Monday, July 20, 2015

ਹਿੰਦੀ/ ਸਰਸਵਤੀ-ਪੁੱਤਰ



ਜਗਦੀਸ਼ ਕਸ਼ਿਅਪ

ਕੀ ਤੂੰ ਮੇਰੀ ਕੁੜੀ ਨੂੰ ਸੁਖੀ ਰੱਖ ਸਕੇਂਗਾ?
ਇਹ ਗੱਲ ਤੁਸੀਂ ਆਪਣੀ ਕੁੜੀ ਨੂੰ ਪੁੱਛੋ।ਤੇ ਕਵੀ ਨੇ ਆਪਣੇ ਮੁਰਝਾਏ ਚਿਹਰੇ ਉੱਪਰਲੀ ਦਾੜ੍ਹੀ ਉੱਤੇ ਹੱਥ ਫੇਰਿਆ।
ਮੈਂ ਤੇਰੇ ਨਾਲ ਬਹੁਤ ਨਫ਼ਰਤ ਕਰਦਾ ਹਾਂ…।ਪ੍ਰੇਮਿਕਾ ਦੇ ਪਿਤਾ ਨੇ ਉਸਨੂੰ ਘੂਰਦੇ ਹੋਏ ਕਿਹਾ। ਉਸਦੇ ਟੁੱਟੇ ਬਟਨਾਂ ਵਾਲੇ ਕੁੜਤੇ ਵਿੱਚੋਂ ਛਾਤੀ ਤੋਂ ਬਾਹਰ ਝਾਕ ਰਹੇ ਵਾਲਾਂ ਨੂੰ ਦੇਖਕੇ ਉਹ ਹੋਰ ਗੁੱਸਾ ਖਾ ਗਿਆ, ਓਏ ਲੀਚੜ ਆਦਮੀ! ਵਿਆਹ ਵਾਲੀ ਗੱਲ ਤੂੰ ਸੋਚ ਕਿਵੇਂ ਲਈ?
ਕੀ ਇਹੀ ਕੁਝ ਕਹਿਣ ਲਈ ਤੁਸੀਂ ਮੈਂਨੂੰ ਇੱਥੇ ਬੁਲਾਇਆ ਸੀ?
ਏਨੇ ਵਿੱਚ ਪ੍ਰੇਮਿਕਾ ਦੋ ਕੱਪ ਚਾਹ ਲਿਆਈ ਅਤੇ ਮੇਜ ਉੱਤੇ ਰੱਖ ਕੇ ਚਲੀ ਗਈ। ਜਾਂਦੇ ਹੋਏ ਉਹਨੇ ਮੁਸਕਰਾਉਂਦੇ ਹੋਏ ਚੋਰੀ-ਚੋਰੀ ਪ੍ਰੇਮੀ ਵੱਲ ਦੇਖਿਆ, ਪਰ ਉਹ ਸਿਰ ਝੁਕਾਈ ਬੈਠਾ ਰਿਹਾ। ਪ੍ਰੇਮਿਕਾ ਦਾ ਪਿਤਾ ਗੁੱਸੇ ਵਿੱਚ ਉਸ ਫਟੇਹਾਲ ਨੌਜਵਾਨ ਕਵੀ ਨੂੰ ਇੰਜ ਘੂਰ ਰਿਹਾ ਸੀ ਜਿਵੇਂ ਉਸ ਨੂੰ ਕੱਚਾ ਚਬਾ ਜਾਵੇਗਾ।
ਚੰਗਾ, ਚਾਹ ਲੈ।ਪਤਾ ਨਹੀਂ ਕਿਉਂ, ਸੁੰਦਰ ਕੁੜੀ ਦਾ ਪਿਉ ਅਚਾਨਕ ਨਰਮ ਪੈ ਗਿਆ।
ਬੇਇੱਜ਼ਤ ਨੌਜਵਾਨ ਲੇਖਕ ਨੇ ਚਾਹ ਦਾ ਕੱਪ ਚੁੱਕਿਆ ਤੇ ਹੌਲੀ-ਹੌਲੀ ਸਿੱਪ ਕਰਨ ਲੱਗਾ।
ਇਸ ਦੌਰਾਨ ਜਵਾਨ ਕੁੜੀ ਦੇ ਪਿਉ ਨੇ ਕਈ ਮਹੱਤਵਪੂਰਨ ਫੈਸਲੇ ਲੈ ਲਏ ਸਨ। ਇਸਲਈ ਉਹ ਬੋਲਿਆ, ਕਹੇ ਤਾਂ ਤੇਰੀ ਨੌਕਰੀ ਲਈ ਟ੍ਰਾਈ ਕਰਾਂ?
ਇਹ ਸੁਣਕੇ ਪੋਸਟ-ਗ੍ਰੈਜੁਏਟ ਬੇਰੁਜ਼ਗਾਰ ਚੌਂਕ ਪਿਆ।
ਪਰ ਤੈਨੂੰ ਮੇਰੀ ਕੁੜੀ ਨੂੰ ਭੁੱਲ ਜਾਣਾ ਹੋਵੇਗਾ।
ਸ਼ਰਤ ਵਾਲੀ ਗੱਲ ਉੱਤੇ ਕਵੀ ਚੁੱਪ ਰਿਹਾ ਤੇ ਨਮਸਕਾਰ ਕਰਕੇ ਚਲਾ ਗਿਆ।
ਉਸ ਕਮਜ਼ੋਰ ਨੌਜਵਾਨ ਵਿੱਚ ਅਜਿਹਾ ਕੀ ਸੀ ਜੋ ਉਹਦੀ ਧੀ ਨੇ ਜ਼ਹਿਰ ਖਾਣ ਦੀ ਧਮਕੀ ਦੇ ਦਿੱਤੀ ਸੀਸਪੱਸ਼ਟ ਹੈ ਕਿ ਉਹ ਉਸਦੀ ਕਲਮ ਤੇ ਮਰ ਮਿਟੀ ਸੀ।
ਹੂੰ…ਕੁੜੀ ਦੇ ਪਿਤਾ ਨੇ ਖੁਦ ਨੂੰ ਕਿਹਾ, ਪਰਮਾਤਮਾ ਵੀ ਕੈਸੇ-ਕੈਸੇ ਲੀਚੜਾਂ ਨੂੰ ਲਿਖਣ ਦੀ ਤਾਕਤ ਦੇ ਦਿੰਦਾ ਹੈ!
ਉੱਧਰ ਕਵੀ ਸਾਰੀ ਰਾਤ ਖੁਦ ਨੂੰ ਸਮਝਾਉਂਦਾ ਰਿਹਾ ਕਿ ਉਹ ਸ਼ਰਤ ਵਾਲੀ ਨੌਕਰੀ ਕਦੇ ਪਰਵਾਨ ਨਹੀਂ ਕਰੇਗਾ
…ਤੇ ਉਹ ਆਤਮ ਨਿਰਭਰ ਹੋਣ ਤਕ ਉਸ ਕੁੜੀ ਨਾਲ ਵਿਆਹ ਵੀ ਨਹੀਂ ਕਰੇਗਾ।
                                       -0-


No comments: