Monday, December 27, 2010

ਉਰਦੂ / ਹਾਲ

ਵਾਜਿਦ ਅਲੀ ਅੰਜੁਮ
ਨੂਰਾ ਅੱਜ ਬਹੁਤ ਉਦਾਸ ਹੋ ਘਰ ਜਾ ਰਿਹਾ ਸੀ। ਇੰਜ ਲਗਦਾ ਸੀ ਜਿਵੇਂ ਕੋਈ ਵੱਡਾ ਜੁਰਮ ਕਰਕੇ ਜਾ ਰਿਹਾ ਹੋਵੇ। ਸਕੂਲ ਵਿਚ ਉਹਦਾ ਅੱਜ ਪਹਿਲਾ ਦਿਨ ਸੀ ਤੇ ਉਹਨੂੰ ਘੜੀ-ਮੁੜੀ ਆਪਣੀ ਮਾਂ ਦੇ ਉਹ ਸ਼ਬਦ ਯਾਦ ਆ ਰਹੇ ਸਨ, ‘ਪੁੱਤਰ, ਜਿਵੇਂ ਮੈਂ ਤੇਰੀ ਮਾਂ ਹਾਂ, ਇਸ ਤਰ੍ਹਾਂ ਧਰਤੀ ਵੀ ਮਾਂ ਹੁੰਦੀ ਹੈ ਤੇ ਉਹਦਾ ਹੱਕ ਜੰਮਣ ਵਾਲੀ ਮਾਂ ਤੋਂ ਵੱਧ ਹੁੰਦਾ ਹੈ। ਜਿਵੇਂ ਤੂੰ ਮੇਰੀ ਗੋਦ ’ਚ ਖੇਡਦਾ ਰਿਹੈਂ, ਉਸੇ ਤਰ੍ਹਾਂ ਧਰਤੀ ਵੀ ਤੁਹਾਨੂੰ ਆਪਣੀ ਗੋਦ ’ਚ ਖਿਡਾਉਂਦੀ ਰਹੀ ਹੈ। ਉਹ ਆਪਣੀ ਛਾਤੀ ’ਤੇ ਸਕੂਲ ਬਣਾ ਕੇ ਦਿੰਦੀ ਹੈ ਤਾਂ ਜੋ ਤੁਸੀਂ ਪੜ੍ਹ-ਲਿਖਕੇ ਧਰਤੀ ਮਾਂ ਦੇ ਵਫਾਦਾਰ ਤੇ ਚੰਗੇ ਇਨਸਾਨ ਬਣ ਸਕੋ।’
ਮਾਂ ਦੀਆਂ ਇਹ ਗੱਲਾਂ ਸੁਣ ਕੇ ਨੂਰੇ ਦਾ ਧਰਤੀ ਨਾਲ ਪਿਆਰ ਹੋਰ ਵੀ ਵਧ ਗਿਆ ਸੀ। ਅੱਜ ਜਦੋਂ ਸਕੂਲ ਵਿਚ ਉਹ ਮਾਸਟਰ ਹੋਰਾਂ ਦਾ ਦਿੱਤਾ ਸਬਕ ਯਾਦ ਕਰ ਰਿਹਾ ਸੀ, ਜਿਹੜਾ ਕਿ ਓਪਰੀ ਜ਼ਬਾਨ ਵਿਚ ਸੀ, ਤਾਂ ਉਹਨੂੰ ਇੰਜ ਜਾਪਿਆ ਜਿਵੇਂ ਉਹ ਆਪਣੀ ਸੱਕੀ ਮਾਂ ਦੀ ਛਾਤੀ ਉੱਤੇ ਬਹਿ ਕੇ ਉਹਦੇ ਖਿਲਾਫ਼ ਬੋਲ ਰਿਹਾ ਹੋਵੇ।
-0-

Monday, December 20, 2010

ਹਿੰਦੀ/ਪਾਲਣਹਾਰ


ਚੇਤਨਾ ਭਾਟੀ

ਫਾਰਮ ਹਾਊਸ ਦੇ ਚੌਕੀਦਾਰ ਦੀ ਪਤਨੀ ਦਾ ਵਧਿਆ ਹੋਇਆ ਪੇਟ ਦੇਖ ਕੇ ਸਾਹਬ ਵਰ੍ਹ ਪਏ, ਇਹ ਕੀ, ਇਕ ਹੋਰ ਬੱਚਾ! ਲਾਈਨ ਲਾਈ ਜਾ ਰਿਹੈ ਸਾਲਾ, ਖੁਆਊਗਾ ਕਿੱਥੋਂ? ਪਾਲੂਗਾ ਕਿਵੇਂ?
ਮੇਮ ਸਾਹਬ ਨੇ ਹੌਲੇ ਜਿਹੇ ਸ਼ਾਂਤ ਕੀਤਾ, ਇਹ ਉਹਦਾ ਨਿਜੀ ਮਾਮਲਾ ਐ।
ਠੀਕ ਐ, ਪਰ…ਸਾਹਬ ਹੈਰਾਨੀ ਭਰਿਆ ਗੁੱਸਾ ਪੀ ਕੇ ਚੁੱਪ ਕਰ ਗਏ।
ਕੁਝ ਦਿਨਾਂ ਬਾਦ ਸਾਹਬ ਤੇ ਮੇਮ ਸਾਹਬ ਫਿਰ ਫਾਰਮ ਹਾਊਸ ਗਏ। ਚੌਕਾਦਾਰ ਦੇ ਘਰ ਬੱਚੇ ਦਾ ਜਨਮ ਹੋ ਚੁੱਕਾ ਸੀ।
ਚੌਕੀਦਾਰ ਨੇ ਆਪਣੇ ਪਹਿਲੇ ਬੱਚੇ ਨੂੰ ਕਿਹਾ, ਜਾ ਸਾਬ ਔਰ ਮੇਮ ਸਾਬ ਕੇ ਲਿਏ ਪਾਣੀ ਲੇ ਕੇ ਆ।
ਬੱਚਾ ਪਾਣੀ ਲੈਣ ਜਾ ਰਿਹਾ ਸੀ। ਇੱਧਰ ਉਹ ਸਾਹਬ ਨੂੰ ਕਹਿ ਰਿਹਾ ਸੀ, ਸਾਬਜੀ, ਰਾਮਡ਼ੇ ਕੋ ਆਪ ਅਪਣੇ ਸਾਥ ਲੇ ਜਾਓ, ਘਰ ਕਾ ਕਾਮ ਕਰੇਗਾ।
ਕੰਮ ਕਰੇਗਾ! ਓਏ, ਅਜੇ ਉਹ ਛੋਟਾ ਐ, ਸਿਰਫ ਪੰਜ ਸਾਲ ਦਾ ਈ ਐ।ਸਾਹਬ ਹੈਰਾਨ ਸਨ।
ਕਾਯਕਾ ਛੋਟਾ ਸਾਬਜੀ, ਛਟੇ ਮੇਂ ਚਲ ਰਿਓ ਐ।ਚੌਕੀਦਾਰ ਬੋਲਿਆ।
ਫਿਰ ਕਦੇ ਦੇਖਾਂਗੇ।ਗੱਲ ਟਾਲਦੇ ਹੋਏ ਮੇਮ ਸਾਹਬ ਬੋਲੀ। ਫਿਰ ਵਿਅੰਗ ਨਾਲ ਮੁਸਕਰਾਉਂਦੇ ਹੋਏ ਸਾਹਬ ਦੀਆਂ ਅੱਖਾਂ ਵਿਚ ਦੇਖਣ ਲੱਗੀ ਜਿਵੇਂ ਕਹਿ ਰਹੀ ਹੋਵੇ ਕਿ‘ਬਹੁਤ ਚਿੰਤਾ ਸੀ ਨਾ ਤੁਹਾਨੂੰ ਕਿ ਪਾਲੂਗਾ ਕਿਵੇਂ? ਲਓ, ਪਲ ਗਿਆ। ਬੱਸ ਇਤਨਾ ਹੀ ਕਰਦੇ ਨੇ ਇਹ।
                                                   -0-

Tuesday, December 14, 2010

ਹਿੰਦੀ/ਕਾਲਾ ਅੱਖਰ

ਆਕਾਂਕਸ਼ਾ ਯਾਦਵ

ਬਚਪਣ ਤੋਂ ਲਿਖੀਆਂ ਗਈਆਂ ਕਵਿਤਾਵਾਂ ਨੂੰ ਕਾਵਿ-ਸੰਗ੍ਰਹਿ ਦੇ ਰੂਪ ਵਿਚ ਛਪਵਾਉਣ ਦਾ ਮਾਲਤੀ ਨੂੰ ਬਹੁਤ ਚਾਅ ਸੀ। ਇਸ ਸਬੰਧੀ ਉਸ ਨੇ ਕਈ ਪ੍ਰਕਾਸ਼ਕਾਂ ਨਾਲ ਸੰਪਰਕ ਵੀ ਕੀਤਾ, ਪਰ ਨਿਰਾਸ਼ਾ ਹੀ ਹੱਥ ਲੱਗੀ। ਮਾਲਤੀ ਕਾਲਿਜ ਵਿਚ ਹਿੰਦੀ ਦੀ ਲੈਕਚਰਾਰ ਸੀ ਤੇ ਨਾਲ ਹੀ ਚੰਗੀ ਕਵਿੱਤਰੀ ਵੀ। ਕਾਫੀ ਕੋਸ਼ਿਸ਼ਾਂ ਮਗਰੋਂ ਇਕ ਪ੍ਰਕਾਸ਼ਕ ਨੇ ਮਾਲਤੀ ਦਾ ਕਾਵਿ-ਸੰਗ੍ਰਹਿ ਪ੍ਰਕਾਸ਼ਤ ਕਰ ਹੀ ਦਿੱਤਾ। ਪ੍ਰਕਾਸ਼ਕ ਨੇ ਮਾਲਤੀ ਦੇ ਕਾਲਿਜ ਦੇ ਹਾਲ ਵਿਚ ਹੀ ਪੁਸਤਕ ਨੂੰ ਰਿਲੀਜ ਕਰਨ ਦਾ ਪ੍ਰਬੰਧ ਵੀ ਕਰ ਦਿੱਤਾ।

ਅੱਜ ਕਾਲਿਜ ਦੇ ਕਈ ਕੁਲੀਗ ਸਵੇਰ ਤੋਂ ਹੀ ਮਾਲਤੀ ਨੂੰ ਪ੍ਰਕਾਸ਼ਕ ਅਤੇ ਮੰਤਰੀ ਜੀ ਵੱਲੋਂ ਉਸਦੇ ਸੰਗ੍ਰਹਿ ਦੀ ਪ੍ਰਸਤਾਵਿਤ ‘ਘੁੰਡ-ਚੁਕਾਈ’ ਦੀ ਰਸਮ ਲਈ ਵਧਾਈ ਦੇ ਰਹੇ ਸਨ। ਮਾਲਤੀ ਦਾ ਮਨ ਨਹੀਂ ਸੀ ਕਿ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਮੰਤਰੀ ਜੀ ਕਰਨ। ਉਹ ਚਾਹੁੰਦੀ ਸੀ ਕਿ ਇਹ ਰਸਮ ਕਿਸੇ ਵੱਡੇ ਸਾਹਿਤਕਾਰ ਵੱਲੋਂ ਨਿਭਾਈ ਜਾਵੇ ਤਾਕਿ ਸਾਹਿਤ-ਜਗਤ ਵਿਚ ਉਸਦੇ ਪ੍ਰਵੇਸ਼ ਨੂੰ ਗੰਭੀਰਤਾ ਨਾਲ ਲਿਆ ਜਾਵੇ। ਨਾਲ ਹੀ ਇਸ ਸੰਗ੍ਰਹਿ ਬਾਰੇ ਚੰਗੀ ਚਰਚਾ ਵੀ ਹੋ ਸਕੇ। ਪਰ ਪ੍ਰਕਾਸ਼ਕ ਨੇ ਉਸਨੂੰ ਸਮਝਾਇਆ ਕਿ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਮੰਤਰੀ ਜੀ ਵੱਲੋਂ ਹੋਣ ਤੇ ਪੁਸਤਕ ਦੀ ਵਿਕਰੀ ਜ਼ਿਆਦਾ ਹੋਵੇਗੀ। ਲਾਇਬ੍ਰਰੀਆਂ ਅਤੇ ਸਰਕਾਰੀ ਸੰਸਥਾਵਾਂ ਵਿਚ ਮੰਤਰੀ ਜੀ ਪੁਸਤਕ ਨੂੰ ਸਿੱਧੇ ਲੁਵਾ ਵੀ ਸਕਦੇ ਹਨ। ਅਗਾਂਹ ਇਸ ਨਾਲ ਲਾਭ ਹੀ ਲਾਭ ਹੋਵੇਗਾ।

ਆਪਣੇ ਰੁਝੇਵਿਆਂ ਵਿੱਚੋਂ ਥੋਡ਼ਾ ਸਮਾ ਕੱਢ ਕੇ ਮੰਤਰੀ ਜੀ ਸ਼ਾਮ ਨੂੰ ਤਿੰਨ ਘੰਟੇ ਦੇਰੀ ਨਾਲ ਪਹੁੰਚੇ। ਮੰਤਰੀ ਜੀ ਦੇ ਪਹੁੰਚਦੇ ਹੀ ਹਲਚਲ ਸ਼ੁਰੂ ਹੋ ਗਈ। ਮੀਡੀਆ ਵਾਲੇ ਫਲੈਸ਼ ਚਮਕਾਉਣ ਲੱਗੇ। ਮੰਤਰੀ ਜੀ ਨੇ ਮਾਲਤੀ ਦੀ ਪੁਸਤਕ ਦੀ ‘ਘੁੰਡ-ਚੁਕਾਈ’ ਦੀ ਰਸਮ ਅਦਾ ਕੀਤੀ। ਦਰਸ਼ਕਾਂ ਦੀਆਂ ਜ਼ੋਰਦਾਰ ਤਾਡ਼ੀਆਂ ਵਿਚਕਾਰ ਮਾਲਤੀ ਨੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਬਡ਼ੇ ਉਤਸਾਹ ਨਾਲ ਆਪਣੀ ਪੁਸਤਕ ਦੀਆਂ ਪ੍ਰਤੀਆਂ ਭੇਂਟ ਕੀਤੀਆਂ। ਆਪਣੇ ਪਹਿਲੇ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਕ ਤੋਂ ਮਾਲਤੀ ਬਹੁਤ ਖੁਸ਼ ਸੀ।

ਮੰਤਰੀ ਜੀ ਨੇ ‘ਘੁੰਡ-ਚੁਕਾਈ’ ਦੀ ਰਸਮ ਤੋਂ ਬਾਦ ਹਾਜ਼ਰ ਲੋਕਾਂ ਨੂੰ ਲੰਮਾ ਭਾਸ਼ਣ ਦਿੱਤਾ। ਮਾਲਤੀ ਸੋਚ ਰਹੀ ਸੀ ਕਿ ਮੰਤਰੀ ਜੀ ਉਸ ਨੂੰ ਪੁਸਤਕ ਲਈ ਵਧਾਈ ਦੇਣਗੇ। ਪਰ ਮੰਤਰੀ ਜੀ ਤਾਂ ਆਪਣੇ ਗੁਣਗਾਣ ਵਿਚ ਹੀ ਲੱਗੇ ਰਹੇ। ਭਾਸ਼ਣ ਮਗਰੋਂ ਮੰਤਰੀ ਜੀ ਬਾਹਰ ਨਿਕਲ ਗਏ। ਮੰਤਰੀ ਜੀ ਜਾਂ ਉਹਨਾਂ ਦੇ ਸਟਾਫ ਨੇ ਮਾਲਤੀ ਦੀ ਪੁਸਤਕ ਨੂੰ ਨਾਲ ਲਿਜਾਣ ਦੀ ਖੇਚਲ ਵੀ ਨਹੀਂ ਕੀਤੀ।

ਮਾਲਤੀ ਉਸ ਹਾਲ ਵਿਚ ਇਕੱਲੀ ਰਹਿ ਗਈ ਸੀ। ਉਸਨੇ ਚਾਰੇ ਪਾਸੇ ਦੇਖਿਆ। ਉਸਨੇ ਖੱਦਰਧਾਰੀਆਂ ਨੂੰ ਬਡ਼ੇ ਉਤਸਾਹ ਨਾਲ ਆਪਣੀ ਪੁਸਤਕ ਦੀਆਂ ਜੋ ਪ੍ਰਤੀਆਂ ਭੇਂਟ ਕੀਤੀਆ ਸਨ, ਉਹ ਸਭ ਕੁਰਸੀਆਂ ਉੱਪਰ ਪਈਆਂ ਸਨ। ਕੁਝ ਪੁਸਤਕਾਂ ਤਾਂ ਹੇਠਾਂ ਜ਼ਮੀਨ ਉੱਤੇ ਡਿੱਗੀਆਂ ਹੋਈਆਂ ਸਨ। ਉਹਦੇ ਕੰਨਾਂ ਵਿਚ ਪ੍ਰਕਾਸ਼ਕ ਦੇ ਸ਼ਬਦ ਗੂੰਜ ਰਹੇ ਸਨ ਕਿ ਮੰਤਰੀ ਜੀ ਹੱਥੋਂ ‘ਘੁੰਡ-ਚੁਕਾਈ’ ਦੀ ਰਸਮ ਹੋਣ ਤੇ ਪੁਸਤਕ ਦੀ ਵਿਕਰੀ ਜ਼ਿਆਦਾ ਹੋਵੇਗੀ।

-0-

Monday, December 6, 2010

ਹਿੰਦੀ/ ਚੂੜੀਆਂ


 ਸੁਧਾ ਭਾਰਗਵ

ਮਾਸੀ, ਇਹ ਚੂੜੀਆਂ ਰੱਖ ਲੈ।
ਇਹ ਤਾਂ ਬਹੁਤ ਸੋਹਣੀਆਂ ਹਨ! ਤੂੰ ਬਣਾਈਆਂ ਨੇ ਸੰਤੋ?
ਹਾਂ, ਇਹ ਮੈਂ ਆਪਣੇ ਵਿਆਹ ’ਚ ਪਾਊਂਗੀ। ਮੇਰੇ ਹੱਥਾਂ ’ਚ ਬਹੁਤ ਫੱਬਣਗੀਆਂ। ਮਾਂ ਨੂੰ ਨਾ ਦੱਸੀਂ, ਨਹੀਂ ਤਾਂ ਉਹ ਪਾ ਲੂਗੀ।ਕਹਿੰਦੇ-ਕਹਿੰਦੇ ਸੰਤੋ ਹੱਫਣ ਲੱਗੀ। ਜ਼ੋਰ ਦੀ ਖੰਘ ਆਈ, ਢੇਰ ਸਾਰਾ ਖੂਨ ਨਿਕਲਿਆ।
ਮਾਸੀ ਘਬਰਾ ਗਈ। ਗਰਮ ਪਾਣੀ ਨਾਲ ਕੁਰਲੇ ਕਰਵਾ ਕੇ ਉਸਨੂੰ ਚਾਹ ਪਿਆਈ। ਸੀਨੇ ਵਿਚ ਸੇਕ ਪਹੁੰਚਦੇ ਹੀ ਸੰਤੋ ਤਾਂ ਸੌਂ ਗਈ, ਪਰ ਮਾਸੀ ਭੈਭੀਤ ਹਿਰਨੀ ਵਾਂਗ ਉਸਨੂੰ ਦੇਖਣ ਲੱਗੀ।
ਨੀਂਦ ਖੁੱਲ੍ਹਣ ਉੱਤੇ ਸੰਤੋ, ਮਾਸੀ ਦੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਕਰ ਸਕੀ। ਸ਼ੱਕ ਦੀ ਚਾਦਰ ਨੇ ਉਸਨੂੰ ਢਕ ਲਿਆਕਿਤੇ ਮਾਸੀ ਨੂੰ ਮੇਰੀ ਬੀਮਾਰੀ ਦਾ ਪਤਾ ਤਾਂ ਨਹੀਂ ਲੱਗ ਗਿਆ?
ਮਾਸੀ ਦੀ ਘੁਟਣ ਬਾਹਰ ਆਈ, ਬੇਟੀ, ਆਪਣੀ ਸਿਹਤ ਦਾ ਧਿਆਨ ਰੱਖੀਂ, ਕਿਤੇ ਤੇਰਾ ਸੁਫਨਾ ਅਧੂਰਾ ਨਾ ਰਹਿ ਜਾਵੇ।
ਕੋਈ ਖਾਸ ਗੱਲ ਨਹੀਂ ਹੈ। ਦਵਾਈ ਤਾਂ ਰੋਜ਼ ਪੀਂਦੀ ਆਂ।ਸੰਤੋ ਨੇ ਝੂਠ ਦਾ ਪੈਬੰਦ ਲਾਉਣ ਦੀ ਕੋਸ਼ਿਸ਼ ਕੀਤੀ।
ਸੱਚ ਕੁਝ ਹੋਰ ਹੀ ਸੀ। ਚੂੜੀਆਂ ਦੀ ਫੈਕਟਰੀ ਦੀ ਕੱਚ ਦੀ ਧੂੜ ਉਹਦੇ ਫੇਫੜਿਆਂ ਵਿਚ ਗਹਿਰੀ ਜੰਮ ਗਈ ਸੀ। ਉਹਨੂੰ ਲਗਦਾ ਕੱਚ ਦੇ ਬਰੀਕ ਟੁਕੜੇ ਉਹਦੇ ਅੰਗ-ਅੰਗ ਨੂੰ ਵਿਨ੍ਹੀਂ ਜਾ ਰਹੇ ਹਨ। ਨਾ ਤਾਂ ਉਹਨਾਂ ਨੂੰ ਉਹ ਕੱਢ ਸਕਦੀ ਹੈ ਤੇ ਨਾ ਹੀ ਸਹਿ ਸਕਦੀ ਹੈ।
ਡੂੰਘਾ ਸਾਹ ਛੱਡਦੇ ਹੋਏ ਮਾਸੀ ਨੇ ਸੁਝਾਅ ਦਿੱਤਾ, ਕੁਝ ਦਿਨ ਦੀ ਛੁੱਟੀ ਲੈ ਲੈ।
ਕਿਵੇਂ ਲੈ ਲਾਂ! ਚੂੜੀਆਂ ਦੀ ਕਾਂਟ-ਛਾਂਟ ’ਚ ਮੇਰੇ ਵਰਗਾ ਹੱਥ ਕਿਸੇ ਦਾ ਨਹੀਂ।ਸੰਤੋ ਦਾ ਜਵਾਬ ਸੀ, ਮਾਲਕ ਮੇਰੀ ਤਾਰੀਫ ਕਰਦੇ ਨਹੀਂ ਥੱਕਦੇ। ਮੈਨੂੰ ਮਜ਼ਦੂਰੀ ਦਿਨ ਦੇ ਹਿਸਾਬ ਨਾਲ ਮਿਲਦੀ ਐ, ਮਾਂ ਨੇ ਤਾਂ ਇਕ ਦਿਨ ਘਰ ਨਹੀਂ ਬਹਿਣ ਦੇਣਾ।
ਸੰਤੋ ਹੱਸਦੀ ਹੋਈ ਚਲੀ ਗਈ। ਪਰ ਉਹਦਾ ਹਾਸਾ ਛੇਤੀ ਹੀ ਖਤਮ ਹੋ ਗਿਆ। ਜ਼ਿੰਦਗੀ ਦੇ ਸੋਲ੍ਹਾਂ ਬਸੰਤ ਦੇਖਣ ਤੋਂ ਬਹੁਤ ਪਹਿਲਾਂ ਸਿਰਫ ਤੇਰ੍ਹਾਂ ਸਾਲ ਦੀ ਉਮਰ ਵਿਚ ਹੀ ਉਹਨੇ ਇਸ ਬੇਰਹਿਮ ਸਮਾਜ ਤੋਂ ਛੁਟਕਾਰਾ ਪਾ ਲਿਆ। ਜਿਉਂਦੇ ਜੀ ਉਹਦੀ ਖਾਹਿਸ਼ ਪੂਰੀ ਨਾ ਹੋ ਸਕੀ। ਮ੍ਰਿਤਕ ਦੇਹ ਨੂੰ ਚਿਤਾ ਉੱਤੇ ਰੱਖਦੇ ਸਮੇਂ ਲੋਕਾਂ ਨੇ ਦੇਖਿਆ ਉਹਦੇ ਹੱਥਾਂ ਵਿਚ ਮੀਨੇ ਵਾਲੀਆਂ ਦਰਜਨ ਭਰ ਲਾਲ-ਹਰੀਆਂ ਚੂੜੀਆਂ ਝਿਲਮਿਲਾ ਰਹੀਆਂ ਸਨ।
                                                 -0-