ਸੁਕੇਸ਼ ਸਾਹਨੀ
“ਆਓ ਬਾਊ ਜੀ, ਮੈਂ ਲੈ ਚਲਦੈਂ ਤੁਹਾਨੂੰ।” ਇਕ ਰਿਕਸ਼ੇਵਾਲੇ ਨੇ ਉਹਨਾਂ ਕੋਲ ਆ ਕੇ ਕਿਹਾ, “ਅਸਲਮ ਨੇ ਹੁਣ ਨਹੀਂ ਆਉਣਾ।”
“ਕੀ ਹੋ ਗਿਆ ਉਹਨੂੰ?” ਰਿਕਸ਼ੇ ਵਿਚ ਬੈਠਦੇ ਹੋਏ ਉਹਨੇ ਲਾਪਰਵਾਹੀ ਨਾਲ ਪੁੱਛਿਆ। ਪਿਛਲੇ ਚਾਰ-ਪੰਜ ਦਿਨਾਂ ਤੋਂ ਅਸਲਮ ਹੀ ਉਸਨੂੰ ਦਫਤਰ ਛੱਡ ਕੇ ਆਉਂਦਾ ਰਿਹਾ ਹੈ।
“ਬਾਊ ਜੀ ਅਸਲਮ ਨਹੀਂ ਰਿਹਾ…!”
“ਕੀ?” ਉਹਨੂੰ ਕਰੰਟ ਜਿਹਾ ਲੱਗਾ, “ਕੱਲ੍ਹ ਤਾਂ ਚੰਗਾ ਭਲਾ ਸੀ।”
“ਉਹਦੇ ਦੋਨੋਂ ਗੁਰਦੇ ਖਰਾਬ ਸਨ। ਡਾਕਟਰਾਂ ਨੇ ਰਿਕਸ਼ਾ ਚਲਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ।” ਉਹਦੀ ਆਵਾਜ਼ ਵਿੱਚੋਂ ਘੋਰ-ਉਦਾਸੀ ਝਲਕਦੀ ਸੀ, “ਕੱਲ ਤੁਹਾਨੂੰ ਦਫਤਰ ਛੱਡ ਕੇ ਮੁਡ਼ਿਆ ਤਾਂ ਪਿਸ਼ਾਬ ਬੰਦ ਹੋ ਗਿਆ ਸੀ। ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਈ ਦਮ ਤੋਡ਼ਤਾ…।”
ਅੱਗੇ ਉਹ ਕੁਝ ਨਹੀਂ ਸੁਣ ਸਕਿਆ। ਦੁੱਖ ਭਰੀ ਖਾਮੋਸ਼ੀ ਨੇ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ। ਕੱਲ੍ਹ ਦੀ ਘਟਨਾ ਉਸਦੀਆਂ ਅੱਖਾਂ ਅੱਗੇ ਘੁੰਮ ਗਈ– ਰਿਕਸ਼ਾ ਨਟਰਾਜ ਟਾਕੀਜ ਪਾਰ ਕਰ ਵੱਡੇ ਡਾਕਖਾਨੇ ਵੱਲ ਜਾ ਰਿਹਾ ਸੀ। ਰਿਕਸ਼ਾ ਚਲਾਉਂਦੇ ਹੋਏ ਅਸਲਮ ਹੌਲੀ-ਹੌਲੀ ਕਰਾਹ ਰਿਹਾ ਸੀ। ਕਦੇ ਕਦੇ ਉਹ ਇਕ ਹੱਥ ਨਾਲ ਆਪਣਾ ਪੇਟ ਪਕਡ਼ ਲੈਂਦਾ ਸੀ। ਸਾਹਮਣੇ ਡਾਕ ਬੰਗਲੇ ਤੱਕ ਚਡ਼੍ਹਾਈ ਹੀ ਚਡ਼੍ਹਾਈ ਸੀ। ਇਕ ਵਾਰ ਉਹਦੀ ਇੱਛਾ ਹੋਈ ਸੀ ਕਿ ਰਿਕਸ਼ੇ ਤੋਂ ਉਤਰ ਜਾਵੇ। ਪਰ ਅਗਲੇ ਹੀ ਛਿਣ ਉਹਨੇ ਖੁਦ ਨੂੰ ਸਮਝਾਇਆ ਸੀ, ਇਹ ਤਾਂ ਨਿੱਤ ਦਾ ਕੰਮ ਹੈ, ਕਦੋਂ ਤੱਕ ਉਤਰਦਾ ਰਹੂਗਾ…ਇਹ ਲੋਕ ਨਾਟਕ ਵੀ ਖੂਬ ਕਰ ਲੈਂਦੇ ਹਨ, ਇਨ੍ਹਾਂ ਨਾਲ ਹਮਦਰਦੀ ਜਤਾਉਣਾ ਬੇਵਕੂਫੀ ਹੋਵੇਗੀ…ਅਨਾਪ-ਸ਼ਨਾਪ ਪੈਸੇ ਮੰਗਦੇ ਨੇ, ਕੁਝ ਕਹੋ ਤਾਂ ਸ਼ਰੇਆਮ ਬੇਇੱਜ਼ਤੀ ਕਰ ਦਿੰਦੇ ਹਨ। ਉਹ ਸੱਜਾ ਹੱਥ ਗੱਦੀ ਉੱਤੇ ਰੱਖ ਕੇ ਚਡ਼੍ਹਾਈ ਉੱਤੇ ਰਿਕਸ਼ਾ ਖਿੱਚ ਰਿਹਾ ਸੀ। ਉਹ ਬੁਰੀ ਤਰਾਂ ਹੌਂਕ ਰਿਹਾ ਸੀ। ਉਹਦੇ ਗੰਜੇ ਸਿਰ ਉੱਪਰ ਪਸੀਨੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾ ਦਿਖਾਈ ਦੇਣ ਲੱਗੀਆਂ ਸਨ।
ਕਿਸੇ ਕਾਰ ਦੇ ਹਾਰਨ ਦੀ ਆਵਾਜ਼ ਨਾਲ ਚੌਂਕ ਕੇ ਉਹ ਵਰਤਮਾਨ ਵਿਚ ਆ ਗਿਆ। ਰਿਕਸ਼ਾ ਤੇਜ਼ੀ ਨਾਲ ਨਟਰਾਜ ਤੋਂ ਡਾਕ ਬੰਗਲੇ ਦੀ ਚਡ਼੍ਹਾਈ ਵੱਲ ਵਧ ਰਿਹਾ ਸੀ।
“ਰੁਕ ਜਰਾ।“ ਅਚਾਨਕ ਉਹਨੇ ਰਿਕਸ਼ੇ ਵਾਲੇ ਨੂੰ ਕਿਹਾ ਤੇ ਰਿਕਸ਼ੇ ਦੇ ਹੌਲੇ ਹੁੰਦਿਆਂ ਹੀ ਹੇਠਾਂ ਉਤਰ ਗਿਆ।
ਰਿਕਸ਼ੇਵਾਲਾ ਮਜ਼ਬੂਤ ਕੱਦ ਕਾਠ ਵਾਲਾ ਸੀ ਤੇ ਉਹਦੇ ਲਈ ਉਹ ਚਡ਼੍ਹਾਈ ਕੋਈ ਖਾਸ ਮਾਨ੍ਹੇ ਨਹੀਂ ਰੱਖਦੀ ਸੀ। ਰਿਕਸ਼ੇਵਾਲੇ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਉਹ ਇਕ ਅਪਰਾਧੀ ਦੀ ਤਰ੍ਹਾਂ ਸਿਰ ਝੁਕਾਈ ਰਿਕਸ਼ੇ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ।
-0-