ਰਾਜੇਂਦਰ ਦੇਵਧਰੇ ‘ਦਰਪਣ’
ਮੰਦਰ ਦੀਆਂ ਪੌੜੀਆਂ ਵਿਚ ਥੱਕ ਕੇ ਬੈਠੀ ਬਜ਼ੁਰਗ ਸ਼ਾਂਤੀਦੇਵੀ ਨੇ ਮਨੋਰਮਾ ਨੂੰ ਗੱਲਾਂ ਹੀ ਗੱਲਾਂ ਵਿਚ ਪੁੱਛ ਲਿਆ, “ਭੈਣ, ਤੇਰੇ ਕਿੰਨੇ ਪੁੱਤਰ ਹਨ?”
ਮਨੋਰਮਾ ਨੇ ਸੰਤੁਸ਼ਟੀ ਦੇ ਭਾਵ ਨਾਲ ਕਿਹਾ, “ਪੁੱਤਰ ਤਾਂ ਨਹੀਂ, ਪਰ ਇਕ ਧੀ ਜ਼ਰੂਰ ਐ। ਪੜ੍ਹਾਉਣ-ਲਿਖਾਉਣ ਮਗਰੋਂ ਉਸ ਦਾ ਵਿਆਹ ਕਰ ਦਿੱਤਾ। ਉਹ
ਆਪਣੇ ਪਰਿਵਾਰ ’ਚ ਖੁਸ਼ ਐ। ਮੇਰੀ ਦੇਖ ਭਾਲ ਵੀ ਉਹੀ ਕਰਦੀ ਐ।…ਭੈਣ ਤੂੰ ਨਹੀਂ ਦੱਸਿਆ, ਤੇਰੇ ਕਿੰਨੇ ਬੱਚੇ ਨੇ?”
ਸ਼ਾਂਤੀ ਦੇਵੀ ਨੇ ਡੂੰਘਾ ਸਾਹ ਛੱਡਦੇ ਹੋਏ ਕਿਹਾ, “ਭੈਣ, ਇਕ
ਪੁੱਤਰ ਐ। ਉਹਨੂੰ ਬੜੇ ਲਾਡ-ਪਿਆਰ ਨਾਲ ਪਾਲਿਆ। ਉਹਦੀ ਹਰ ਜਿੱਦ ਪੂਰੀ ਕੀਤੀ। ਬਾਪ ਦੇ ਗੁਜ਼ਰਨ
ਮਗਰੋਂ ਉਨ੍ਹਾਂ ਦੀ ਥਾਂ ਤੇ ਨੌਕਰੀ ਮਿਲ ਗਈ। ਹੁਣ ਉਹ ਆਪਣੀ ਅੱਡ ਗਰਿਸਤੀ ਵਸਾ ਕੇ ਮੌਜ ਨਾਲ ਰਹਿ
ਰਿਹੈ।”
“ਤੇਰੀ ਕੋਈ ਧੀ ਨਹੀਂ ਹੈ?”
“ਧੀ!” ਕਹਿੰਦੇ ਹੋਏ ਸ਼ਾਂਤੀਦੇਵੀ ਦੇ ਚਿਹਰੇ ਤੇ ਗਹਿਰੀ ਪੀੜ ਦੇ
ਭਾਵ ਉੱਭਰ ਆਏ, “…ਧੀ ਤਾਂ ਸੀ, ਬਹੁਤ ਪਿਆਰੀ, ਪਰ
ਪੁੱਤਰ ਦੇ ਜਨਮ ਮਗਰੋਂ ਉਹ ਅਨਗੌਲੀ ਰਹਿ ਗਈ। ਲਾਪਰਵਾਹੀ ਕਾਰਨ ਬਚਪਨ ’ਚ ਈ ਬੀਮਾਰ ਹੋਈ ਤੇ ਸਾਨੂੰ
ਛੱਡ ਕੇ ਚਲੀ ਗਈ।…ਜੇ ਮੈਂ ਧੀ-ਪੁੱਤਰ ਵਿਚ ਫਰਕ ਨਾ ਕੀਤਾ ਹੁੰਦਾ ਤਾਂ ਅੱਜ…”
-0-