Monday, December 26, 2011

ਹਿੰਦੀ/ ਇਹ ਲੋਕ


ਉਰਮਿ ਕ੍ਰਿਸ਼ਣ
                           
ਮੈਂ ਆਪਣਾ ਬਿੱਲ ਲੈ ਕੇ ਪਹੁੰਚਿਆ ਤਾਂ ਉਹ ਮਜ਼ਦੂਰਾਂ ਨੂੰ ਛੁੱਟੀ ਕਰਕੇ ਉਹਨਾਂ ਦਾ ਹਿਸਾਬ ਕਰ ਰਹੇ ਸਨ। ਆਖਰੀ ਮਜ਼ਦੂਰ ਨਾਲ ਉਹਨਾਂ ਦੀ ਕਾਫੀ ਬਹਿਸ ਹੋਈ। ਉਹ ਆਪਣੀਆਂ ਪੰਜ ਦਿਹਾੜੀਆਂ ਦੇ ਪੂਰੇ ਪੈਸੇ ਮੰਗ ਰਿਹਾ ਸੀ, ਜਦੋਂ ਕਿ ਉਹ ਇਕ ਦਿਹਾੜੀ ਦੇ ਪੈਸੇ ਰੋਕ ਕੇ ਰੱਖਣ ਲਈ ਬਜਿੱਦ ਸਨ। ਮਜ਼ਦੂਰ ਦਾ ਤਰਕ ਸੀ ਕਿ ਉਹਨੇ ਪੈਸੇ ਘਰ ਭੇਜਣੇ ਹਨ। ਚਿੱਠੀ ਆਈ ਹੈ, ਬੱਚਾ ਬੀਮਾਰ ਹੈ। ਪਰ ਉਹ ਨਹੀਂ ਮੰਨੇ। ਅੰਤ ਉਹ ਚਾਰ ਦਿਹਾੜੀਆਂ ਦੇ ਪੈਸੇ ਲੈ ਕੇ ਹੀ ਚਲਾ ਗਿਆ।
ਮੇਰਾ ਬਿੱਲ ਦੇਖਕੇ ਉਹ ਬੋਲੇ, ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਇਨ੍ਹਾਂ ਦਾ ਕੋਈ ਦੀਨ-ਈਮਾਨ ਨਹੀਂ। ਪੂਰੇ ਪੈਸੇ ਦੇ ਦਿੰਦਾ ਤਾਂ ਇਹਨੇ ਕੱਲ੍ਹ ਸ਼ਕਲ ਨਹੀਂ ਸੀ ਦਿਖਾਉਣੀ। ਫਿਰ ਨਵਾਂ ਮਜ਼ਦੂਰ ਲੱਭੋ, ਉਸ ਨਾਲ ਮੱਥਾ ਮਾਰੋ ਨਵੇਂ ਸਿਰਿਓਂ।
ਇੰਨੇ ਵਿੱਚ ਦੇਖਿਆ ਕਿ ਉਹੀ ਮਜ਼ਦੂਰ ਵਾਪਸ ਆ ਰਿਹਾ ਹੈ। ਉਹ ਆਕੇ ਬੋਲਿਆ, ਬਾਬੂ ਜੀ, ਤੁਸੀਂ ਵੱਧ ਪੈਸੇ ਦੇਤੇ, ਦਸ ਦੀ ਜਗ੍ਹਾ ਪੰਜਾਹ ਦਾ ਨੋਟ ਦੇਤਾ। ਰਾਸ਼ਨ ਵਾਲੇ ਨੂੰ ਪੈਸੇ ਦੇਣ ਲੱਗਾ ਤਾਂ ਦੇਖਿਆ।
ਉਹਨਾਂ ਨੇ ਫੁਰਤੀ ਨਾਲ ਉਹਦੇ ਹੱਥੋਂ ਨੋਟ ਝਪਟ ਲਿਆ। ਫਿਰ ਉਸਨੂੰ ਦਸ ਦਾ ਨੋਟ ਦਿੰਦੇ ਹੋਏ ਕਿਹਾ, ਰਾਮਦੀਨ, ਤੂੰ ਤਾਂ ਆਪਣਾ ਖਾਸ ਆਦਮੀ ਐਂ। ਸਾਡੇ ਨਾਲ ਬੇਈਮਾਨੀ ਕਿਵੇਂ ਕਰ ਸਕਦੈਂ, ਇਸਲਈ ਅਸੀਂ ਵੀ ਧਿਆਨ ਨਾਲ ਨਹੀਂ ਗਿਣੇ। ਯਾਦ ਰੱਖ ਬਰਕਤ ਮਿਹਨਤ ਦੀ ਕਮਾਈ ਨਾਲ ਹੁੰਦੀ ਐ, ਬੇਈਮਾਨੀ ਨਾਲ ਨਹੀਂ।
ਰਾਮਦੀਨ ਚਲਾ ਗਿਆ ਤਾਂ ਉਹ ਬੋਲੇ, ਮੈਂ ਕਿਹਾ ਸੀ ਨਾ, ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਸਿਰੇ ਦੇ ਮੂਰਖ ਤੇ ਬੇਅਕਲ ਨੇ। ਹੱਥ ਆਈ ਲੱਛਮੀ ਨੂੰ ਦੁਤਕਾਰਦਾ ਐ ਭਲਾ ਕੋਈ। ਇਹ ਕਦੇ  ਉੱਪਰ ਨਹੀਂ ਉੱਠਣਗੇ।
                                             -0-

Monday, December 19, 2011

ਹਿੰਦੀ/ ਮਾਂ


ਚੇਤਨਾ ਭਾਟੀ
ਉਹ ਪ੍ਰਸਿੱਧ ਨਰਤਕੀ ਸੀ। ਪਰ ਪੁੱਤਰ ਦੀ ਬੇਵਕਤ ਮੌਤ ਨੇ ਉਸਨੂੰ ਇਸ ਤਰ੍ਹਾਂ ਤੋੜ ਦਿੱਤਾ ਕਿ ਫਿਰ ਕਦੇ ਉਹਦੇ ਪੈਰ ਨਹੀਂ ਥਿਰਕੇ। ਉਹ ਵ੍ਹੀਲ-ਚੇਅਰ ਉੱਤੇ ਆ ਗਈ।
ਸ਼ਹਿਰ ਵਿਚ ਹੋਏ ਦੰਗਿਆਂ ਦਾ ਸ਼ਿਕਾਰ ਹੋਇਆ ਕੰਮਵਾਲੀ ਦਾ ਜਵਾਨ ਪੁੱਤਰ ਚੱਲ ਵੱਸਿਆ। ਗਰੀਬ ਵਿਧਵਾ ਨੇ ਬੜੀ ਮੁਸ਼ਕਿਲ ਨਾਲ ਪਾਲਿਆ ਪੋਸਿਆ ਸੀ, ਲੋਕਾਂ ਦੇ ਘਰਾਂ ਵਿਚ ਜੂਠੇ ਭਾਂਡੇ ਮਾਂਜ-ਮਾਂਜ ਕੇ।
ਕੁਝ ਦਿਨਾਂ ਬਾਦ ਉਹ ਫਿਰ ਕੰਮ ਤੇ ਪਹੁੰਚ ਗਈ। ਮਾਲਕਨ ਨੇ ਪੁੱਛਿਆ, ਆ ਗਈ ਬਾਈ?
ਜੀ ਬੀਬੀ ਜੀ!ਕਹਿਕੇ ਹੰਝੂ ਪੀਂਦੇ ਹੋਏ ਉਹ ਸੋਚ ਰਹੀ ਸੀ–‘ਮੇਰੇ ਕੋਲ ਕਿੱਥੇ ਹੈ ਪਹੀਆਂ ਵਾਲੀ ਕੁਰਸੀ! ਖੜੇ ਹੋਣ ਨੂੰ ਜਗ੍ਹਾ ਨਹੀਂ ਤਾ ਚੱਲਣਾ ਹੀ ਪੈਣਾ ਹੈ।’
                                                -0-

Sunday, December 11, 2011

ਨੀਂਦ


ਜਿਉਤੀ ਜੈਨ
ਮਖਮਲੀ ਗੱਦੇ ਉੱਪਰ ਇੱਧਰ-ਉੱਧਰ ਕਰਵਟਾਂ ਬਦਲ ਰਹੇ ਰਾਕੇਸ਼ ਤੇ ਮਾਇਆ ਇਕ ਦੂਜੇ ਨੂੰ ਦੇਖਦੇ ਖਿਝ ਕੇ ਆਖਰ ਉੱਠ ਹੀ ਗਏ। ਦੋਹਾਂ ਨੂੰ ਨੀਂਦ ਨਾ ਆਉਣ ਦੀ ਵੱਡੀ ਬੀਮਾਰੀ ਸੀ।
‘ਕੰਬਖਤ ਏ.ਸੀ. ’ਚ ਵੀ ਘੁਟਨ ਹੁੰਦੀ ਹੈ।’ ਬੁੜਬੁੜਾਉਂਦੇ ਹੋਏ ਰਾਕੇਸ਼ ਪੈਰਾਂ ਵਿਚ ਸਲੀਪਰ ਪਾ ਬਾਲਕੋਨੀ ਵਿਚ ਆ ਖੜਾ ਹੋਇਆ।
ਤਦੇ ਥੋੜੀ ਦੂਰ ਤੋਂ ਆ ਰਹੀ ਖਰਾਟਿਆਂ ਦੀ ਆਵਾਜ਼ ਸੁਣ ਉਹਦੇ ਕੰਨ ਤੇ ਅੱਖਾਂ ਉਸ ਦਿਸ਼ਾ ਵੱਲ ਧਿਆਨ ਦੇਣ ਲੱਗੇ। ਇਹ ਆਵਾਜ਼ਾਂ ਉਹਨਾਂ ਦੇ ਸਰਵੈਂਟ ਕੁਆਟਰ ਦੀ ਛੱਤ ਤੋਂ ਆ ਰਹੀਆਂ ਲਗਦੀਆਂ ਸਨ। ਉਹਨੇ ਧਿਆਨ ਨਾਲ ਦੇਖਿਆ ਤਾਂ ਉੱਥੇ ਉਹਨਾਂ ਦਾ ਨੌਕਰ ਰਾਧੇ ਤੇ ਉਹਦੀ ਪਤਨੀ ਲਾਲੀ ਦਿਨ ਭਰ ਦੀ ਥਕਾਵਟ ਤੋਂ ਬਾਦ ਸਕੂਨ ਭਰੀ ਗਹਿਰੀ ਨੀਂਦ ਦੀ ਬੁੱਕਲ ਵਿਚ ਸਨ।
ਹਲਕੇ-ਹਲਕੇ ਖਰਾਟੇ ਰਾਕੇਸ਼ ਨੂੰ ਚੰਗੇ ਲੱਗ ਰਹੇ ਸਨ।
                                              -0-

Sunday, December 4, 2011

ਹਿੰਦੀ/ ਮੁਆਵਜਾ


ਵਿਕਰਮ ਸੋਨੀ
ਉਹ ਬੋਝਲ ਕਦਮਾਂ ਨਾਲ ਹਸਪਤਾਲ ਦੀਆਂ ਪੌੜੀਆਂ ਉਤਰ ਰਿਹਾ ਸੀ। ਉਹਦੇ ਪਿੱਛੇ ਪਿੱਛੇ ਉਹਦੀ ਪਤਨੀ ਸੁਬਕਦੀ ਹੋਈ ਤੁਰੀ ਆ ਰਹੀ ਸੀ। ਦੋਹਾਂ ਹੱਥਾਂ ਦੇ ਸਮਾਨਅੰਤਰ ਫੈਲਾਅ ਉੱਤੇ ਉਹਦੇ ਸੱਤ ਕੁ ਸਾਲ ਦੇ ਬੱਚੇ ਦੀ ਲਾਸ਼ ਬੇਕਫ਼ਨ ਪਸਰੀ ਹੋਈ ਸੀ। ਬਾਹਰ ਹੁਣ ਵੀ ਵਰਖਾ ਹੋ ਰਹੀ ਸੀ।
ਪਿਛਲੇ ਕਈ ਦਿਨਾਂ ਤੋਂ ਮੀਂਹ ਰੁਕਿਆ ਨਹੀਂ ਸੀ। ਤੇ ਉਹ ਸੀ ਦਿਹਾੜੀਆ ਮਜ਼ਦੂਰ। ਚੌਥੇ ਦਿਨ ਦੇ ਢਲਦੇ ਢਲਦੇ ਬੱਚਾ ਭੁੱਖ ਤੇ ਤੇਜ਼ ਬੁਖਾਰ ਨਾਲ ਬਿਲਬਿਲਾਉਣ ਲੱਗਾ ਸੀ। ਘਰ ਵਿਚ ਬਚਿਆ ਖੁਚਿਆ ਜੋ ਵੀ ਸੀ, ਦਾਣਾ ਦਾਣਾ ਖਾ ਲਿਆ ਗਿਆ ਸੀ। ਬੱਚੇ ਨੂੰ ਪੋਲੀਥੀਨ ਦੇ ਛੱਪਰ ਹੇਠ ਬਹੁਤਾ ਸਮਾਂ ਨਹੀਂ ਰੱਖਿਆ ਜਾ ਸਕਦਾ ਸੀ। ਪੁਰਾਣੇ ਕਪੜਿਆਂ ਦੀ ਚਾਦਰ ਵਿਚ ਬੱਚੇ ਨੂੰ ਲਪੇਟ ਸਵੇਰੇ ਹੀ ਉਹ ਸਰਕਾਰੀ ਹਸਪਤਾਲ ਜਾ ਪਹੁੰਚਿਆ। ਬੱਚੇ ਨੂੰ ਭਰਤੀ ਕਰ ਲਿਆ ਗਿਆ । ਉਹਦੇ ਹੱਥ ਵਿਚ ਦਵਾਈ ਦੀ ਪਰਚੀ ਤੇ ਦੁੱਧ-ਫ਼ਲ ਦੀਆਂ ਹਦਾਇਤਾਂ ਦਿੱਤੀਆਂ ਹੀ ਗਈਆਂ ਸਨ ਕਿ ਬੱਚੇ ਨੇ ਦਮ ਤੋਡ਼ ਦਿੱਤਾ। ਡਾਕਟਰ ਨੇ ਲਾਸ਼ ਛੇਤੀ ਲੈ ਜਾਣ ਦੀ ਕਹਿੰਦੇ ਹੋਏ ਸਲਾਹ ਦਿੱਤੀ, ਕੋਲ ਹੀ ਸਰਕਾਰੀ ਰਾਹਤ ਕੈਂਪ ਹੈ। ਉੱਥੇ ਚਲੇ ਜਾਓ। ਬਰਸਾਤ ’ਚ ਹੋਏ ਨੁਕਸਾਨ ਦਾ ਮੁਆਵਜਾ ਮਿਲਜੂਗਾ। ਤੇ ਤੁਸੀਂ ਦੋਨੋਂ ਵੀ ਸੁਰੱਖਿਅਤ ਰਹੋਗੇ।
ਉਹ ਬੱਚੇ ਨੂੰ ਚੁੱਕ ਹੀ ਰਿਹਾ ਸੀ ਕਿ ਨਰਸ ਨੇ ਕੁੜ੍ਹਦੇ ਹਏ ਕਿਹਾ, ਬੱਚਾ ਬਰਸਾਤੀ ਪਾਣੀ ਵਿਚ ਡੁੱਬ ਕੇ ਮਰਦਾ ਤਾਂ ਮੁਆਵਜਾ ਮਿਲਦਾ। ਇਹ ਤਾਂ ਭੁੱਖ ਨਾਲ ਮਰਿਆ ਹੈ।
ਆਖਰੀ ਪੌੜੀ ਉੱਤੇ ਪਹੁੰਚਦੇ ਪਹੁੰਚਦੇ ਉਹਦੀ ਪਤਨੀ ਦੇ ਖਾਲੀ ਪੇਟ ਵਿਚ ਜ਼ੋਰਦਾਰ ਮਰੋਡ਼ ਉੱਠਿਆ। ਰੋਣ ਕਾਰਨ ਇਕ ਇਕ ਨਸ ਵਿਚ ਖਿੱਚ ਜਿਹੀ ਪੈ ਰਹੀ ਸੀ। ਉਹਨੇ ਪਤਨੀ ਨੂੰ ਦਿਲਾਸਾ ਦਿੱਤਾ ਤੇ ਦੋਨੋਂ ਭਿੱਜਦੇ ਹੋਏ ਹੀ ਗੋਡੇ ਗੋਡੇ ਪਾਣੀ ਵਿਚ ਤੁਰ ਪਏ। ਸਡ਼ਕ ਖਾਲੀ ਪਈ ਸੀ। ਸਾਹਮਣਿਉਂ ਇਕ ਬੱਸ ਆਦਮੀਆਂ, ਔਰਤਾਂ ਤੇ ਬੱਚਿਆਂ ਨਾਲ ਠਸਾਠਸ ਭਰੀ ਆ ਰਹੀ ਸੀ। ਉਹਨੇ ਬੱਸ ਨੂੰ ਰੋਕਣਾ ਚਾਹਿਆ, ਪਰ ਉਦੋਂ ਹੀ ਬੱਸ ਲਡ਼ਖੜਾਈ ਤੇ ਖੱਬੇ ਪਾਸੇ ਕੰਧ ਨਾਲ ਟਕਰਾ ਕੇ ਅੱਧ-ਉਲਟੀ ਹੋ ਕੇ ਰੁਕ ਗਈ। ਕਈ ਜਿਸਮ ਹੇਠਾਂ ਪਾਣੀ ਵਿਚ ਡਿੱਗ ਕੇ ਛਟਪਟਾਉਣ ਲੱਗੇ। ਕੋਹਰਾਮ ਮੱਚ ਗਿਆ। ਉਹ ਬੱਚੇ ਦੀ ਲਾਸ਼ ਨੂੰ ਸਿੱਟ ਕੇ ਛਟਪਟਾ ਰਹੇ ਲੋਕਾਂ ਵਿਚ ਖੜਾ ਹੋ ਕੇ ਚਿੱਲਾਉਣ ਲੱਗਾ, ਹਾਏ ਮੇਰਾ ਬੱਚਾ, ਹਾਏ ਮੇਰੀ ਔਰਤ!
ਉਹਦੀ ਨਿਗ੍ਹਾ ਪਿੱਛੇ ਆ ਰਹੀ ਪਤਨੀ ਨੂੰ ਲੱਭ ਰਹੀ ਸੀ ਤੇ ਉਹਦੀ ਪਤਨੀ ਆਪਣੇ ਹੀ ਨੇੜੇ ਤੈਰਦੀ ਬੱਚੇ ਦੀ ਲਾਸ਼ ਤੋਂ ਪਰੇ ਹਿਲੋਰੇ ਖਾਂਦੀ ਡਬਲ ਰੋਟੀ ਤੇ ਝਪਟਣ ਦੀ ਕੋਸ਼ਿਸ਼ ਕਰ ਰਹੀ ਸੀ।
                                         -0-