜਨ ਦੇ ਬਰਤਨ ਸਾਂਭਦੀ ਹੋਈ ਉਹ ਬੋਲੀ, “ਅੱਜ ਦੀਪੂ ਨੇ ਬਹੁਤ ਪਾਣੀ ਪੀਤਾ ਐ। ਛੇਤੀ ਸੌਣ ਦੀ ਜਿੱਦ ਕਰ ਰਿਹਾ ਸੀ ਤਾਂ ਮੈਂ ਦੁੱਧ ਵੀ
ਪਿਆ ਦਿੱਤਾ। ਕਿਤੇ ਅਜਿਹਾ ਨਾ ਹੋਵੇ ਕਿ ਰਾਤ ਨੂੰ ਨੀਂਦ ’ਚ ਬਿਸਤਰ ’ਤੇ ਪਿਸ਼ਾਬ ਕਰ ਦੇਵੇ। ਤੁਸੀਂ
ਇਹਨੂੰ ਉਠਾ ਕੇ ਪਿਸ਼ਾਬ ਕਰਵਾ ਦਿਓ।”
ਮੈਂ ਦੀਪੂ ਨੂੰ ਜਗਾਉਣ ਲਈ ਆਵਾਜ਼ ਦਿੱਤੀ, “ਦੀਪੂ…ਓ ਦੀਪੂ, ਉੱਠ ਬੇਟੇ ਉੱਠ।”
ਦੀਪੂ ਥੋੜਾ ਹਿੱਲਿਆ। ਮੈਂ ਉਸਨੂੰ ਜ਼ੋਰ ਨਾਲ ਝੰਜੋੜਦੇ ਹੋਏ ਫਿਰ ਆਵਾਜ਼ ਲਾਈ, “ਦੀਪੂ, ਉੱਠ ਖੜਾ ਹੋ।”
ਇਹ ਸੁਣਦੇ ਹੀ ਉਹ ਅੱਖਾਂ ਮਲਦੇ ਹੋਏ ਬਿਸਤਰ ਉੱਤੇ ਹੀ ਖੜਾ ਹੋ ਗਿਆ ਤੇ ਨੀਂਦ ਵਿਚ ਹੀ ਬੋਲਣਾ
ਸ਼ੁਰੂ ਕਰ ਦਿੱਤਾ, “ਟੂ ਵਨਜ ਆਰ ਟੂ…ਟੂ ਟੂਜ ਆਰ ਫੋਰ…।”
ਮੈਂ ਹੈਰਾਨ, ਪਤਨੀ ਅਵਾਕ। ਮੈਂ ਦੀਪੂ ਨੂੰ ਫੜਕੇ ਖੜਾ ਸੀ ਤੇ ਉਸਨੂੰ ਵਾਰ-ਵਾਰ ਕਹਿ ਰਿਹਾ
ਸੀ, “ਦੀਪੂ ਬੇਟੇ! ਤੂੰ ਘਰ ਵਿਚ ਐਂ… ਸਕੂਲ ’ਚ ਨਹੀਂ ਬੇਟੇ…।”
ਪਤਨੀ ਵੀ ਉਸਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਹ ‘ਟੂ ਟੈਨਜ਼ ਆਰ ਟਵੈਂਟੀ’ ਉੱਤੇ ਆ ਕੇ
ਹੀ ਰੁਕਿਆ।
-0-
No comments:
Post a Comment