Monday, October 24, 2011

ਹਿੰਦੀ/ ਮੌਤ


ਸਾਬਿਰ ਹੁਸੈਨ
ਰਿਟਾਇਰ ਹੋਣ ਮਗਰੋਂ ਸੁਧੀਰ ਬਾਬੂ ਨੇ ਫ਼ੈਸਲਾ ਕਰ ਲਿਆ ਸੀ ਕਿ ਹੁਣ ਉਹ ਪੂਰੀ ਤਰ੍ਹਾਂ ਅਰਾਮ ਕਰਣਗੇ। ਚਾਹੁੰਦੇ ਤਾਂ ਘਰ ਵਿਚ ਹੀ ਇਕ-ਦੋ ਟਿਊਸ਼ਨਾਂ  ਪਡ਼੍ਹਾ ਸਕਦੇ ਸਨ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।
ਦੋਨੋਂ ਮੁੰਡੇ ਚੰਗਾ ਕਮਾ ਰਹੇ ਸਨ, ਉਹ ਜ਼ਰੂਰ ਕੁਝ ਕਰਨ ਅਜਿਹੀ ਕੋਈ ਮਜਬੂਰੀ ਨਹੀ ਸੀ।
ਸੁਧੀਰ ਬਾਬੂ ਘਰ ਵਿਚ ਪਏ ਪਏ ਅੱਕ ਗਏ। ਬਾਹਰ ਘੁੰਮਣ ਨਿਕਲੇ ਤਾਂ ਸ਼ਹਿਰ ਤੋਂ ਬਾਹਰ ਖੇਤਾਂ ਵਿਚ ਪਹੁੰਚ ਗਏ। ਇਕ ਖੇਤ ਵਿਚ ਬੁੱਢੇ ਆਦਮੀ ਨੂੰ ਕੰਮ ਕਰਦੇ ਦੇਖ ਕੇ ਉਹ ਠਿਠਕ ਗਏ।
ਬਜ਼ੁਰਗੋ, ਤੁਹਾਡੇ ਬੱਚੇ ਨਹੀਂ ਹਨ ਕੀ?ਉਹਨਾਂ ਨੇ ਬੁੱਢੇ ਆਦਮੀ ਨੂੰ ਪੁੱਛਿਆ।
ਹੈ ਕਿਉਂ ਨਹੀਂ! ਉਹ ਦੇਖੋ, ਵੱਡਾ ਮੁੰਡਾ ਗੋਡੀ ਕਰ ਰਿਹੈ ਤੇ ਛੋਟਾ ਟ੍ਰੈਕਟਰ ਨਾਲ ਖੇਤ ਵਾਹ ਰਿਹੈ। ਦੋਨੋਂ ਬੀ.ਏ. ਪਾਸ ਨੇ। ਥੋਡ਼ਾ-ਬਹੁਤ ਮੈਂ ਵੀ ਪਡ਼੍ਹਿਆ-ਲਿਖਿਐਂ।
ਇਨ੍ਹਾਂ ਨੂੰ ਕੋਈ ਨੌਕਰੀ…?
ਬਾਊ ਜੀ, ਮੈਂ ਤਾਂ ਸਦਾ ਤੋਂ ਖੇਤੀ ਨੂੰ ਹੀ ਉੱਤਮ ਮੰਨਦਾ ਹਾਂ। ਇਸਲਈ ਮੁੰਡਿਆਂ ਨੂੰ ਵੀ ਜ਼ਮੀਨ ਨਾਲ ਹੀ ਜੋਡ਼ੀ ਰੱਖਿਆ। ਘਰ ਵਿਚ ਫ੍ਰਿਜ, ਟੀਵੀ ਸਭ ਕੁਝ ਐ, ਪਰ ਹੈ ਸਭ ਮਿਹਨਤ ਦੀ ਕਮਾਈ ਦਾ।ਬੁੱਢੇ ਨੇ ਉਹਨਾਂ ਦੀ ਗੱਲ ਵਿਚ ਹੀ ਕੱਟਦੇ ਹੋਏ ਕਿਹਾ।
ਪਰ ਤੁਸੀਂ ਤਾਂ ਹੁਣ ਇਸ ਉਮਰ ’ਚ ਅਰਾਮ ਕਰਦੇ।ਸੁਧੀਰ ਬਾਬੂ ਬੋਲੇ।
ਬਾਊ ਜੀ, ਮੈਂ ਵਕਤ ਤੋਂ ਪਹਿਲਾਂ ਮਰਨਾ ਨਹੀਂ ਚਾਹੁੰਦਾ। ਮੌਤ ਦਾ ਮਤਲਬ ਸ਼ਰੀਰ ਦਾ ਕ੍ਰਿਆਹੀਣ ਹੋ ਜਾਣਾ ਹੀ ਤਾਂ ਹੈ। ਮੈਂ ਜਿਉਂਦੇ ਜੀ ਕ੍ਰਿਆਹੀਣ ਕਿਵੇਂ ਹੋ ਜਾਵਾਂ।ਬੁੱਢੇ ਨੇ ਉੱਤਰ ਦਿੱਤਾ।
ਸੁਧੀਰ ਬਾਬੂ ਨੂੰ ਲੱਗਾ ਕਿ ਉਹਨਾਂ ਦਾ ਗਿਆਨ ਅਜੇ ਅਧੂਰਾ ਹੀ ਹੈ।
                                           -0-

No comments: