Sunday, September 25, 2011

ਹਿੰਦੀ/ ਸਜ਼ਾ


ਸ਼ਸ਼ਿ ਪ੍ਰਭਾ ਸ਼ਾਸਤ੍ਰੀ

ਬਜ਼ੁਰਗ ਆਟੋ ਤੋਂ ਉਤਰਕੇ ਡਰਾਈਵਰ ਨੂੰ ਪੈਸੇ ਦੇਣ ਲਈ ਜੇਬ ਫਰੋਲ ਰਿਹਾ ਸੀ। ਤਦੇ ਦੂਜੇ ਆਟੋ ਵਾਲੇ ਨੇ ਅਚਾਨਕ ਆ ਬਜ਼ੁਰਗ ਨੂੰ ਟੱਕਰ ਮਾਰੀ ਤਾਂ ਉਹ ਧਡ਼ਾਮ ਦੇਣੇ ਡਿੱਗ ਪਿਆ। ਉੱਠਣ ਵਿਚ ਅਸਮਰੱਥ ਉਹ ਜਿਉਂਦਾ ਤਿਉਂ ਪਿਆ ਸੀ।  ਉਹਨਾਂ ਦੇ ਆਟੋ ਵਾਲੇ ਨੇ ਸੀਟ ਤੋਂ ਉਤਰ ਕੇ ਦੇਖਿਆ, ਗੋਡਿਆਂ ਕੋਲੋਂ ਪਜਾਮਾ ਫਟ ਗਿਆ ਸੀ ਤੇ ਖੂਨ ਵੱਗ ਰਿਹਾ ਸੀ। ਚਿਹਰੇ ਉੱਤੇ ਵੀ ਸੱਟ ਵੱਜੀ ਸੀ। ਬਜ਼ੁਰਗ ਬੁਰੀ ਤਰ੍ਹਾਂ ਕੰਬ ਰਿਹਾ ਸੀ।
ਓਏ ਭੂਤਨੀ ਦਿਆ, ਤੂੰ ਇਹ ਕੀ ਕੀਤਾ? ਉਹ ਟੱਕਰ ਮਾਰਨ ਵਾਲੇ ਆਟੋ ਦੇ ਡਰਾਈਵਰ ਨੂੰ ਟੁੱਟ ਕੇ ਪਿਆ। ਬਜ਼ੁਰਗ ਨੂੰ ਉਠਾ ਕੇ ਆਪਣੇ ਆਟੋ ਨਾਲ ਟਿਕਾਉਂਦੇ ਹੋਏ ਉਹ ਦੂਜੇ ਆਟੋ ਵਾਲੇ ਉੱਤੇ ਟੁੱਟ ਪਿਆ, ਸਾਲੇ ਪੀ ਕੇ ਚਲਾਉਂਦੇ ਐ ਤੇ ਲੋਕਾਂ ਦੀ ਜਾਨ ਲੈਣ ਤੇ ਤੁਲੇ ਰਹਿੰਦੇ ਨੇ। ਮੈਂ ਤੇਰੇ ਦੰਦ ਭੰਨ ਦੂੰਗਾ, ਪੂਰੀ ਬੱਤੀਸੀ ਕੱਢ ਦੂੰਗਾ। ਕੀ ਘਿਗਿਆ ਰਿਹੈਂ!
ਸ਼ਰਾਬ ਪੀਤੀ ਆਟੋ ਵਾਲਾ ਵੀ ਕੰਬ ਰਿਹਾ ਸੀ, ਉਹਦੀ ਆਵਾਜ਼ ਨਹੀਂ ਨਿਕਲ ਰਹੀ ਸੀ। ਉਹ ਹੱਥ ਬੰਨ੍ਹੀਂ ਖਡ਼ਾ ਸੀ।
ਹੱਥ ਜੋਡ਼ਨ ਨਾਲ ਕੀ ਹੁੰਦੈ! ਦੇਖ ਰਿਹੈਂ, ਤੂੰ ਬਾਬੂ ਜੀ ਦੀ ਕੀ ਦੁਰਦਸ਼ਾ ਕੀਤੀ ਐ! ਦੂਜੇ ਆਟੋ ਵਾਲੇ ਦੇ ਵਾਲ ਉਹਦੀ ਮੁੱਠੀ ਵਿਚ ਸਨ।
ਸੁਣ ਭਰਾ, ਛੱਡ ਦੇ ਇਹਨੂੰ। ਮੈਂ ਕਹਿਨੈਂ ਛੱਡ ਦੇ ਇਹਨੂੰ। ਇਹਨੂੰ ਕੋਈ ਵੱਡੀ ਸਜ਼ਾ ਦਿਓ।ਬਜ਼ੁਰਗ ਸੰਭਲਦੇ ਹੋਏ ਕਹਿ ਰਿਹਾ ਸੀ।
ਵੱਡੀ ਸਜ਼ਾ?ਆਟੋ ਵਾਲੇ ਦੇ ਹੱਥ ਦੀ ਪਕਡ਼ ਢਿੱਲੀ ਹੋ ਗਈ। ਉਹ ਜ਼ਖ਼ਮੀ ਬਜ਼ੁਰਗ ਨੂੰ ਸਵਾਲੀਆ ਨਜ਼ਰਾਂ ਨਾਲ ਦੇਖ ਰਿਹਾ ਸੀ।
ਹਾਂ, ਵੱਡੀ ਸਜ਼ਾ! ਅੱਜ ਇਸਤੋਂ ਸਹੁੰ ਚੁਕਾਓ ਕਿ ਅੱਜ ਤੋਂ ਬਾਦ ਇਹ ਸ਼ਰਾਬ ਦੀ ਇਕ ਬੂੰਦ ਵੀ ਆਪਣੇ ਗਲੇ ਤੋਂ ਹੇਠਾਂ ਨਹੀਂ ਉਤਾਰੇਗਾ। ਇਹ ਵਾਅਦਾ ਈ ਇਹਦੀ ਸਜ਼ਾ ਹੋਵੇਗੀ।
ਤੇ ਬਜ਼ੁਰਗ ਆਟੋ ਵਾਲੇ ਨੂੰ ਕਿਰਾਇਆ ਦੇ ਕੇ ਲੰਗਡ਼ਾਉਂਦਾ ਹੋਇਆ ਆਪਣੇ ਰਾਹ ਪੈ ਗਿਆ।
                                          -0-




Sunday, September 18, 2011

ਹਿੰਦੀ/ ਉਹਦੇ ਆਪਣੇ


ਕ੍ਰਿਸ਼ਣ ਚੰਦ ਮਹਾਦੇਵੀਆ
ਗੁਲਾਬ ਬਾਬੂ ਆਪਣੇ ਮਾਂ-ਪਿਉ ਤੋਂ ਕੁਝ ਹੀ ਕਦਮ ਅੱਗੇ ਚਲਦਾ ਹੋਇਆ ਸਿੱਧਾ ਬੱਸ ਵਿਚ ਜਾ ਕੇ ਬੈਠ ਗਿਆ। ਉਹਦੇ ਪਿਤਾ ਦੀਵਾਨ ਰਾਮ ਠਾਕਰ ਵੀ ਕੁਝ ਪਲ ਬਾਦ ਪਤਨੀ ਨਾਲ ਉਸੇ ਬੱਸ ਵਿਚ ਪੁੱਤਰ ਦੇ ਸਾਹਮਣੇ ਵਾਲੀ ਸੀਟ ਉੱਤੇ ਬੈਠ ਗਏਬੱਸ ਵਿਚ ਜ਼ਿਆਦਾ ਸਵਾਰੀਆਂ ਨਹੀਂ ਸਨ। ਕੰਡਕਟਰ ਨੇ ਸੀਟੀ ਵਜਾਈ ਤੇ ਡਰਾਈਵਰ ਨੇ  ਬਸ ਤੋਰ ਲਈ।
ਟਿਕਟਾਂ ਕੱਟਦੇ ਹੋਏ ਕੰਡਕਟਰ ਗੁਲਾਬ ਬਾਬੂ ਕੋਲ ਆਇਆ।
ਇਕ ਟਿਕਟ ਜੋਗਿੰਦਰ ਨਗਰ।ਗੁਲਾਬ ਬਾਬੂ ਨੇ ਇਕ ਟਿਕਟ ਦਾ ਕਿਰਾਇਆ ਕੰਡਕਟਰ ਨੂੰ ਫੜਾਇਆ, ਪਰ ਆਪਣੇ ਮਾਂ-ਬਾਪ ਵੱਲ ਦੇਖਿਆ ਤਕ ਨਹੀਂ।
ਬੱਸ ਇਕ ਈ ਟਿਕਟ?ਕੰਡਕਟਰ ਨੇ ਸੋਚਿਆ ਸੀ ਕਿ ਗੁਲਾਬ ਤਿੰਨ ਟਿਕਟਾਂ ਲਵੇਗਾ।
ਹੋਰ ਕੀ ਸਾਰੀ ਬਸ ਦੀਆਂ ਟਿਕਟਾਂ ਲਵਾਂ?ਤਲਖੀ ਨਾਲ ਗੁਲਾਬ ਬੋਲਿਆ।
ਕੰਡਕਟਰ ਨੇ ਇਕ ਟਿਕਟ ਕੱਟ ਕੇ ਗੁਲਾਬ ਨੂੰ ਫੜਾਈ ਤੇ ਮਾਸਟਰ ਦੀਵਾਨ ਰਾਮ ਕੋਲ ਜਾ ਖੜਾ ਹੋਇਆ।
ਤੁਸੀਂ ਕਿੱਥੇ ਜਾਣਾ ਹੈ ਮਾਸਟਰ ਜੀ?
ਜਾਣਾ ਤਾਂ ਮੰਡੀ ਸ਼ਹਿਰ ਹੈ, ਪਰ ਦੋ ਟਿਕਟਾਂ ਮੇਨ ਸਡ਼ਕ ਤਕ ਦੀਆਂ ਦੇ ਦੇ।ਖਿਡ਼ਕੀ ਤੋਂ ਬਾਹਰ ਦੇਖ ਰਹੇ ਦੀਵਾਨ ਰਾਮ ਨੇ ਇਕ ਨਿਗਾਹ ਬੇਟੇ ਉੱਤੇ ਮਾਰੀ ਤੇ ਦੋ ਟਿਕਟਾਂ ਦੇ ਪੈਸੇ ਕੰਡਕਟਰ ਨੂੰ ਦੇ ਦਿੱਤੇ।
ਮੇਨ ਸਡ਼ਕ ਤੋਂ ਉਹਨਾਂ ਨੇ ਮੰਡੀ ਜਾਣ ਲਈ ਬਸ ਫਡ਼ਨੀ ਸੀ।
ਟਿਕਟਾਂ ਲੈਣ ਬਾਦ ਹਿਰਦੇ ਵਿਚ ਉਠੇ ਤੂਫਾਨ ਨੂੰ ਸ਼ਾਂਤ ਕਰਨ ਲਈ ਉਹ ਪਤਨੀ ਨਾਲ ਗੱਲਾਂ ਕਰਨ ਲੱਗੇ।
ਪ੍ਰਾਇਮਰੀ ਸਕੂਲ ਦੇ ਮੁਖੀ ਦੀ ਪੋਸਟ ਤੋਂ ਰਿਟਾਇਰ ਹੋਣ ਮਗਰੋਂ ਮਾਸਟਰ ਦੀਵਾਨ ਰਾਮ ਨੇ ਆਪਣੇ ਪੁੱਤਰਾਂ ਨੂੰ ਇਸ ਯੋਗ ਬਣਾ ਦਿੱਤਾ ਸੀ ਕਿ ਉਹ ਆਪਣੇ ਪੈਰਾਂ ਉੱਪਰ ਖੜੇ ਹੋ ਕੇ ਰੋਜ਼ੀ-ਰੋਟੀ ਕਮਾ ਸਕਣ।
                                           -0-


Sunday, September 11, 2011

ਉਰਦੂ/ ਬੇਖ਼ਬਰੀ ਦਾ ਫਾਇਦਾ


ਸਆਦਤ ਹਸਨ ਮੰਟੋ

ਘੋੜਾ ਦਬਿਆ। ਪਿਸਤੌਲ ਵਿੱਚੋਂ ਗੋਲੀ ਝੁੰਜਲਾ ਕੇ ਬਾਹਰ ਨਿਕਲੀ। ਖਿਡ਼ਕੀ ਵਿੱਚੋਂ ਬਾਹਰ ਝਾਕਣ ਵਾਲਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਦ ਫਿਰ ਦਬਿਆ, ਦੂਜੀ ਗੋਲੀ ਭਿਣਭਿਣਾਉਂਦੀ ਹੋਈ ਬਾਹਰ ਨਿਕਲੀ। ਸਡ਼ਕ ਉੱਤੇ ਮਾਸ਼ਕੀ ਦੀ ਮਸ਼ਕ ਪਾਟ ਗਈ। ਉਹ ਮੂਧੇ ਮੂੰਹ ਡਿੱਗਾ ਤੇ ਉਹਦਾ ਲਹੂ ਮਸ਼ਕ ਦੇ ਪਾਣੀ ਵਿਚ ਮਿਲਕੇ ਵਗਣ ਲੱਗਾ।
ਘੋੜਾ ਤੀਜੀ ਵਾਰ ਦਬਿਆ, ਨਿਸ਼ਾਨਾ ਸਹੀ ਨਹੀਂ ਲੱਗਾ। ਗੋਲੀ ਇਕ ਗਿੱਲੀ ਕੰਧ ਵਿਚ ਜਜ਼ਬ ਹੋ ਗਈ। ਚੌਥੀ ਗੋਲੀ ਇਕ ਬੁੱਢੀ ਔਰਤ ਦੀ ਪਿੱਠ ਵਿਚ ਲੱਗੀ। ਉਹ ਚੀਕ ਵੀ ਨਾ ਸਕੀ ਤੇ ਉੱਥੇ ਹੀ ਢੇਰ ਹੋ ਗਈ। ਪੰਜਵੀਂ ਤੋ ਛੇਵੀਂ ਦੋਨੋਂ ਗੋਲੀਆਂ ਬੇਕਾਰ ਗਈਆਂ। ਨਾ ਕੋਈ ਮਰਿਆ, ਨਾ ਜ਼ਖਮੀ ਹੋਇਆ। ਗੋਲੀਆਂ ਚਲਾਉਣ ਵਾਲਾ ਖਿਝ ਗਿਆ। ਅਚਾਣਕ ਸਡ਼ਕ ਉੱਤੇ ਇਕ ਛੋਟਾ ਜਿਹਾ ਬੱਚਾ ਦੌਡ਼ਦਾ ਹੋਇਆ ਦਿਖਾਈ ਦਿੱਤਾ। ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਮੋੜਿਆ।
ਉਸਦੇ ਸਾਥੀ ਨੇ ਕਿਹਾ, ਇਹ ਕੀ ਕਰਦੇ ਹੋ?
ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ, ਕਿਉਂ?
ਗੋਲੀਆਂ ਤਾਂ ਖਤਮ ਹੋ ਚੁੱਕੀਆਂ ਹਨ।
ਤੂੰ ਚੁੱਪ ਰਹਿ, ਬੱਚੇ ਨੂੰ ਕੀ ਪਤਾ।
                           -0-

Saturday, September 3, 2011

ਹਿੰਦੀ/ ਕੰਬਲ


ਉਰਮਿ ਕ੍ਰਿਸ਼ਣ

ਮੰਦਰ ਦੇ ਬਾਹਰ, ਕੰਧ ਨਾਲ ਜੁਡ਼ ਕੇ ਉਹ ਲੇਟਿਆ ਕਰਦਾ ਸੀ। ਠੰਡ ਤੇ ਮੀਂਹ ਤੋਂ ਬਚਣ ਲਈ, ਦੋ ਡੰਡਿਆਂ ਦੇ ਸਹਾਰੇ ਉਹਨੇ ਟਾਟ ਦੀਆਂ ਬੋਰੀਆਂ ਬੰਨ੍ਹੀਆਂ ਹੋਈਆਂ ਸਨ। ਕੱਲ੍ਹ ਕਡ਼ਾਕੇ ਦੀ ਠੰਡ ਵਾਲੀ ਰਾਤ ਵਿਚ  ਕੋਈ ਦਿਆਲੂ ਉਸ ਉੱਤੇ ਇਕ ਕੰਬਲ ਪਾ ਗਿਆ ਸੀ। ਅੱਜ ਉਸੇ ਕੰਬਲ ਨੂੰ ਉੱਪਰ ਲਈ ਉਹ ਅੱਧੀ ਰਾਤ ਸਮੇਂ ਪਿਸ਼ਾਬ ਕਰਨ ਲਈ ਉੱਠਿਆ। ਉਹਨੇਂ ਕੁਝ ਦੂਰੀ ਉੱਤੇ ਸੁੱਤੇ ਬਾਬੂ ਨੂੰ ਕਰਾਹੁੰਦੇ ਹੋਏ ਦੇਖਿਆ।
ਬਾਬੂ ਕੁਝ ਦਿਨ ਪਹਿਲਾਂ ਹੀ ਕੰਮ ਦੀ ਤਲਾਸ਼ ਵਿਚ ਪਿੰਡੋਂ ਆਇਆ ਸੀ। ਬੁੱਢੇ ਬਾਬੇ ਨਾਲ ਉਹਦੀ ਦੋਸਤੀ ਹੋ ਗਈ ਤੇ ਇੱਥੇ ਮੰਦਰ ਦੇ ਬਾਹਰ ਹੀ ਉਹਨੇ ਡੇਰਾ ਲਾ ਲਿਆ। ਜਦੋਂ ਉਹ ਕੰਮ ਦੀ ਭਾਲ ਵਿਚ ਜਾਂਦਾ ਤਾਂ ਉਹਦੀ ਇੱਕ ਮਾਤਰ ਗੁਦਡ਼ੀ ਦੀ ਰਖਵਾਲੀ ਬੁੱਢਾ ਬਾਬਾ ਹੀ ਕਰਦਾ ਸੀ।
ਬਾਬੂ, ਕਿਉਂ ਕਰਾਹ ਰਿਹੈਂ?ਬਾਬੇ ਨੇ ਪਿਆਰ ਨਾਲ ਪੁੱਛਿਆ। ਉਹਨੇ ਬਾਬੂ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, ਤੂੰ ਤਾਂ ਤਪ ਰਿਹੈਂ। ਹੁਣ ਮੈਂ ਕੀ ਕਰਾਂ? ਦਵਾ-ਦਾਰੂ ਤਾਂ ਮੇਰੇ ਕੋਲ ਕੋਈ ਹੈ ਨਹੀਂ।
ਫਿਰ ਉਹ ਆਪਣਾ ਕੰਬਲ ਬਾਬੂ ਉੱਤੇ ਢੱਕ ਕੇ ਆ ਗਿਆ।
ਸਵੇਰੇ ਬਾਬੂ ਦੇਰ ਨਾਲ ਉੱਠਿਆ । ਕੰਬਲ ਦੇ ਨਿੱਘ ਤੇ ਬੁਖਾਰ ਕਾਰਨ ਉਹ ਛੇਤੀ ਨਹੀਂ ਉੱਠ ਸਕਿਆ ਸੀ। ਬਾਬੇ ਨੂੰ ਕੰਬਲ ਮੋਡ਼ਦਾ ਹੋਇਆ ਬੋਲਿਆ, ਬਾਬਾ, ਕਿੰਨੀ ਧੁੱਪ ਚਡ਼੍ਹ ਗਈ, ਤੁਸੀਂ ਅਜੇ ਤਕ ਉੱਠੇ ਨਹੀਂ! ਤੁਸੀਂ ਤਾਂ ਮੂੰਹ ਹਨੇਰੇ ਹੀ ਉੱਠ ਖਡ਼ਦੇ ਹੋ।
ਉਹਨੇ ਬਾਬੇ ਨੂੰ ਕਈ ਵਾਰ ਪੁਕਾਰਿਆ, ਪਰ ਬਾਬੇ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਹੋਈ। ਤਦ ਉਹਨੇਂ ਬਾਬੇ ਉੱਤੋਂ ਚਾਦਰ ਹਟਾਈ। ਬਾਬੇ ਦੀਆਂ ਅੱਖਾਂ ਖੁੱਲ੍ਹੀਆਂ ਸਨ ਤੇ ਸਰੀਰ ਆਕਡ਼ਿਆ ਹੋਇਆ ਸੀ। ਦਾਦਾ, ਬਾਪੂ, ਮਾਂ ਸਮੇਤ ਬਾਬੂ ਕਈ ਮੌਤਾਂ ਦੇਖ ਚੁੱਕਿਆ ਸੀ। ਉਹ ਫਟੀਆਂ ਅੱਖਾਂ ਨਾਲ ਬਾਬੇ ਨੂੰ ਦੇਖਦਾ ਰਹਿ ਗਿਆ। ਰਾਤ ਨੂੰ ਉਸ ਉੱਤੇ ਕੰਬਲ ਢਕਦੇ ਸਮੇਂ ਬਾਬੇ ਨੇ ਕਿਹਾ ਸੀ, ‘ਮੇਰਾ ਕੀ ਐ ਪੁੱਤ, ਚਾਰ ਦਿਨ ਘੱਟ ਜੀ ਲੂੰ ਤਾ ਕੀ ਐ। ਉਂਜ ਵੀ ਮਰੇ ਵਰਗਾ ਈ ਆਂ। ਤੂੰ ਅਜੇ ਜਵਾਨ ਐਂ। ਬਹੁਤ ਦਿਨ ਜੀਏਂਗਾ, ਕਮਾਏਂਗਾ, ਘਰ ਵਾਲਿਆਂ ਨੂੰ ਪਾਲੇਂਗਾ।’
ਬਾਬੂ ਦੇ ਹੱਥਾਂ ਵਿਚ ਕੰਬਲ ਸੀ। ਉਹਦੀਆਂ ਅੱਖਾਂ ਤੋਂ  ਫਿਸਲ ਕੇ ਦੋ ਵੱਡੀਆਂ ਬੂੰਦਾਂ ਕੰਬਲ ਉੱਤੇ ਅਟਕ ਗਈਆਂ।
                                       -0-