ਰਾਵੀ
ਮੇਰੀ ਬਗੀਚੀ ਦੇ ਦਰ ਤੇ ਉਹ ਆਇਆ ਤੇ ਬੋਲਿਆ, “ਬਾਬੂਜੀ, ਮੈਂਨੂੰ ਆਪਣੇ ਬਗੀਚੇ ’ਚੋਂ ਕੁਝ ਫੁੱਲ
ਲੈ ਲੈਣ ਦਿਓ।”
ਫਟੇ-ਪੁਰਾਣੇ ਕਪੜਿਆਂ ਨਾਲ ਕਿਸੇ ਤਰਾਂ ਆਪਣੇ ਸਰੀਰ ਨੂੰ ਢਕੇ ਉਸ
ਮੁੰਡੇ ਨੂੰ ਮੈਂ ਧਿਆਨ ਨਾਲ ਦੇਖਦੇ ਹੋਏ ਪੁੱਛਿਆ, “ਤੂੰ ਹੈ ਕੌਣ?”
“ਭਿਖਾਰੀ।” ਉਸਦਾ ਉੱਤਰ ਸੀ। ਉਸਦੇ ਉੱਤਰ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਵੀ ਨਹੀਂ ਸੀ।
“ਭਿਖਾਰੀਆਂ ਨੂੰ ਅਜਿਹੀ ਚੀਜ਼ ਨਹੀਂ ਮੰਗਣੀ
ਚਾਹੀਦੀ। ਤੂੰ ਚਾਹੇ ਤਾਂ ਮੈਂ ਤੈਨੂੰ ਇੱਕ ਰੋਟੀ ਜਾਂ ਫਿਰ ਇੱਕ ਪੈਸਾ ਦੇ ਸਕਦਾ ਹਾਂ।” ਮੈਂ ਕਿਹਾ।
“ਢਿੱਡ ਭਰਣ ਲਈ ਇਹ ਕੁਝ ਤਾਂ ਮੈਂਨੂੰ
ਹੋਰਨਾ ਘਰਾਂ ’ਚੋਂ ਵੀ ਮਿਲ ਜਾਂਦਾ ਹੈ।” ਉਸਨੇ ਕਿਹਾ ਤੇ ਨਿਰਾਸ਼ ਹੋ ਕੇ ਚਲਾ ਗਿਆ।
ਅਗਲੇ ਦਿਨ ਮਾਲੀ ਨੇ ਸੂਚਨਾ ਦਿੱਤੀ ਕਿ ਬਗੀਚੀ ਵਿੱਚੋਂ ਕੁੱਝ
ਫੁੱਲ ਚੋਰੀ ਹੋਏ ਹਨ। ਮੈਂ ਪਹਿਰੇ ਦਾ ਪ੍ਰਬੰਧ ਕਰ ਦਿੱਤਾ, ਪਰੰਤੂ ਚੋਰੀ ਦਾ ਕੰਮ ਨਾ ਰੁਕਿਆ। ਹਰ
ਰਾਤ ਕਿਸੇ ਵੇਲੇ ਕੁਝ ਫੁੱਲ ਟੁੱਟ ਕੇ ਗਾਇਬ ਹੋ ਜਾਂਦੇ।
ਇੱਕ ਦਿਨ ਮੈਂ ਉਸ ਮੁੰਡੇ ਨੂੰ ਬਜ਼ਾਰ ਵਿੱਚ ਦੇਖਿਆ।
ਸੜਕ ਕਿਨਾਰੇ ਬੈਠਾ ਉਹ ਫੁੱਲਾਂ ਦੇ ਹਾਰ ਬਣਾ ਰਿਹਾ ਸੀ।
““ਤੂੰ ਚੋਰ ਹੈਂ।”” ਕੋਲ ਜਾ ਕੇ ਮੈਂ ਉਸਨੂੰ ਫੜ ਲਿਆ।
““ਮੈਂ ਚੋਰ
ਨਹੀਂ ਬਾਬੂ ਜੀ, ਇਹ ਤੁਸੀਂ ਕਿਹੋ ਜੀ ਗੱਲ ਕਰਦੇ ਓ! ਮੈਂ ਤਾਂ ਭਿਖਾਰੀ ਆਂ। ਭੀਖ ਦੇ ਪੈਸੇ ਬਚਾਕੇ
ਕੁਝ ਫੁੱਲ ਖਰੀਦ ਲੈਂਦਾ ਹਾਂ ਤੇ ਹਾਰ ਬਣਾ ਕੇ ਵੇਚ ਦਿੰਦਾ ਹਾਂ। ਕੁਝ ਸਮੇਂ ਬਾਦ ਮੈਂਨੂੰ ਭੀਖ
ਮੰਗਣ ਦੀ ਲੋੜ ਨਹੀਂ ਰਹਿ ਜਾਵੇਗੀ। ਮੈਂਨੂੰ ਚੋਰ ਕਹਿਣ ਲਈ ਤੁਹਾਡੇ ਕੋਲ ਕੋਈ ਸਬੂਤ ਹੈ?””
ਮੁੰਡੇ ਦੀ ਆਵਾਜ਼
ਕੜਕ ਸੀ। ਉਸਦੀ ਚੋਰੀ ਦਾ ਮੇਰੇ ਕੋਲ ਕੋਈ ਸਬੂਤ ਨਹੀਂ ਸੀ। ਕੁੱਝ ਲੋਕ ਸਾਡੀ ਗੱਲਬਾਤ ਸੁਣ ਰਹੇ
ਸਨ। ਬਿਨਾ ਸਬੂਤ ਦੇ ਦੋਸ਼ ਲਾ ਕੇ ਮੈਂ ਉਹਨਾਂ ਦੀ ਨਿਗ੍ਹਾ ਵਿੱਚ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ।
ਮੇਂ ਚੁੱਪਚਾਪ ਤੁਰ ਪਿਆ।
ਕੁੱਝ ਦੂਰ ਜਾਣ
ਮਗਰੋਂ ਮੈਂ ਦੇਖਿਆ, ਉਹ ਮੁੰਡਾ ਮੇਰੇ ਪਿੱਛੇ-ਪਿੱਛੇ ਆ ਰਿਹਾ ਸੀ। ਇਕਾਂਤ ਦੇਖਕੇ ਉਹਨੇ ਮੈਂਨੂੰ
ਕਿਹਾ, ““ਬਾਬੂ
ਜੀ, ਮੈਂ ਹਾਂ ਤਾਂ ਉਹੀ ਭਿਖਾਰੀ ਤੇ ਤੁਹਾਡੀ ਭੀਖ ’ਤੇ ਹੀ ਪਲ ਰਿਹਾ ਹਾਂ। ਫਰਕ ਸਿਰਫ ਏਨਾ ਹੈ ਕਿ
ਜੇਕਰ ਤੁਸੀਂ ਆਪਣੇ ਹੱਥੀਂ ਦੇ ਦਿੰਦੇ ਤਾਂ ਤੁਹਾਡਾ ਧੰਨਵਾਦੀ ਹੁੰਦਾ, ਪਰ ਹੁਣ ਨਹੀਂ ਹਾਂ।””
ਮੇਰਾ ਸਿਰ ਝੁਕ
ਗਿਆ। ਫੁੱਲਾਂ ਦਾ ਨੁਕਸਾਨ ਤਾਂ ਮੇਰੇ ਲਈ ਕੋਈ ਨੁਕਸਾਨ ਨਹੀਂ ਸੀ, ਪਰ ਇੱਕ ਬਹੁਤ ਵੱਡੀ ਚੀਜ਼
ਮੇਰੇ ਹੱਥੋਂ ਨਿਕਲ ਗਈ ਸੀ ਤੇ ਉਸ ਵਿੱਚ ਦੋਸ਼ ਮੇਰਾ ਹੀ ਸੀ।
-0-