Monday, July 27, 2015

ਹਿੰਦੀ/ ਹਨੇਰੇ ਦੇ ਖਿਲਾਫ



ਰਾਜਿੰਦਰ ਵਾਮਨ ਕਾਟਦਰੇ

ਪਤਨੀ ਦੀ ਬੀਮਾਰੀ, ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਤੇ ਕਈ ਮਹੀਨਿਆਂ ਤੋਂ ਰੁਕੀ ਤਨਖਾਹ। ਉਸਦਾ ਮਨੋਬਲ ਟੁੱਟਣਾ ਸੁਭਾਵਿਕ ਸੀ। ਬਹੁਤ ਸੋਚ-ਵਿਚਾਰ ਮਗਰੋਂ ਉਹ ਜ਼ਹਿਰ ਦੀਆਂ ਗੋਲੀਆਂ ਲੈ ਆਇਆ। ਸੋਚਿਆ, ਗੋਲੀਆਂ ਨੂੰ ਦੁੱਧ ਵਿਚ ਮਿਲਾ ਦੇਵੇਗਾ। ਫਿਰ  ਪਤਨੀ ਤੇ ਬੇਟੀ ਦੇ ਨਾਲ ਦੁੱਧ ਆਪ ਵੀ ਪੀ ਲਵੇਗਾ। ਉਹਨੂੰ ਪਤਨੀ ਤੇ ਬੇਟੀ ਤੇ ਤਰਸ ਵੀ ਆਇਆ, ਜੋ ਉਸਦੇ ਖਤਰਨਾਕ ਇਰਾਦੇ ਤੋਂ ਪੂਰੀ ਤਰ੍ਹਾਂ ਅਨਜਾਣ ਸਨ।
ਰਾਤ ਦੇ ਸਾਢੇ-ਨੌ ਵੱਜਣ ਵਾਲੇ ਸਨ। ਮੀਂਹ ਵਰ੍ਹ ਰਿਹਾ ਸੀ। ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੇ ਚੱਲਣ ਕਾਰਨ ਵਾਤਾਵਰਨ ਬੋਝਲ ਹੋ ਗਿਆ ਸੀ। ਬਸ ਕੁਝ ਸਮਾਂ ਹੋਰ, ਫਿਰ ਸਾਰੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ, ਉਸਨੇ ਸੋਚਿਆ ਤੇ ਦੁੱਧ ਨੂੰ ਗੈਸ ਸਟੋਵ ਉੱਤੇ ਗਰਮ ਕਰਨ ਲਈ ਰੱਖ ਦਿੱਤਾਉਹਨੇ ਖੰਡ ਦੇ ਨਾਲ ਗੋਲੀਆਂ ਵੀ ਦੁੱਧ ਵਿੱਚ ਪਾ ਦਿੱਤੀਆਂ। ਤਦੇ ਅਚਾਨਕ ਬਿਜਲੀ ਚਲੀ ਗਈ।
ਸ਼ਿੱਟ-ਸ਼ਿੱਟ”, ਉਸਨੇ ਝੱਲਾਉਂਦੇ ਹੋਏ ਮੋਮਬੱਤੀ ਜਲਾਈ ਜਿਹੜੀ ਤੇਜ਼ ਹਵਾ ਕਾਰਨ ਤੁਰੰਤ ਬੁਝ ਗਈ।। ਉਸਨੇ ਮੋਮਬੱਤੀ ਫਿਰ ਜਲਾਈ। ਇਸ ਵਾਰ ਕੋਲ ਖੜੀ ਉਸ ਦੀ ਧੀ ਰਿਚਾ ਆਪਣੇ ਨਿੱਕੇ-ਨਿੱਕੇ ਹੱਥਾਂ ਦੀ ਓਟ ਕਰਕੇ ਮੋਮਬੱਤੀ ਨੂੰ ਬੁਝਣ ਤੋਂ ਰੋਕਣ ਲਈ ਭਰਪੂਰ ਉਪਰਾਲਾ ਕਰਨ ਲੱਗੀ। ਕੁਝ ਛਿਣ ਉਹ ਅਵਾਕ ਖੜਾ ਆਪਣੀ ਧੀ ਦੇ ਉਪਰਾਲੇ ਨੂੰ  ਦੇਖਦਾ ਰਿਹਾ। ਫਿਰ ਜ਼ਹਿਰ ਮਿਲੇ ਦੁੱਧ ਨੂੰ ਨਾਲੀ ਵਿੱਚ ਰੋੜ੍ਹ, ਉਹ ਵੀ ਹਨੇਰੇ ਦੇ ਖਿਲਾਫ਼ ਜੰਗ ਵਿਚ ਸ਼ਾਮਿਲ ਹੋ ਗਿਆ।
                                       -0-


No comments: