ਮਾਯਾ ਕਨੋਈ
“ਮੇਮਸਾਬ, ਓ ਮੇਮਸਾਬ!” ਉਹ ਬਾਹਰੋਂ ਹੀ ਚਿੱਲਾਉਂਦੀ ਹੋਈ ਘਰ ਦੇ ਅੰਦਰ ਦਾਖਲ ਹੋਈ।
ਮੈਂ ਅੰਦਰ ਕਮਰੇ ਵਿਚ ਵਾਲ ਵਾਹ ਰਹੀ ਸੀ। ਆਵਾਜ਼ ਸੁਣਕੇ ਬਾਹਰ ਆਈ, “ਕੌਣ ਐ?…ਓਹ ਤੂੰ! ਕੀ ਗੱਲ ਐ?” ਉਸ ਮਾਲਿਸ਼ ਕਰਨ ਵਾਲੀ ਨੂੰ ਦੇਖ ਕੇ ਮੈਂ ਪੁੱਛਿਆ।
“ਇਉਂ ਈ ਮੇਮ ਸਾਬ, ਇੱਧਰੋਂ ਲੰਘ ਰਹੀ ਸੀ, ਉਹ ਕੈਲਾਸ਼ ਬਾਬੂ ਦੀ ਜਨਾਨੀ ਦੀ ਮਾਲਸ਼ ਕਰਨ ਖਾਤਰ।…ਸੋਚਿਆ, ਮੇਮਸਾਬ ਕੋਲ ਵੀ ਹੁੰਦੀ ਜਾਵਾਂ। ਡਿਬਰੂਗਡ਼੍ਹ ਗਏ ਸੀ ਕੀ?”
“ਨਹੀਂ, ਅਜੇ ਨਹੀਂ।”
“ਇਹ ਦੇਖੋ ਮੇਮਸਾਬ!” ਕਹਿੰਦੇ ਹੋਏ ਉਹਨੇ ਸਾਡ਼ੀ ਦਾ ਦਬਿਆ ਪੱਲੂ ਖਿੱਚਕੇ ਬਾਹਰ ਕੱਢਿਆ ਤੇ ਉੱਥੇ ਦਿੱਤੀ ਗੰਢ ਖੋਲ੍ਹਣ ਲੱਗੀ। ਮੈਂ ਗੌਰ ਨਾਲ ਦੇਖ ਰਹੀ ਸੀ ਕਿ ਉਹ ਮੈਨੂੰ ਕੀ ਦਿਖਾਉਣਾ ਚਾਹੁੰਦੀ ਹੈ। ਉੱਥੇ ਤਹਿ ਕੀਤਾ ਹੋਇਆ ਪੰਜ ਰੁਪਏ ਦਾ ਇਕ ਨਵਾਂ ਨੋਟ ਸੀ। ਉੱਥੇ ਹੀ ਤਹਿ ਕੀਤਾ ਹੋਇਆ ਇਕ ਦੋ ਰੁਪਏ ਦਾ ਨੋਟ ਵੀ ਸੀ।
ਇਸ ਤਰ੍ਹਾਂ ਮੈਨੂੰ ਰੁਪਏ ਦਿਖਾਉਣ ਦਾ ਅਰਥ ਮੈਂ ਸਮਝ ਨਹੀਂ ਸਕੀ। ਮੈਂ ਇਕ ਨਜ਼ਰ ਰੁਪਆਂ ਉੱਤੇ, ਇਕ ਨਜ਼ਰ ਉਸ ਉੱਪਰ ਮਾਰੀ। ਫਿਰ ਉਸਦਾ ਮਕਸਦ ਜਾਣਨ ਲਈ ਸਵਾਲੀਆ ਨਿਗ੍ਹਾ ਨਾਲ ਪੁੱਛਿਆ, “ਰੁਪਏ?”
“ਹਾਂ, ਇਹ ਦੇਖੋ, ਮੈਂ ਝੂਠ ਨਹੀ ਬੋਲਦੀ,” ਉਹਨੇ ਦੁਬਾਰਾ ਰੁਪਏ ਮੈਨੂੰ ਦਿਖਾਕੇ ਆਪਣੀ ਗੱਲ ਦੀ ਸੱਚਾਈ ਦਾ ਵਿਸ਼ਵਾਸ ਦਿਵਾਉਣਾ ਚਾਹਿਆ, “ਉਸ ਦਿਨ ਤੁਹਾਡੇ ਜਿਹੋਜੀ ਮਾਲਸ਼ ਕੀਤੀ ਸੀ ਨਾ, ਉਹੋਜੀ…” ਕਹਿੰਦੇ ਹੋਏ ਉਹਨੇ ਅਨਕਹੇ ਸ਼ਬਦਾਂ ਰਾਹੀਂ ਬਹੁਤ ਅਰਥਪੂਰਣ ਵਿਅੰਗ ਭਰਿਆ ਤੀਰ ਮੇਰੇ ਉੱਤੇ ਚਲਾਇਆ।
ਮੈਂ ਉਸ ਭੋਲੀ ਔਰਤ ਨੂੰ ਦੇਖਿਆ, ਰੁਪਿਆਂ ਨੂੰ ਦੇਖਿਆ ਤੇ ਨਜ਼ਰਾਂ ਝੁਕਾ ਕੇ ਕੁਝ ਕਹੇ ਬਗੈਰ ਰਹਿ ਗਈ। ਪਰ ਮੇਰੀ ਆਤਮਾ ਚੁੱਪ ਨਾ ਰਹਿ ਸਕੀ। ਮੈਂ ਅੰਦਰੋਂ ਸ਼ਰਮ ਨਾਲ ਲਾਲ ਹੋ ਗਈ ਸੀ।
ਇਕ ਦਿਨ ਉਹ ਮੈਨੂੰ ਮਿਲਣ ਆਈ ਸੀ। ਮੈਂ ਇਸੇ ਦਾ ਲਾਭ ਉਠਾਉਂਦੇ ਹੋਏ ਉਸਨੂੰ ਤੇਲ ਮਾਲਿਸ਼ ਕਰਨ ਲਈ ਕਹਿ ਦਿੱਤਾ। ਉਹਨੇ ਪੂਰੀ ਲਗਨ ਨਾਲ ਮਾਲਿਸ਼ ਕੀਤੀ । ਜਾਂਦੇ ਵਕਤ ਮੈਂ ਈਮਾਨਦਾਰੀ ਦਿਖਾਉਂਦੇ ਹੋਏ ਇਕ ਰੁਪਿਆ ਉਹਨੂੰ ਫਡ਼ਾਉਂਦੇ ਹੋਏ ਕਿਹਾ, “ਲੈ, ਅਸੀਂ ਕਿਸੇ ਦਾ ਹੱਕ ਨਹੀਂ ਰੱਖਦੇ।” ਇਸੇ ਬਹਾਨੇ ਮੈਂ ਉਸਨੂੰ ਗਰੀਬ, ਗੰਵਾਰ ਤੇ ਜਾਹਿਲ ਸਮਝ ਕੇ ਰੁਪਿਆ ਦੇਣ ਦਾ ਅਹਿਸਾਨ ਵੀ ਜਤਾਇਆ।
ਉਹਨੇ ਰੁਪਿਆ ਲੈ ਲਿਆ। ਮੇਰੇ ਵੱਲ ਇਕ ਵਾਰ ਡੂੰਘੀ ਨਿਗ੍ਹਾ ਨਾਲ ਦੇਖਿਆ, ਫਿਰ ਕੁਝ ਦੇਰ ਰੁਪਏ ਨੂੰ ਦੇਖਦੀ ਰਹੀ। ਬੁਝੇ ਮਨ ਨਾਲ ਰੁਪਿਆ ਸਾਡ਼ੀ ਦੇ ਪੱਲੂ ਨਾਲ ਬੰਨ੍ਹਿਆ ਤੇ, “ਅੱਛਾ ਮੇਮਸਾਬ, ਚਲਦੀ ਆਂ, ਫਿਰ ਆਵਾਂਗੀ।” ਕਹਿਕੇ ਚਲੀ ਗਈ।
ਪਰ ਅੱਜ ਮੇਰੀ ਗਲਤ ਸੋਚ ਦਾ ਬਦਲਾ ਉਸਨੇ ਲੈ ਲਿਆ ਸੀ। ਉਸਨੇ ਮੇਰੀ ਬੇਰੁਖੀ ਤੇ ਝੂਠੇ ਅਭਿਮਾਨ ਉੱਤੇ ਬਡ਼ੇ ਭੋਲੇਪਣ ਤੇ ਸਮਝਦਾਰੀ ਨਾਲ ਪ੍ਰਤੀਘਾਤ ਕੀਤਾ ਸੀ। ਹੁਣ ਮੈਂ ਉਸ ਅੱਗੇ ਆਪਣੇ-ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਸੀ।
-0-
No comments:
Post a Comment