Monday, February 27, 2012

ਹਿੰਦੀ/ਪਿੰਜਰੇ


ਸੁਕੇਸ਼ ਸਾਹਨੀ
ਉਹਦੇ ਕਦਮਾਂ ਦੀ ਆਹਟ ਨਾਲ ਚੌਂਕ ਕੇ ਨੀਲੂ ਨੇ ਅੱਖਾਂ ਖੋਲ੍ਹੀਆਂ। ਉਸਨੂ ਪਛਾਣ ਕੇ ਹੌਲੇ ਜਿਹੇ ਪੂਛ ਹਿਲਾਈ ਤੇ ਫਿਰ ਨਿਸ਼ਚਿੰਤ ਹੋ ਕੇ ਅੱਖਾਂ ਬੰਦ ਕਰ ਲਈਆਂ। ਚਾਰੋਂ ਕਤੂਰੇ ਇਕ-ਦੂਜੇ ਤੇ ਡਿੱਗਦੇ ਮਾਂ ਦੀ ਛਾਤੀ ਤੋਂ ਦੁੱਧ ਚੁੰਘ ਰਹੇ ਸਨ। ਉਹ ਕੀਲਿਆ ਜਿਹਾ ਉਹਨਾਂ ਨੂੰ ਦੇਖਦਾ ਰਿਹਾ।
ਨੀਲੂ ਦੇ ਪਿਆਰੇ-ਪਿਆਰੇ ਕਤੂਰਿਆਂ ਬਾਰੇ ਸੋਚਦਾ ਹੋਇਆ ਉਹ ਸੜਕ ਉੱਤੇ ਆ ਗਿਆ। ਸੜਕ ਉੱਤੇ ਪਿਆ ਟੀਨ ਦਾ ਖਾਲੀ ਡਿੱਬਾ ਉਸਦੇ ਬੂਟ ਦੀ ਠੋਕਰ ਨਾਲ ਖੜਖੜ ਕਰਦਾ ਦੂਰ ਜਾ ਡਿੱਗਾ। ਉਹ ਖਿਡ਼ਖਿੜਾ ਕੇ ਹੱਸਿਆ। ਉਸਨੇ ਇਸ ਕਿਰਿਆ ਨੂੰ ਦੁਹਰਾਇਆ। ਤਦ ਉਸਨੂੰ ਪਿਛਲੀ ਰਾਤ ਮਾਂ ਵੱਲੋਂ ਸੁਣਾਈ  ਕਹਾਣੀ ਯਾਦ ਆਈ, ਜਿਸ ਵਿੱਚ ਇਕ ਦਰੱਖਤ ਧੋਬੀ ਨੂੰ ਕਹਿੰਦਾ ਹੈ, ‘ਧੋਬੀਆ ਓ ਧੋਬੀਆ! ਅੰਬ ਨਾ ਤੋਡ਼…’ ਉਹਨੇ  ਸਡ਼ਕ ਦੇ ਦੋਨੋਂ ਪਾਸੇ ਸ਼ਾਨ ਨਾਲ ਖੜੇ ਦਰੱਖਤਾਂ ਨੂੰ ਹੈਰਾਨੀ ਨਾਲ ਦੇਖਦੇ ਹੋਏ ਸੋਚਿਆ– ‘ਦਰੱਖਤ ਕਿਵੇਂ ਬੋਲਦੇ ਹੋਣਗੇ?…ਕਿੰਨਾ ਚੰਗਾ ਹੁੰਦਾ ਜੇਕਰ ਕੋਈ ਦਰੱਖਤ ਮੇਰੇ ਨਾਲ ਵੀ ਗੱਲਾਂ ਕਰਦਾ!’
ਦਰੱਖਤ ਉੱਤੇ ਬੈਠੇ ਇਕ ਬਾਂਦਰ ਨੇ ਉਸ ਵੱਲ ਦੇਖ ਕੇ ਮੂੰਹ ਬਣਾਇਆ ਤੇ ਫਿਰ ਉਲਟਾ ਲਟਕ ਗਿਆ। ਇਹ ਦੇਖ ਕੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਾ।
ਖੁਦ ਨੂੰ ਸਕੂਲ ਅੱਗੇ ਖੜਾ ਦੇਖ ਉਹ ਚੌਂਕ ਪਿਆ। ਘਰ ਤੋਂ ਸਕੂਲ ਤਕ ਦਾ ਲੰਮਾ ਰਸਤਾ ਇੰਨੀਂ ਛੇਤੀ ਤੈਅ ਹੋ ਗਿਆ, ਸੋਚ ਕੇ ਉਹਨੂੰ ਹੈਰਾਨੀ ਹੋਈ। ਪਹਿਲੀ ਵਾਰ ਉਹਨੂੰ ਪਿੱਠ ਉੱਤੇ ਟੰਗੇ ਸਕੂਲ ਦੇ ਭਾਰੀ ਬਸਤੇ ਦਾ ਧਿਆਨ ਆਇਆ।  ਉਸਨੂੰ ਉਦਾਸੀ ਨੇ ਘੇਰ ਲਿਆ। ਤਦੇ ਦਰੱਖਤ ਉੱਤੇ ਕੋਇਲ ਬੋਲੀ। ਉਹਨੇ ਹਸਰਤ ਭਰੀ ਨਿਗਾਹ ਨਾਲ ਕੋਇਲ ਨੂੰ ਦੇਖਿਆ ਤੇ ਫਿਰ ਮਰੀ ਜਿਹੀ ਚਾਲ ਨਾਲ ਆਪਣੀ ਕਲਾਸ ਵੱਲ ਤੁਰ ਪਿਆ।
                                               -0-

No comments: