ਵਿਕਰਮ ਸੋਨੀ
ਉਹ ਬੋਝਲ ਕਦਮਾਂ ਨਾਲ ਹਸਪਤਾਲ ਦੀਆਂ ਪੌੜੀਆਂ ਉਤਰ ਰਿਹਾ ਸੀ। ਉਹਦੇ ਪਿੱਛੇ ਪਿੱਛੇ ਉਹਦੀ ਪਤਨੀ ਸੁਬਕਦੀ ਹੋਈ ਤੁਰੀ ਆ ਰਹੀ ਸੀ। ਦੋਹਾਂ ਹੱਥਾਂ ਦੇ ਸਮਾਨਅੰਤਰ ਫੈਲਾਅ ਉੱਤੇ ਉਹਦੇ ਸੱਤ ਕੁ ਸਾਲ ਦੇ ਬੱਚੇ ਦੀ ਲਾਸ਼ ਬੇਕਫ਼ਨ ਪਸਰੀ ਹੋਈ ਸੀ। ਬਾਹਰ ਹੁਣ ਵੀ ਵਰਖਾ ਹੋ ਰਹੀ ਸੀ।
ਪਿਛਲੇ ਕਈ ਦਿਨਾਂ ਤੋਂ ਮੀਂਹ ਰੁਕਿਆ ਨਹੀਂ ਸੀ। ਤੇ ਉਹ ਸੀ ਦਿਹਾੜੀਆ ਮਜ਼ਦੂਰ। ਚੌਥੇ ਦਿਨ ਦੇ ਢਲਦੇ ਢਲਦੇ ਬੱਚਾ ਭੁੱਖ ਤੇ ਤੇਜ਼ ਬੁਖਾਰ ਨਾਲ ਬਿਲਬਿਲਾਉਣ ਲੱਗਾ ਸੀ। ਘਰ ਵਿਚ ਬਚਿਆ ਖੁਚਿਆ ਜੋ ਵੀ ਸੀ, ਦਾਣਾ ਦਾਣਾ ਖਾ ਲਿਆ ਗਿਆ ਸੀ। ਬੱਚੇ ਨੂੰ ਪੋਲੀਥੀਨ ਦੇ ਛੱਪਰ ਹੇਠ ਬਹੁਤਾ ਸਮਾਂ ਨਹੀਂ ਰੱਖਿਆ ਜਾ ਸਕਦਾ ਸੀ। ਪੁਰਾਣੇ ਕਪੜਿਆਂ ਦੀ ਚਾਦਰ ਵਿਚ ਬੱਚੇ ਨੂੰ ਲਪੇਟ ਸਵੇਰੇ ਹੀ ਉਹ ਸਰਕਾਰੀ ਹਸਪਤਾਲ ਜਾ ਪਹੁੰਚਿਆ। ਬੱਚੇ ਨੂੰ ਭਰਤੀ ਕਰ ਲਿਆ ਗਿਆ । ਉਹਦੇ ਹੱਥ ਵਿਚ ਦਵਾਈ ਦੀ ਪਰਚੀ ਤੇ ਦੁੱਧ-ਫ਼ਲ ਦੀਆਂ ਹਦਾਇਤਾਂ ਦਿੱਤੀਆਂ ਹੀ ਗਈਆਂ ਸਨ ਕਿ ਬੱਚੇ ਨੇ ਦਮ ਤੋਡ਼ ਦਿੱਤਾ। ਡਾਕਟਰ ਨੇ ਲਾਸ਼ ਛੇਤੀ ਲੈ ਜਾਣ ਦੀ ਕਹਿੰਦੇ ਹੋਏ ਸਲਾਹ ਦਿੱਤੀ, “ਕੋਲ ਹੀ ਸਰਕਾਰੀ ਰਾਹਤ ਕੈਂਪ ਹੈ। ਉੱਥੇ ਚਲੇ ਜਾਓ। ਬਰਸਾਤ ’ਚ ਹੋਏ ਨੁਕਸਾਨ ਦਾ ਮੁਆਵਜਾ ਮਿਲਜੂਗਾ। ਤੇ ਤੁਸੀਂ ਦੋਨੋਂ ਵੀ ਸੁਰੱਖਿਅਤ ਰਹੋਗੇ।”
ਉਹ ਬੱਚੇ ਨੂੰ ਚੁੱਕ ਹੀ ਰਿਹਾ ਸੀ ਕਿ ਨਰਸ ਨੇ ਕੁੜ੍ਹਦੇ ਹਏ ਕਿਹਾ, “ਬੱਚਾ ਬਰਸਾਤੀ ਪਾਣੀ ਵਿਚ ਡੁੱਬ ਕੇ ਮਰਦਾ ਤਾਂ ਮੁਆਵਜਾ ਮਿਲਦਾ। ਇਹ ਤਾਂ ਭੁੱਖ ਨਾਲ ਮਰਿਆ ਹੈ।”
ਆਖਰੀ ਪੌੜੀ ਉੱਤੇ ਪਹੁੰਚਦੇ ਪਹੁੰਚਦੇ ਉਹਦੀ ਪਤਨੀ ਦੇ ਖਾਲੀ ਪੇਟ ਵਿਚ ਜ਼ੋਰਦਾਰ ਮਰੋਡ਼ ਉੱਠਿਆ। ਰੋਣ ਕਾਰਨ ਇਕ ਇਕ ਨਸ ਵਿਚ ਖਿੱਚ ਜਿਹੀ ਪੈ ਰਹੀ ਸੀ। ਉਹਨੇ ਪਤਨੀ ਨੂੰ ਦਿਲਾਸਾ ਦਿੱਤਾ ਤੇ ਦੋਨੋਂ ਭਿੱਜਦੇ ਹੋਏ ਹੀ ਗੋਡੇ ਗੋਡੇ ਪਾਣੀ ਵਿਚ ਤੁਰ ਪਏ। ਸਡ਼ਕ ਖਾਲੀ ਪਈ ਸੀ। ਸਾਹਮਣਿਉਂ ਇਕ ਬੱਸ ਆਦਮੀਆਂ, ਔਰਤਾਂ ਤੇ ਬੱਚਿਆਂ ਨਾਲ ਠਸਾਠਸ ਭਰੀ ਆ ਰਹੀ ਸੀ। ਉਹਨੇ ਬੱਸ ਨੂੰ ਰੋਕਣਾ ਚਾਹਿਆ, ਪਰ ਉਦੋਂ ਹੀ ਬੱਸ ਲਡ਼ਖੜਾਈ ਤੇ ਖੱਬੇ ਪਾਸੇ ਕੰਧ ਨਾਲ ਟਕਰਾ ਕੇ ਅੱਧ-ਉਲਟੀ ਹੋ ਕੇ ਰੁਕ ਗਈ। ਕਈ ਜਿਸਮ ਹੇਠਾਂ ਪਾਣੀ ਵਿਚ ਡਿੱਗ ਕੇ ਛਟਪਟਾਉਣ ਲੱਗੇ। ਕੋਹਰਾਮ ਮੱਚ ਗਿਆ। ਉਹ ਬੱਚੇ ਦੀ ਲਾਸ਼ ਨੂੰ ਸਿੱਟ ਕੇ ਛਟਪਟਾ ਰਹੇ ਲੋਕਾਂ ਵਿਚ ਖੜਾ ਹੋ ਕੇ ਚਿੱਲਾਉਣ ਲੱਗਾ, “ਹਾਏ ਮੇਰਾ ਬੱਚਾ, ਹਾਏ ਮੇਰੀ ਔਰਤ!”
ਉਹਦੀ ਨਿਗ੍ਹਾ ਪਿੱਛੇ ਆ ਰਹੀ ਪਤਨੀ ਨੂੰ ਲੱਭ ਰਹੀ ਸੀ ਤੇ ਉਹਦੀ ਪਤਨੀ ਆਪਣੇ ਹੀ ਨੇੜੇ ਤੈਰਦੀ ਬੱਚੇ ਦੀ ਲਾਸ਼ ਤੋਂ ਪਰੇ ਹਿਲੋਰੇ ਖਾਂਦੀ ਡਬਲ ਰੋਟੀ ਤੇ ਝਪਟਣ ਦੀ ਕੋਸ਼ਿਸ਼ ਕਰ ਰਹੀ ਸੀ।
-0-
No comments:
Post a Comment