Monday, October 10, 2011

ਅਰਬੀ/ ਬੱਜਰਪਾਤ


 ਖਲੀਲ ਜਿਬਰਾਨ(ਲੇਬਨਾਨ)

ਤੂਫ਼ਾਨੀ ਦਿਨ ਸੀ। ਬੱਦਲ ਗਰਜ ਰਹੇ ਸਨ। ਬਿਜਲੀ ਰਹਿ ਰਹਿ ਕੇ ਚਮਕ ਰਹੀ ਸੀ। ਤੂਫ਼ਾਨ ਨਾਲ ਦਰੱਖਤ ਉੱਖਡ਼-ਉੱਖਡ਼ ਕੇ ਡਿੱਗ ਰਹੇ ਸਨ। ਮੁਹਲੇਧਾਰ ਵਰਖਾ ਦੀ ਮਾਰ ਨਾਲ ਰਾਹਗੀਰਾਂ ਦੀ ਜਾਨ ਉੱਤੇ ਬਣੀ ਹੋਈ ਸੀ।
ਇਕ ਪਾਦਰੀ ਗਿਰਜਾਘਰ ਦੇ ਦਰਵਾਜ਼ੇ ਉੱਤੇ ਖੜਾ ਇਸ ਤੂਫ਼ਾਨ ਨੂੰ ਦੇਖ ਰਿਹਾ ਸੀ।
ਏਨੇ ਵਿਚ ਬੁਰੀ ਤਰ੍ਹਾਂ ਭਿੱਜੀ ਹੋਈ, ਤੂਫ਼ਾਨ ਦੀ ਮਾਰੀ ਇਕ ਔਰਤ ਆਈ, ਜਿਹੜੀ ਈਸਾਈ ਨਹੀਂ ਸੀ। ਉਸਨੇ ਪਾਦਰੀ ਨੂੰ ਕਿਹਾ, ਮੈਂ ਈਸਾਈ ਨਹੀਂ ਹਾਂ। ਕੀ ਮੈਂ ਤੂਫ਼ਾਨ ਦੇ ਰੁਕਣ ਤਕ, ਰੱਬ ਦੇ ਇਸ ਪਵਿੱਤਰ ਘਰ ’ਚ ਸ਼ਰਨ ਪਾ ਸਕਦੀ ਹਾਂ?
ਪਾਦਰੀ ਨੇ ਅਨਮਨੇ ਢੰਗ ਨਾਲ ਔਰਤ ਵੱਲ ਵੇਖਦਿਆਂ ਰੁੱਖੀ ਅਵਾਜ਼ ਵਿਚ ਕਿਹਾ, ਨਹੀਂ, ਇਹ ਸਥਾਨ ਕੇਵਲ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੇ ਈਸਾਈ ਧਰਮ ਸਵੀਕਾਰ ਕੀਤਾ ਹੈ।
ਪਾਦਰੀ ਦੇ ਮੂੰਹ ਵਿੱਚੋਂ ਜਿਵੇਂ ਹੀ ਇਹ ਸ਼ਬਦ ਨਿਕਲੇ, ਜ਼ੋਰ ਦੀ ਗਡ਼ਗੜਾਹਟ ਨਾਲ ਬਿਜਲੀ ਚਮਕੀ ਤੇ ਗਿਰਜਾਘਰ ਉੱਤੇ ਆ ਡਿੱਗੀ। ਸਾਰਾ ਗਿਰਜਾਘਰ ਤਬਾਹ ਹੋ ਗਿਆ।
ਨਗਰਵਾਸੀ ਭੱਜੇ ਭੱਜੇ ਆਏ। ਉਸ ਔਰਤ ਨੂੰ ਤਾਂ ਉਹਨਾਂ ਨੇ ਬਚਾ ਲਿਆ, ਪਰ ਪਾਦਰੀ ਨੂੰ ਨਹੀਂ ਬਚਾ ਸਕੇ।
                            -0-

No comments: