Monday, March 26, 2012

ਹਿੰਦੀ/ ਜੰਗ

ਡਾ. ਰਾਜਿੰਦਰ ਕੁਮਾਰ ਕਨੌਜੀਆ
ਸਰਹੱਦ ਉੱਪਰ ਦੋਹਾਂ ਪਾਸਿਆਂ ਦੀਆਂ ਫੌਜਾਂ ਡਟੀਆਂ ਸਨ। ਛੋਡ਼ੀ ਦੇਰ ਤੋਂ ਗੋਲੀਬਾਰੀ ਬੰਦ ਸੀ। ਇਕ ਪਾਸੇ ਦੇ ਫੌਜੀਆਂ ਵਿੱਚੋਂ ਇਕ ਨੇ ਆਪਣੀ ਬੰਦੂਕ ਉੱਥੇ ਪਾਸ ਦੇ ਇਕ ਦਰੱਖਤ ਨਾਲ ਟਿਕਾ ਦਿੱਤੀ, ਥੋਡ਼ੀ ਦੇਰ ਸੁੱਖ ਦਾ ਸਾਹ ਲੈਂਦਾ ਹਾਂ…
ਕਿਉਂ ਕਰਦੇ ਨੇ ਇਹ ਜੰਗ? ਕੀ ਮਿਲੂਗਾ ਉਨ੍ਹਾਂ ਨੂੰ ਤੇ ਕੀ ਖੱਟਲੂ ਉਹ? ਉਹੀ ਦੋ ਵਕਤ ਦੀ ਰੋਟੀ। ਧੱਤ!
ਉਹਨੇ ਆਸਪਾਸ ਦੇਖਿਆ, ਨਾਲ ਦੇ ਖੇਤਾਂ ਵਿਚ ਸਰ੍ਹੋਂ ਦੇ ਫੁੱਲ ਖਿਡ਼੍ਹੇ ਸਨ। ਇਕ ਜੰਗਲੀ ਫੁੱਲ ਵੀ ਖਿਡ਼ਿਆ ਹੈ। ਇਕ ਤਿਤਲੀ ਪਤਾ ਨਹੀਂ ਕਿੱਧਰੋਂ ਆਈ ਤੇ ਉਸ ਉੱਤੇ ਮੰਡਰਾਉਣ ਲੱਗੀ। ਬੰਦੂਕ ਦੀ ਨਲੀ ਦੇ ਆਸਪਾਸ ਸ਼ਾਇਦ ਕੁਝ ਲੱਗਾ ਸੀ। ਤਿਤਲੀ ਖੂਬਸੂਰਤ ਹੈ। ਗਹਿਰੇ ਚਟਕ ਪੀਲੇ ਫੁੱਲ ਵਿਚ ਲਾਲ ਤਿਤਲੀ। ਬਿਲਕੁਲ ਉਹਦੀ ਨੰਨ੍ਹੀ ਬੇਟੀ ਵਰਗੀ।
ਕਿੰਨਾ ਚੰਗਾ ਹੋਵੇ ਜੇਕਰ ਜੰਗ ਖਤਮ ਹੋਵੇ ਤੇ ਉਹ ਘਰ ਜਾਵੇ।
ਉਹ ਇਕ ਟੱਕ ਅਸਮਾਨ ਵੱਲ ਦੇਖਦਾ ਰਿਹਾ।
ਅਚਾਨਕ ‘ਟੀਂਅ’ ਕਰਦੀ ਇਕ ਗੋਲੀ ਸਰਹੱਦ ਦੇ ਉਸ ਪਾਰ ਤੋਂ ਚੱਲੀ ਤੇ ਉਹ ਬਾਲਬਾਲ ਬਚਿਆ।
ਉਹਨੇਂ ਵੀ ਪੁਜੀਸ਼ਨ ਲੈ ਲਈ ਤੇ ਗੋਲਿਆਂ ਚਲਾ ਦਿੱਤੀਆਂ। ਥੋਡ਼ੀ ਦੇਰ ਬਾਦ ਗੋਲੀਬਾਰੀ ਬੰਦ ਹੋ ਗਈ ਸੀ। ਉਹ ਫੌਜੀ ਉੱਥੇ ਹੀ ਢੇਰ ਹੋ ਗਿਆ ਸੀ। ਉਹਦੀ ਬੰਦੂਕ ਉੱਥੇ ਹੀ ਪਈ ਸੀ। ਉਸ ਵਿਚੋਂ ਨਿਕਲ ਰਿਹਾ ਧੂੰਆਂ ਸ਼ਾਂਤ ਹੋ ਗਿਆ ਸੀ। ਤਿਤਲੀ ਹੁਣ ਵੀ ਉਸ ਉੱਤੇ ਮੰਡਰਾ ਰਹੀ ਸੀ।
                                            -0-

Sunday, March 18, 2012

ਚੈਕ / ਪੂਰਨੇ


ਜੇਮਜ ਥਰਬਰ

ਇਕ ਨਿੱਕੀ ਜਿਹੀ ਕੁੜੀ ਨੂੰ ਉਹਦੇ ਸੱਤਵੇਂ ਜਨਮ-ਦਿਨ ਉੱਤੇ ਤਸਵੀਰਾਂ ਵਾਲੀਆਂ ਬਹੁਤ ਸਾਰੀਆਂ ਪੁਸਤਕਾਂ ਮਿਲੀਆਂ। ਉਸਦੇ ਪਿਤਾ ਨੇ ਸੋਚਿਆ ਕਿ ਉਹਨਾਂ ਵਿੱਚੋਂ ਇਕ-ਦੋ ਪੁਸਤਕਾਂ ਗੁਆਂਢੀਆਂ ਦੇ ਮੁੰਡੇ ਰਾਬਰਟ ਨੂੰ ਦੇ ਦੇਣੀਆਂ ਚਾਹੀਦੀਆਂ ਹਨ, ਜਿਹੜਾ ਉਸ ਮੌਕੇ ਉੱਥੇ ਆ ਗਿਆ ਸੀ।
ਕਿਸੇ ਨਿੱਕੀ ਜਿਹੀ ਕੁੜੀ ਤੋਂ ਕੋਈ ਚੀਜ਼ ਲੈਣਾ ਆਸਾਨ ਨਹੀਂ ਹੁੰਦਾ,ਪਰ ਪਿਤਾ ਨੇ ਕੁੜੀ ਨੂੰ ਸਮਝਾ-ਬੁਝਾ ਕੇ ਉਸਤੋਂ ਦੋ ਪੁਸਤਕਾਂ ਲੈ ਕੇ ਮੁੰਡੇ ਨੂੰ ਦੇ ਦਿੱਤੀਆਂ। ਫਿਰ ਉਸ ਨੇ ਕੁੜੀ ਨੂੰ ਕਿਹਾ, ਹੁਣ ਵੀ ਤੇਰੇ ਕੋਲ ਨੌਂ ਪੁਸਤਕਾਂ ਬਚ ਗਈਆਂ ਹਨ।
ਕੁਝ ਦਿਨਾਂ ਮਗਰੋਂ ਪਿਤਾ ਆਪਣੀ ਲਾਇਬਰੇਰੀ ਵਿਚ ਗਿਆ ਤਾਕਿ ਕਈ ਜਿਲਦਾਂ ਵਾਲੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿਚ ‘ਪਿਤਾ’ ਸ਼ਬਦ ਸਾਹਮਣੇ ਪਿਤਾ ਦੀ ਪ੍ਰਸ਼ੰਸ਼ਾ ਵਿਚ ਲਿਖੀਆਂ ਗੱਲਾਂ ਪੜ੍ਹ ਸਕੇ। ਪਰ ਉਹ ਜਿਲਦ ਉੱਥੇ ਨਹੀਂ ਸੀ। ਖੋਜਣ ਉੱਤੇ ਪਤਾ ਲੱਗਾ ਕਿ ਤਿੰਨ ਹੋਰ ਜਿਲਦਾਂ ਵੀ ਗਾਇਬ ਸਨ।
ਜਦੋ ਘਰ ਵਿਚ ਉਹਨਾਂ ਜਿਲਦਾਂ ਦੀ ਤਲਾਸ਼ ਸ਼ੁਰੂ ਹੋਈ ਤਾਂ ਉਹਦੀ ਧੀ ਨੇ ਦੱਸਿਆ, ਅੱਜ ਸਵੇਰੇ ਇਕ ਆਦਮੀ ਇੱਥੇ ਆਇਆ ਸੀ। ਉਹਨੂੰ ਪਤਾ ਨਹੀਂ ਸੀ ਕਿ ਇੱਥੋਂ ਟਾਕਿੰਗਟਨ ਜਾਂ ਟਾਕਿੰਗਟਨ ਤੋਂ ਵਾਈਸਟੈਂਡ ਕਿਵੇਂ ਜਾਵੇ? ਉਹ ਬਹੁਤ ਚੰਗਾ ਸੀ ਰਾਬਰਟ ਤੋਂ ਕਿਤੇ ਚੰਗਾ। ਇਸ ਲਈ ਮੈਂ ਉਸ ਨੂੰ ਤੁਹਾਡੀਆਂ ਚਾਰ ਕਿਤਾਬਾਂ ਦੇ ਦਿੱਤੀਆਂ। ਆਖਰ ਡਿਕਸ਼ਨਰੀ ਦੀਆਂ ਤੇਰ੍ਹਾਂ ਕਿਤਾਬਾਂ ਸਨ, ਜਿਨ੍ਹਾਂ ’ਚੋਂ ਅਜੇ ਵੀ ਤੁਹਾਡੇ ਕੋਲ ਨੌਂ ਬਾਕੀ ਬਚ ਗਈਆਂ ਹਨ।
                                           -0-

Saturday, March 10, 2012

ਹਿੰਦੀ/ ਬੁਝਦੇ ਚਿਰਾਗ਼


ਡਾ. ਰਾਮ ਕੁਮਾਰ ਘੋਟੜ

ਤੁਹਾਡੀ ਪੁਸਤਕ ਤਾਂ ਪਿਛਲੇ ਸਾਲ ਹੀ ਆਉਣ ਵਾਲੀ ਸੀ, ਕੀ ਬਣਿਆ?
ਨਹੀਂ ਆ ਸਕੀ।
ਕਿਉਂ?
ਪ੍ਰਕਾਸ਼ਕ ਨੂੰ ਪ੍ਰਕਾਸ਼ਨ-ਖਰਚ ਦਾ ਇੱਕ-ਚੌਥਾਈ ਤਾਂ ਖਰੜੇ ਦੇ ਨਾਲ ਹੀ ਭੇਜ ਦਿੱਤਾ ਸੀ, ਬਾਕੀ ਰਾਸ਼ੀ ਛੇ ਮਹੀਨੇ ਬਾਦ ਭੇਜਣੀ ਸੀ।
ਫਿਰ…?
ਇੱਕ ਰਾਤ ਸ਼੍ਰੀਮਤੀ ਜੀ ਦੇ ਪੇਟ ’ਚ ਤਿੱਖਾ ਦਰਦ ਉੱਠਿਆ। ਚੈੱਕ ਕਰਵਾਇਆ ਤਾਂ ਡਾਕਟਰ ਨੇ ਪਿੱਤੇ ’ਚ ਪੱਥਰੀਆਂ ਦੱਸੀਆਂ। ਉਹਦਾ ਇਲਾਜ਼ ਆਪਰੇਸ਼ਨ ਹੀ ਸੀ। ਇਸਲਈ ਜਮਾ ਪੂੰਜੀ ਖਰਚ ਹੋ ਗਈ।
ਤੇ ਇਸ ਸਾਲ?
ਇਸ ਸਾਲ ਘਰੇਲੂ ਖਰਚ ’ਚ ਕਟੌਤੀ ਕਰਕੇ ਕੁਝ ਰਕਮ ਇਕੱਠੀ ਕੀਤੀ ਸੀਸਹੁਰੇ ਘਰੋਂ ਵੱਡੀ ਧੀ ਆ ਗਈ। ਰੀਤ ਅਨੁਸਾਰ ਪਹਿਲੀ ਡਲਿਵਰੀ ਪੇਕੇ ਹੋਣੀ ਸੀ। ਡਾਕਟਰਨੀ ਨਾਰਮਲ ਡਲਿਵਰੀ ਨਹੀਂ ਕਰਵਾ ਸਕੀ, ਸੀਜੇਰੀਅਨ ਕਰਵਾਉਣਾ ਪਿਆ।
ਤੇ ਹੁਣ?
ਪ੍ਰਕਾਸ਼ਕ ਦੇ ਪੱਤਰ ਆਉਂਦੇ ਹਨ ਕਿ ਐਗਰੀਮੈਂਟ ਦੀਆਂ ਸ਼ਰਤਾਂ ਅਨਸਾਰ ਸਮਾਂ ਪੂਰਾ ਹੋ ਚੁੱਕਾ ਹੈ। ਪਹਿਲਾਂ ਭੇਜੀ ਗਈ ਰਕਮ ਨੂੰ ਆਈ-ਗਈ ਮੰਨ ਕੇ ਕਿਉਂ ਨਾ ਖਰੜੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਵੇ।
                                       -0-


Sunday, March 4, 2012

ਕਸ਼ਮੀਰੀ / ਸ਼ਰਾਫਤ


ਅਖਤਰ ਮੋਈਉਦੀਨ
ਚਾਰ-ਪੰਜ ਵਰ੍ਹਿਆਂ ਦਾ ਇਕ ਬੱਚਾ ਸਰੇ-ਬਜ਼ਾਰ ਅੜੀਅਲ ਘੋੜੇ ਵਾਂਗ ਬਿਫਰ ਗਿਆ। ਮੁੰਡੇ ਦੀ ਜਿੱਦ ਨੇ ਸਜਧਜ ਕੇ ਘਰੋਂ ਨਿਕਲੀ ਔਰਤ ਤਿਲਮਿਲਾ ਉੱਠੀ, ਸਿੱਧਾ ਹੋ ਕੇ ਚਲਦੈਂ ਕਿ ਲਾਵਾਂ ਤੇਰੋ ਦੋ…।
ਬਹੁਤ ਮਿੰਨਤਾਂ ਕਰਨ ਤੇ ਵੀ ਸਾਹਬਜ਼ਾਦਾ ਟਸ ਤੋਂ ਮਸ ਨਾ ਹੋਇਆ। ਸਗੋਂ ਮਿੱਟੀ ਵਿਚ ਲਿਟਣ ਲੱਗਾ।
ਲੋਕ ਲੁਕਛਿਪ ਕੇ ਇਸ ਨਜ਼ਾਰੇ ਦਾ ਅਨੰਦ ਲੈਣ ਲੱਗੇ। ਤਦੇ ਉੱਥੋਂ ਇਕ ਬਜ਼ੁਰਗ ਸੱਜਣ ਗੁਜ਼ਰੇ। ਸ਼ਰਾਫਤ ਉਹਨਾਂ ਦੇ ਅੰਗ-ਅੰਗ ਵਿੱਚੋਂ ਟਪਕ ਰਹੀ ਸੀ। ਔਰਤ ਦੀ ਪਰੇਸ਼ਾਨੀ ਨੇ ਉਹਨਾਂ ਵਿਚ ਹਮਦਰਦੀ ਦਾ ਭਾਵ ਪੈਦਾ ਕੀਤਾ। ਬੱਚੇ ਨੂੰ ਬਾਹਾਂ ਵਿਚ ਲੈ ਕੇ ਉਹਨਾਂ ਨੇ ਕਿਹਾ, ਬੇਟਾ ਇੰਜ ਨਹੀਂ ਕਰੀਦਾ। ਦੱਸ ਤੈਨੂੰ ਕੀ ਚਾਹੀਦੈ?
ਬੱਚੇ ਦੀਆਂ ਵਾਛਾਂ ਖਿੜ ਗਈਆਂ, ਅੰਕਲ ਜੀ, ਮੰਮੀ ਮੈਨੂੰ ਤਾਂਗੇ ’ਚ ਨਹੀਂ ਬਠਾਉਂਦੀ। ਪੈਦਲ ਚਲਾਉਂਦੀ ਐ।
ਉਸ ਸੱਜਣ ਨੇ ਤਾਂਗਾ ਬੁਲਾਇਆ ਤੇ ਮਾਂ-ਪੁੱਤ ਦੋਹਾਂ ਨੂੰ ਤਾਂਗੇ ਵਿਚ ਬਿਠਾ ਕੇ ਵਿਦਾ ਕੀਤਾ। ਬੱਚੇ ਨੇ ਟਾ-ਟਾ ਕਰਦਿਆਂ ਹੱਥ ਹਿਲਾਇਆ ਤੇ ਮਾਂ ਨੂੰ ਬੋਲਿਆ, ਮੰਮੀ ਅੰਕਲ ਬਹੁਤ ਚੰਗੇ ਐ! ਮੈਨੂੰ ਗੋਦੀ ਚੁੱਕਿਆ ਤੇ ਤਾਂਗੇ ’ਚ ਬਠਾਇਆ।
ਛੀ-ਛੀਹ, ਗੰਦਾ ਆਦਮੀ! ਉਸ ਵੱਲ ਨਾ ਦੇਖ।ਔਰਤ ਨੇ ਅੱਖਾ ਕੱਢਦੇ ਹੋਏ ਕਿਹਾ।
                                        -0-