ਆਕਾਂਕਸ਼ਾ ਯਾਦਵ
ਬਚਪਣ ਤੋਂ ਲਿਖੀਆਂ ਗਈਆਂ ਕਵਿਤਾਵਾਂ ਨੂੰ ਕਾਵਿ-ਸੰਗ੍ਰਹਿ ਦੇ ਰੂਪ ਵਿਚ ਛਪਵਾਉਣ ਦਾ ਮਾਲਤੀ ਨੂੰ ਬਹੁਤ ਚਾਅ ਸੀ। ਇਸ ਸਬੰਧੀ ਉਸ ਨੇ ਕਈ ਪ੍ਰਕਾਸ਼ਕਾਂ ਨਾਲ ਸੰਪਰਕ ਵੀ ਕੀਤਾ, ਪਰ ਨਿਰਾਸ਼ਾ ਹੀ ਹੱਥ ਲੱਗੀ। ਮਾਲਤੀ ਕਾਲਿਜ ਵਿਚ ਹਿੰਦੀ ਦੀ ਲੈਕਚਰਾਰ ਸੀ ਤੇ ਨਾਲ ਹੀ ਚੰਗੀ ਕਵਿੱਤਰੀ ਵੀ। ਕਾਫੀ ਕੋਸ਼ਿਸ਼ਾਂ ਮਗਰੋਂ ਇਕ ਪ੍ਰਕਾਸ਼ਕ ਨੇ ਮਾਲਤੀ ਦਾ ਕਾਵਿ-ਸੰਗ੍ਰਹਿ ਪ੍ਰਕਾਸ਼ਤ ਕਰ ਹੀ ਦਿੱਤਾ। ਪ੍ਰਕਾਸ਼ਕ ਨੇ ਮਾਲਤੀ ਦੇ ਕਾਲਿਜ ਦੇ ਹਾਲ ਵਿਚ ਹੀ ਪੁਸਤਕ ਨੂੰ ਰਿਲੀਜ ਕਰਨ ਦਾ ਪ੍ਰਬੰਧ ਵੀ ਕਰ ਦਿੱਤਾ।
ਅੱਜ ਕਾਲਿਜ ਦੇ ਕਈ ਕੁਲੀਗ ਸਵੇਰ ਤੋਂ ਹੀ ਮਾਲਤੀ ਨੂੰ ਪ੍ਰਕਾਸ਼ਕ ਅਤੇ ਮੰਤਰੀ ਜੀ ਵੱਲੋਂ ਉਸਦੇ ਸੰਗ੍ਰਹਿ ਦੀ ਪ੍ਰਸਤਾਵਿਤ ‘ਘੁੰਡ-ਚੁਕਾਈ’ ਦੀ ਰਸਮ ਲਈ ਵਧਾਈ ਦੇ ਰਹੇ ਸਨ। ਮਾਲਤੀ ਦਾ ਮਨ ਨਹੀਂ ਸੀ ਕਿ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਮੰਤਰੀ ਜੀ ਕਰਨ। ਉਹ ਚਾਹੁੰਦੀ ਸੀ ਕਿ ਇਹ ਰਸਮ ਕਿਸੇ ਵੱਡੇ ਸਾਹਿਤਕਾਰ ਵੱਲੋਂ ਨਿਭਾਈ ਜਾਵੇ ਤਾਕਿ ਸਾਹਿਤ-ਜਗਤ ਵਿਚ ਉਸਦੇ ਪ੍ਰਵੇਸ਼ ਨੂੰ ਗੰਭੀਰਤਾ ਨਾਲ ਲਿਆ ਜਾਵੇ। ਨਾਲ ਹੀ ਇਸ ਸੰਗ੍ਰਹਿ ਬਾਰੇ ਚੰਗੀ ਚਰਚਾ ਵੀ ਹੋ ਸਕੇ। ਪਰ ਪ੍ਰਕਾਸ਼ਕ ਨੇ ਉਸਨੂੰ ਸਮਝਾਇਆ ਕਿ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਮੰਤਰੀ ਜੀ ਵੱਲੋਂ ਹੋਣ ਤੇ ਪੁਸਤਕ ਦੀ ਵਿਕਰੀ ਜ਼ਿਆਦਾ ਹੋਵੇਗੀ। ਲਾਇਬ੍ਰਰੀਆਂ ਅਤੇ ਸਰਕਾਰੀ ਸੰਸਥਾਵਾਂ ਵਿਚ ਮੰਤਰੀ ਜੀ ਪੁਸਤਕ ਨੂੰ ਸਿੱਧੇ ਲੁਵਾ ਵੀ ਸਕਦੇ ਹਨ। ਅਗਾਂਹ ਇਸ ਨਾਲ ਲਾਭ ਹੀ ਲਾਭ ਹੋਵੇਗਾ।
ਆਪਣੇ ਰੁਝੇਵਿਆਂ ਵਿੱਚੋਂ ਥੋਡ਼ਾ ਸਮਾ ਕੱਢ ਕੇ ਮੰਤਰੀ ਜੀ ਸ਼ਾਮ ਨੂੰ ਤਿੰਨ ਘੰਟੇ ਦੇਰੀ ਨਾਲ ਪਹੁੰਚੇ। ਮੰਤਰੀ ਜੀ ਦੇ ਪਹੁੰਚਦੇ ਹੀ ਹਲਚਲ ਸ਼ੁਰੂ ਹੋ ਗਈ। ਮੀਡੀਆ ਵਾਲੇ ਫਲੈਸ਼ ਚਮਕਾਉਣ ਲੱਗੇ। ਮੰਤਰੀ ਜੀ ਨੇ ਮਾਲਤੀ ਦੀ ਪੁਸਤਕ ਦੀ ‘ਘੁੰਡ-ਚੁਕਾਈ’ ਦੀ ਰਸਮ ਅਦਾ ਕੀਤੀ। ਦਰਸ਼ਕਾਂ ਦੀਆਂ ਜ਼ੋਰਦਾਰ ਤਾਡ਼ੀਆਂ ਵਿਚਕਾਰ ਮਾਲਤੀ ਨੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਬਡ਼ੇ ਉਤਸਾਹ ਨਾਲ ਆਪਣੀ ਪੁਸਤਕ ਦੀਆਂ ਪ੍ਰਤੀਆਂ ਭੇਂਟ ਕੀਤੀਆਂ। ਆਪਣੇ ਪਹਿਲੇ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਕ ਤੋਂ ਮਾਲਤੀ ਬਹੁਤ ਖੁਸ਼ ਸੀ।
ਮੰਤਰੀ ਜੀ ਨੇ ‘ਘੁੰਡ-ਚੁਕਾਈ’ ਦੀ ਰਸਮ ਤੋਂ ਬਾਦ ਹਾਜ਼ਰ ਲੋਕਾਂ ਨੂੰ ਲੰਮਾ ਭਾਸ਼ਣ ਦਿੱਤਾ। ਮਾਲਤੀ ਸੋਚ ਰਹੀ ਸੀ ਕਿ ਮੰਤਰੀ ਜੀ ਉਸ ਨੂੰ ਪੁਸਤਕ ਲਈ ਵਧਾਈ ਦੇਣਗੇ। ਪਰ ਮੰਤਰੀ ਜੀ ਤਾਂ ਆਪਣੇ ਗੁਣਗਾਣ ਵਿਚ ਹੀ ਲੱਗੇ ਰਹੇ। ਭਾਸ਼ਣ ਮਗਰੋਂ ਮੰਤਰੀ ਜੀ ਬਾਹਰ ਨਿਕਲ ਗਏ। ਮੰਤਰੀ ਜੀ ਜਾਂ ਉਹਨਾਂ ਦੇ ਸਟਾਫ ਨੇ ਮਾਲਤੀ ਦੀ ਪੁਸਤਕ ਨੂੰ ਨਾਲ ਲਿਜਾਣ ਦੀ ਖੇਚਲ ਵੀ ਨਹੀਂ ਕੀਤੀ।
ਮਾਲਤੀ ਉਸ ਹਾਲ ਵਿਚ ਇਕੱਲੀ ਰਹਿ ਗਈ ਸੀ। ਉਸਨੇ ਚਾਰੇ ਪਾਸੇ ਦੇਖਿਆ। ਉਸਨੇ ਖੱਦਰਧਾਰੀਆਂ ਨੂੰ ਬਡ਼ੇ ਉਤਸਾਹ ਨਾਲ ਆਪਣੀ ਪੁਸਤਕ ਦੀਆਂ ਜੋ ਪ੍ਰਤੀਆਂ ਭੇਂਟ ਕੀਤੀਆ ਸਨ, ਉਹ ਸਭ ਕੁਰਸੀਆਂ ਉੱਪਰ ਪਈਆਂ ਸਨ। ਕੁਝ ਪੁਸਤਕਾਂ ਤਾਂ ਹੇਠਾਂ ਜ਼ਮੀਨ ਉੱਤੇ ਡਿੱਗੀਆਂ ਹੋਈਆਂ ਸਨ। ਉਹਦੇ ਕੰਨਾਂ ਵਿਚ ਪ੍ਰਕਾਸ਼ਕ ਦੇ ਸ਼ਬਦ ਗੂੰਜ ਰਹੇ ਸਨ ਕਿ ਮੰਤਰੀ ਜੀ ਹੱਥੋਂ ‘ਘੁੰਡ-ਚੁਕਾਈ’ ਦੀ ਰਸਮ ਹੋਣ ਤੇ ਪੁਸਤਕ ਦੀ ਵਿਕਰੀ ਜ਼ਿਆਦਾ ਹੋਵੇਗੀ।
-0-
No comments:
Post a Comment