Monday, December 20, 2010

ਹਿੰਦੀ/ਪਾਲਣਹਾਰ


ਚੇਤਨਾ ਭਾਟੀ

ਫਾਰਮ ਹਾਊਸ ਦੇ ਚੌਕੀਦਾਰ ਦੀ ਪਤਨੀ ਦਾ ਵਧਿਆ ਹੋਇਆ ਪੇਟ ਦੇਖ ਕੇ ਸਾਹਬ ਵਰ੍ਹ ਪਏ, ਇਹ ਕੀ, ਇਕ ਹੋਰ ਬੱਚਾ! ਲਾਈਨ ਲਾਈ ਜਾ ਰਿਹੈ ਸਾਲਾ, ਖੁਆਊਗਾ ਕਿੱਥੋਂ? ਪਾਲੂਗਾ ਕਿਵੇਂ?
ਮੇਮ ਸਾਹਬ ਨੇ ਹੌਲੇ ਜਿਹੇ ਸ਼ਾਂਤ ਕੀਤਾ, ਇਹ ਉਹਦਾ ਨਿਜੀ ਮਾਮਲਾ ਐ।
ਠੀਕ ਐ, ਪਰ…ਸਾਹਬ ਹੈਰਾਨੀ ਭਰਿਆ ਗੁੱਸਾ ਪੀ ਕੇ ਚੁੱਪ ਕਰ ਗਏ।
ਕੁਝ ਦਿਨਾਂ ਬਾਦ ਸਾਹਬ ਤੇ ਮੇਮ ਸਾਹਬ ਫਿਰ ਫਾਰਮ ਹਾਊਸ ਗਏ। ਚੌਕਾਦਾਰ ਦੇ ਘਰ ਬੱਚੇ ਦਾ ਜਨਮ ਹੋ ਚੁੱਕਾ ਸੀ।
ਚੌਕੀਦਾਰ ਨੇ ਆਪਣੇ ਪਹਿਲੇ ਬੱਚੇ ਨੂੰ ਕਿਹਾ, ਜਾ ਸਾਬ ਔਰ ਮੇਮ ਸਾਬ ਕੇ ਲਿਏ ਪਾਣੀ ਲੇ ਕੇ ਆ।
ਬੱਚਾ ਪਾਣੀ ਲੈਣ ਜਾ ਰਿਹਾ ਸੀ। ਇੱਧਰ ਉਹ ਸਾਹਬ ਨੂੰ ਕਹਿ ਰਿਹਾ ਸੀ, ਸਾਬਜੀ, ਰਾਮਡ਼ੇ ਕੋ ਆਪ ਅਪਣੇ ਸਾਥ ਲੇ ਜਾਓ, ਘਰ ਕਾ ਕਾਮ ਕਰੇਗਾ।
ਕੰਮ ਕਰੇਗਾ! ਓਏ, ਅਜੇ ਉਹ ਛੋਟਾ ਐ, ਸਿਰਫ ਪੰਜ ਸਾਲ ਦਾ ਈ ਐ।ਸਾਹਬ ਹੈਰਾਨ ਸਨ।
ਕਾਯਕਾ ਛੋਟਾ ਸਾਬਜੀ, ਛਟੇ ਮੇਂ ਚਲ ਰਿਓ ਐ।ਚੌਕੀਦਾਰ ਬੋਲਿਆ।
ਫਿਰ ਕਦੇ ਦੇਖਾਂਗੇ।ਗੱਲ ਟਾਲਦੇ ਹੋਏ ਮੇਮ ਸਾਹਬ ਬੋਲੀ। ਫਿਰ ਵਿਅੰਗ ਨਾਲ ਮੁਸਕਰਾਉਂਦੇ ਹੋਏ ਸਾਹਬ ਦੀਆਂ ਅੱਖਾਂ ਵਿਚ ਦੇਖਣ ਲੱਗੀ ਜਿਵੇਂ ਕਹਿ ਰਹੀ ਹੋਵੇ ਕਿ‘ਬਹੁਤ ਚਿੰਤਾ ਸੀ ਨਾ ਤੁਹਾਨੂੰ ਕਿ ਪਾਲੂਗਾ ਕਿਵੇਂ? ਲਓ, ਪਲ ਗਿਆ। ਬੱਸ ਇਤਨਾ ਹੀ ਕਰਦੇ ਨੇ ਇਹ।
                                                   -0-

No comments: