ਉਰਮਿ ਕ੍ਰਿਸ਼ਣ
ਮੈਂ ਆਪਣਾ ਬਿੱਲ ਲੈ ਕੇ ਪਹੁੰਚਿਆ ਤਾਂ ਉਹ ਮਜ਼ਦੂਰਾਂ ਨੂੰ ਛੁੱਟੀ ਕਰਕੇ ਉਹਨਾਂ ਦਾ ਹਿਸਾਬ ਕਰ ਰਹੇ ਸਨ। ਆਖਰੀ ਮਜ਼ਦੂਰ ਨਾਲ ਉਹਨਾਂ ਦੀ ਕਾਫੀ ਬਹਿਸ ਹੋਈ। ਉਹ ਆਪਣੀਆਂ ਪੰਜ ਦਿਹਾੜੀਆਂ ਦੇ ਪੂਰੇ ਪੈਸੇ ਮੰਗ ਰਿਹਾ ਸੀ, ਜਦੋਂ ਕਿ ਉਹ ਇਕ ਦਿਹਾੜੀ ਦੇ ਪੈਸੇ ਰੋਕ ਕੇ ਰੱਖਣ ਲਈ ਬਜਿੱਦ ਸਨ। ਮਜ਼ਦੂਰ ਦਾ ਤਰਕ ਸੀ ਕਿ ਉਹਨੇ ਪੈਸੇ ਘਰ ਭੇਜਣੇ ਹਨ। ਚਿੱਠੀ ਆਈ ਹੈ, ਬੱਚਾ ਬੀਮਾਰ ਹੈ। ਪਰ ਉਹ ਨਹੀਂ ਮੰਨੇ। ਅੰਤ ਉਹ ਚਾਰ ਦਿਹਾੜੀਆਂ ਦੇ ਪੈਸੇ ਲੈ ਕੇ ਹੀ ਚਲਾ ਗਿਆ।
ਮੇਰਾ ਬਿੱਲ ਦੇਖਕੇ ਉਹ ਬੋਲੇ, “ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਇਨ੍ਹਾਂ ਦਾ ਕੋਈ ਦੀਨ-ਈਮਾਨ ਨਹੀਂ। ਪੂਰੇ ਪੈਸੇ ਦੇ ਦਿੰਦਾ ਤਾਂ ਇਹਨੇ ਕੱਲ੍ਹ ਸ਼ਕਲ ਨਹੀਂ ਸੀ ਦਿਖਾਉਣੀ। ਫਿਰ ਨਵਾਂ ਮਜ਼ਦੂਰ ਲੱਭੋ, ਉਸ ਨਾਲ ਮੱਥਾ ਮਾਰੋ ਨਵੇਂ ਸਿਰਿਓਂ। ”
ਇੰਨੇ ਵਿੱਚ ਦੇਖਿਆ ਕਿ ਉਹੀ ਮਜ਼ਦੂਰ ਵਾਪਸ ਆ ਰਿਹਾ ਹੈ। ਉਹ ਆਕੇ ਬੋਲਿਆ, “ਬਾਬੂ ਜੀ, ਤੁਸੀਂ ਵੱਧ ਪੈਸੇ ਦੇਤੇ, ਦਸ ਦੀ ਜਗ੍ਹਾ ਪੰਜਾਹ ਦਾ ਨੋਟ ਦੇਤਾ। ਰਾਸ਼ਨ ਵਾਲੇ ਨੂੰ ਪੈਸੇ ਦੇਣ ਲੱਗਾ ਤਾਂ ਦੇਖਿਆ।”
ਉਹਨਾਂ ਨੇ ਫੁਰਤੀ ਨਾਲ ਉਹਦੇ ਹੱਥੋਂ ਨੋਟ ਝਪਟ ਲਿਆ। ਫਿਰ ਉਸਨੂੰ ਦਸ ਦਾ ਨੋਟ ਦਿੰਦੇ ਹੋਏ ਕਿਹਾ, “ਰਾਮਦੀਨ, ਤੂੰ ਤਾਂ ਆਪਣਾ ਖਾਸ ਆਦਮੀ ਐਂ। ਸਾਡੇ ਨਾਲ ਬੇਈਮਾਨੀ ਕਿਵੇਂ ਕਰ ਸਕਦੈਂ, ਇਸਲਈ ਅਸੀਂ ਵੀ ਧਿਆਨ ਨਾਲ ਨਹੀਂ ਗਿਣੇ। ਯਾਦ ਰੱਖ ਬਰਕਤ ਮਿਹਨਤ ਦੀ ਕਮਾਈ ਨਾਲ ਹੁੰਦੀ ਐ, ਬੇਈਮਾਨੀ ਨਾਲ ਨਹੀਂ।”
ਰਾਮਦੀਨ ਚਲਾ ਗਿਆ ਤਾਂ ਉਹ ਬੋਲੇ, “ਮੈਂ ਕਿਹਾ ਸੀ ਨਾ, ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਸਿਰੇ ਦੇ ਮੂਰਖ ਤੇ ਬੇਅਕਲ ਨੇ। ਹੱਥ ਆਈ ਲੱਛਮੀ ਨੂੰ ਦੁਤਕਾਰਦਾ ਐ ਭਲਾ ਕੋਈ। ਇਹ ਕਦੇ ਉੱਪਰ ਨਹੀਂ ਉੱਠਣਗੇ।”
-0-
No comments:
Post a Comment