Monday, December 6, 2010

ਹਿੰਦੀ/ ਚੂੜੀਆਂ


 ਸੁਧਾ ਭਾਰਗਵ

ਮਾਸੀ, ਇਹ ਚੂੜੀਆਂ ਰੱਖ ਲੈ।
ਇਹ ਤਾਂ ਬਹੁਤ ਸੋਹਣੀਆਂ ਹਨ! ਤੂੰ ਬਣਾਈਆਂ ਨੇ ਸੰਤੋ?
ਹਾਂ, ਇਹ ਮੈਂ ਆਪਣੇ ਵਿਆਹ ’ਚ ਪਾਊਂਗੀ। ਮੇਰੇ ਹੱਥਾਂ ’ਚ ਬਹੁਤ ਫੱਬਣਗੀਆਂ। ਮਾਂ ਨੂੰ ਨਾ ਦੱਸੀਂ, ਨਹੀਂ ਤਾਂ ਉਹ ਪਾ ਲੂਗੀ।ਕਹਿੰਦੇ-ਕਹਿੰਦੇ ਸੰਤੋ ਹੱਫਣ ਲੱਗੀ। ਜ਼ੋਰ ਦੀ ਖੰਘ ਆਈ, ਢੇਰ ਸਾਰਾ ਖੂਨ ਨਿਕਲਿਆ।
ਮਾਸੀ ਘਬਰਾ ਗਈ। ਗਰਮ ਪਾਣੀ ਨਾਲ ਕੁਰਲੇ ਕਰਵਾ ਕੇ ਉਸਨੂੰ ਚਾਹ ਪਿਆਈ। ਸੀਨੇ ਵਿਚ ਸੇਕ ਪਹੁੰਚਦੇ ਹੀ ਸੰਤੋ ਤਾਂ ਸੌਂ ਗਈ, ਪਰ ਮਾਸੀ ਭੈਭੀਤ ਹਿਰਨੀ ਵਾਂਗ ਉਸਨੂੰ ਦੇਖਣ ਲੱਗੀ।
ਨੀਂਦ ਖੁੱਲ੍ਹਣ ਉੱਤੇ ਸੰਤੋ, ਮਾਸੀ ਦੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਕਰ ਸਕੀ। ਸ਼ੱਕ ਦੀ ਚਾਦਰ ਨੇ ਉਸਨੂੰ ਢਕ ਲਿਆਕਿਤੇ ਮਾਸੀ ਨੂੰ ਮੇਰੀ ਬੀਮਾਰੀ ਦਾ ਪਤਾ ਤਾਂ ਨਹੀਂ ਲੱਗ ਗਿਆ?
ਮਾਸੀ ਦੀ ਘੁਟਣ ਬਾਹਰ ਆਈ, ਬੇਟੀ, ਆਪਣੀ ਸਿਹਤ ਦਾ ਧਿਆਨ ਰੱਖੀਂ, ਕਿਤੇ ਤੇਰਾ ਸੁਫਨਾ ਅਧੂਰਾ ਨਾ ਰਹਿ ਜਾਵੇ।
ਕੋਈ ਖਾਸ ਗੱਲ ਨਹੀਂ ਹੈ। ਦਵਾਈ ਤਾਂ ਰੋਜ਼ ਪੀਂਦੀ ਆਂ।ਸੰਤੋ ਨੇ ਝੂਠ ਦਾ ਪੈਬੰਦ ਲਾਉਣ ਦੀ ਕੋਸ਼ਿਸ਼ ਕੀਤੀ।
ਸੱਚ ਕੁਝ ਹੋਰ ਹੀ ਸੀ। ਚੂੜੀਆਂ ਦੀ ਫੈਕਟਰੀ ਦੀ ਕੱਚ ਦੀ ਧੂੜ ਉਹਦੇ ਫੇਫੜਿਆਂ ਵਿਚ ਗਹਿਰੀ ਜੰਮ ਗਈ ਸੀ। ਉਹਨੂੰ ਲਗਦਾ ਕੱਚ ਦੇ ਬਰੀਕ ਟੁਕੜੇ ਉਹਦੇ ਅੰਗ-ਅੰਗ ਨੂੰ ਵਿਨ੍ਹੀਂ ਜਾ ਰਹੇ ਹਨ। ਨਾ ਤਾਂ ਉਹਨਾਂ ਨੂੰ ਉਹ ਕੱਢ ਸਕਦੀ ਹੈ ਤੇ ਨਾ ਹੀ ਸਹਿ ਸਕਦੀ ਹੈ।
ਡੂੰਘਾ ਸਾਹ ਛੱਡਦੇ ਹੋਏ ਮਾਸੀ ਨੇ ਸੁਝਾਅ ਦਿੱਤਾ, ਕੁਝ ਦਿਨ ਦੀ ਛੁੱਟੀ ਲੈ ਲੈ।
ਕਿਵੇਂ ਲੈ ਲਾਂ! ਚੂੜੀਆਂ ਦੀ ਕਾਂਟ-ਛਾਂਟ ’ਚ ਮੇਰੇ ਵਰਗਾ ਹੱਥ ਕਿਸੇ ਦਾ ਨਹੀਂ।ਸੰਤੋ ਦਾ ਜਵਾਬ ਸੀ, ਮਾਲਕ ਮੇਰੀ ਤਾਰੀਫ ਕਰਦੇ ਨਹੀਂ ਥੱਕਦੇ। ਮੈਨੂੰ ਮਜ਼ਦੂਰੀ ਦਿਨ ਦੇ ਹਿਸਾਬ ਨਾਲ ਮਿਲਦੀ ਐ, ਮਾਂ ਨੇ ਤਾਂ ਇਕ ਦਿਨ ਘਰ ਨਹੀਂ ਬਹਿਣ ਦੇਣਾ।
ਸੰਤੋ ਹੱਸਦੀ ਹੋਈ ਚਲੀ ਗਈ। ਪਰ ਉਹਦਾ ਹਾਸਾ ਛੇਤੀ ਹੀ ਖਤਮ ਹੋ ਗਿਆ। ਜ਼ਿੰਦਗੀ ਦੇ ਸੋਲ੍ਹਾਂ ਬਸੰਤ ਦੇਖਣ ਤੋਂ ਬਹੁਤ ਪਹਿਲਾਂ ਸਿਰਫ ਤੇਰ੍ਹਾਂ ਸਾਲ ਦੀ ਉਮਰ ਵਿਚ ਹੀ ਉਹਨੇ ਇਸ ਬੇਰਹਿਮ ਸਮਾਜ ਤੋਂ ਛੁਟਕਾਰਾ ਪਾ ਲਿਆ। ਜਿਉਂਦੇ ਜੀ ਉਹਦੀ ਖਾਹਿਸ਼ ਪੂਰੀ ਨਾ ਹੋ ਸਕੀ। ਮ੍ਰਿਤਕ ਦੇਹ ਨੂੰ ਚਿਤਾ ਉੱਤੇ ਰੱਖਦੇ ਸਮੇਂ ਲੋਕਾਂ ਨੇ ਦੇਖਿਆ ਉਹਦੇ ਹੱਥਾਂ ਵਿਚ ਮੀਨੇ ਵਾਲੀਆਂ ਦਰਜਨ ਭਰ ਲਾਲ-ਹਰੀਆਂ ਚੂੜੀਆਂ ਝਿਲਮਿਲਾ ਰਹੀਆਂ ਸਨ।
                                                 -0-

No comments: