Sunday, September 25, 2011

ਹਿੰਦੀ/ ਸਜ਼ਾ


ਸ਼ਸ਼ਿ ਪ੍ਰਭਾ ਸ਼ਾਸਤ੍ਰੀ

ਬਜ਼ੁਰਗ ਆਟੋ ਤੋਂ ਉਤਰਕੇ ਡਰਾਈਵਰ ਨੂੰ ਪੈਸੇ ਦੇਣ ਲਈ ਜੇਬ ਫਰੋਲ ਰਿਹਾ ਸੀ। ਤਦੇ ਦੂਜੇ ਆਟੋ ਵਾਲੇ ਨੇ ਅਚਾਨਕ ਆ ਬਜ਼ੁਰਗ ਨੂੰ ਟੱਕਰ ਮਾਰੀ ਤਾਂ ਉਹ ਧਡ਼ਾਮ ਦੇਣੇ ਡਿੱਗ ਪਿਆ। ਉੱਠਣ ਵਿਚ ਅਸਮਰੱਥ ਉਹ ਜਿਉਂਦਾ ਤਿਉਂ ਪਿਆ ਸੀ।  ਉਹਨਾਂ ਦੇ ਆਟੋ ਵਾਲੇ ਨੇ ਸੀਟ ਤੋਂ ਉਤਰ ਕੇ ਦੇਖਿਆ, ਗੋਡਿਆਂ ਕੋਲੋਂ ਪਜਾਮਾ ਫਟ ਗਿਆ ਸੀ ਤੇ ਖੂਨ ਵੱਗ ਰਿਹਾ ਸੀ। ਚਿਹਰੇ ਉੱਤੇ ਵੀ ਸੱਟ ਵੱਜੀ ਸੀ। ਬਜ਼ੁਰਗ ਬੁਰੀ ਤਰ੍ਹਾਂ ਕੰਬ ਰਿਹਾ ਸੀ।
ਓਏ ਭੂਤਨੀ ਦਿਆ, ਤੂੰ ਇਹ ਕੀ ਕੀਤਾ? ਉਹ ਟੱਕਰ ਮਾਰਨ ਵਾਲੇ ਆਟੋ ਦੇ ਡਰਾਈਵਰ ਨੂੰ ਟੁੱਟ ਕੇ ਪਿਆ। ਬਜ਼ੁਰਗ ਨੂੰ ਉਠਾ ਕੇ ਆਪਣੇ ਆਟੋ ਨਾਲ ਟਿਕਾਉਂਦੇ ਹੋਏ ਉਹ ਦੂਜੇ ਆਟੋ ਵਾਲੇ ਉੱਤੇ ਟੁੱਟ ਪਿਆ, ਸਾਲੇ ਪੀ ਕੇ ਚਲਾਉਂਦੇ ਐ ਤੇ ਲੋਕਾਂ ਦੀ ਜਾਨ ਲੈਣ ਤੇ ਤੁਲੇ ਰਹਿੰਦੇ ਨੇ। ਮੈਂ ਤੇਰੇ ਦੰਦ ਭੰਨ ਦੂੰਗਾ, ਪੂਰੀ ਬੱਤੀਸੀ ਕੱਢ ਦੂੰਗਾ। ਕੀ ਘਿਗਿਆ ਰਿਹੈਂ!
ਸ਼ਰਾਬ ਪੀਤੀ ਆਟੋ ਵਾਲਾ ਵੀ ਕੰਬ ਰਿਹਾ ਸੀ, ਉਹਦੀ ਆਵਾਜ਼ ਨਹੀਂ ਨਿਕਲ ਰਹੀ ਸੀ। ਉਹ ਹੱਥ ਬੰਨ੍ਹੀਂ ਖਡ਼ਾ ਸੀ।
ਹੱਥ ਜੋਡ਼ਨ ਨਾਲ ਕੀ ਹੁੰਦੈ! ਦੇਖ ਰਿਹੈਂ, ਤੂੰ ਬਾਬੂ ਜੀ ਦੀ ਕੀ ਦੁਰਦਸ਼ਾ ਕੀਤੀ ਐ! ਦੂਜੇ ਆਟੋ ਵਾਲੇ ਦੇ ਵਾਲ ਉਹਦੀ ਮੁੱਠੀ ਵਿਚ ਸਨ।
ਸੁਣ ਭਰਾ, ਛੱਡ ਦੇ ਇਹਨੂੰ। ਮੈਂ ਕਹਿਨੈਂ ਛੱਡ ਦੇ ਇਹਨੂੰ। ਇਹਨੂੰ ਕੋਈ ਵੱਡੀ ਸਜ਼ਾ ਦਿਓ।ਬਜ਼ੁਰਗ ਸੰਭਲਦੇ ਹੋਏ ਕਹਿ ਰਿਹਾ ਸੀ।
ਵੱਡੀ ਸਜ਼ਾ?ਆਟੋ ਵਾਲੇ ਦੇ ਹੱਥ ਦੀ ਪਕਡ਼ ਢਿੱਲੀ ਹੋ ਗਈ। ਉਹ ਜ਼ਖ਼ਮੀ ਬਜ਼ੁਰਗ ਨੂੰ ਸਵਾਲੀਆ ਨਜ਼ਰਾਂ ਨਾਲ ਦੇਖ ਰਿਹਾ ਸੀ।
ਹਾਂ, ਵੱਡੀ ਸਜ਼ਾ! ਅੱਜ ਇਸਤੋਂ ਸਹੁੰ ਚੁਕਾਓ ਕਿ ਅੱਜ ਤੋਂ ਬਾਦ ਇਹ ਸ਼ਰਾਬ ਦੀ ਇਕ ਬੂੰਦ ਵੀ ਆਪਣੇ ਗਲੇ ਤੋਂ ਹੇਠਾਂ ਨਹੀਂ ਉਤਾਰੇਗਾ। ਇਹ ਵਾਅਦਾ ਈ ਇਹਦੀ ਸਜ਼ਾ ਹੋਵੇਗੀ।
ਤੇ ਬਜ਼ੁਰਗ ਆਟੋ ਵਾਲੇ ਨੂੰ ਕਿਰਾਇਆ ਦੇ ਕੇ ਲੰਗਡ਼ਾਉਂਦਾ ਹੋਇਆ ਆਪਣੇ ਰਾਹ ਪੈ ਗਿਆ।
                                          -0-




No comments: