Monday, July 13, 2015

ਹਿੰਦੀ/ ਜੰਗਲੀ ਸੂਰ



ਵਿਕਰਮ ਸੋਨੀ
ਜੰਗਲ ਪਾਣੀ ਤੋਂ ਵਾਪਿਸ ਹੋ ਕੇ ਪੰਡਿਤ ਰਾਮ ਦਿਆਲ ਅਤੇ ਰਘੁਨਾਥ ਚੌਬੇ ਮੁ ਰਹੇ ਸਨ ਕਿ ਰਾਹ ਵਿਚ ਹੀ ਡਾਕੀਆ ਚਿੱਠੀ ਫੜਾ ਕੇ ਚਲਾ ਗਿਆ। ਹੱਥ ਵਿਚ ਚਿੱਠੀ ਫੜੀ ਦੋਵੇਂ ਇਕ ਦੂਜੇ ਦਾ ਮੂੰਹ ਦੇਖਣ ਲੱਗੇ। ਚੌਬੇ ਬੋਲਿਆ, ਪੰਡਤ ਜੀ, ਚਲੋ ਚੱਪਣੀ ’ਚ ਨੱਕ ਡੁਬੋ ਕੇ ਮਰ ਜਾਈਏ। ਅਸੀਂ ਕਹਾਉਂਦੇ ਆਂ ਪੰਡਤ, ਪਰ ਕਾਗਜ਼ ਦਾ ਚਿਹਰਾ ਤੱਕ ਨਹੀਂ ਪੜ੍ਹ ਸਕਦੇ। ਫਿੱਟੇ ਲਾਹਨਤ ਐ ਸਾਡੀ ਪੰਡਤਾਈ ਦੇ।
ਪਤਾ ਨਹੀਂ ਪੁੱਤਰ ਦੀ ਚਿੱਠੀ ਐ, ਬਹੂ ਦੀ ਐ, ਕੁੜਮਾਂ ਦੀ ਐ ਜਾਂ ਰਿਸ਼ਤੇਦਾਰੀ ’ਚੋਂ? ਡਾਕੀਆ ਵੀ ਸਹੁਰਾ ਕਾਰਡ ਫੜਾ ਕੇ ਚਲਾ ਗਿਆ, ਹੁਣ ਕਿਸ ਤੋਂ ਪੜ੍ਹਾਈਏ?
ਤਦੇ ਸ਼ਹਿਰ ਵੱਲੋਂ ਬਿੱਸੂ ਚਮਿਆਰ ਦਾ ਮੁੰਡਾ ਝੋਲਾ ਟੰਗੀ ਆਉਂਦਾ ਦਿਸਿਆ। ਪੰਡਿਤ ਰਾਮ ਦਿਆਲ ਨੇ ਉਹਨੂੰ ਨੇੜੇ ਬੁਲਾ ਕੇ ਪੁੱਛਿਆ, ਪੁੱਤਰ, ਤੂੰ ਸ਼ਹਿਰ ’ਚ ਪੜ੍ਹਦਾ ਐ ਨਾ? ਲੈ ਇਹ ਕਾਰਡ ਪੜ੍ਹ ਦੇ।
ਬਿੱਸੂ ਦੇ ਪੁੱਤਰ ਨੇ ਚਿੱਠੀ ਪੜ੍ਹਕੇ ਸੁਣਾ ਦਿੱਤੀ। ਰਾਮ ਦਿਆਲ ਖੁਸ਼ੀ ਵਿਚ ਬੁੜਕ ਪਿਆ। ਉਸਦਾ ਬੇਟਾ ਮੈਟ੍ਰਿਕ ਪਾਸ ਕਰਕੇ ਅਗਲੇ ਦਿਨ ਪਿੰਡ ਆ ਰਿਹਾ ਸੀ। ਹੁਣ ਉਹਨਾਂ ਦੇ ਘਰ ਵੀ ਕੋਈ ਪੜ੍ਹਿਆ-ਲਿਖਿਆ ਹੋਵੇਗਾ। ਚਿੱਠੀ ਫੜਾ ਕੇ ਬਿੱਸੂ ਚਮਿਆਰ ਦਾ ਮੁੰਡਾ ਅਜੇ ਵੀਹ ਕੁ ਕਦਮ ਹੀ ਅੱਗੇ ਵਧਿਆ ਹੋਵੇਗਾ ਕਿ ਚੌਬੇ ਆਪਣੀ ਗਵੀ ਹੱਥ ਉੱਪਰ ਮਾਰਦਾ ਹੋਇਆ ਬੋਲਿਆ, ਪੰਡਤ ਜੀ, ਫਿੱਟੇ ਲਾਹਨਤ ਐ ਸਾਡੀ ਕੌਮ ਦੇ। ਪੰਡਤਾਂ ਦੀ ਚਿੱਠੀ ਚਮਿਆਰ ਪੜ੍ਹੇ! ਇਹਦੀ ਏਨੀ ਹਿੰਮਤ…
ਅਤੇ ਦੋਹਾਂ ਨੇ ਬਿੱਸੂ ਚਮਿਆਰ ਦੇ ਮੁੰਡੇ ਨੂੰ ਗਵੀਆਂ ਨਾਲ ਮਾਰ ਮਾਰ ਕੇ ਉੱਥੇ ਹੀ ਖਤਮ ਕਰ ਦਿੱਤਾ।
                                       -0-



No comments: